ਬਦਲੇ ਸਿਆਸੀ ਸਮੀਕਰਣ, ਅਕਾਲੀ ਦਲ ਦਾ ਬਸਪਾ ਨਾਲ ਹੋ ਸਕਦਾ ਗਠਜੋੜ !

TeamGlobalPunjab
3 Min Read

– ਬਿੰਦੂ ਸਿੰਘ

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਨਹੁੰ ਮਾਸ ਦਾ ਰਿਸ਼ਤਾ (ਗਠਜੋੜ) ਟੁੱਟਣ ਤੋਂ ਬਾਅਦ ਪੰਜਾਬ ਦੇ ਸਿਆਸੀ ਸਮੀਕਰਣ ਬਦਲਣ ਲੱਗੇ ਹਨ। ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਪਾਰਟੀ ਦੇ ਪੰਜਾਬ ਆਗੂਆਂ ਨਾਲ ਮੀਟਿੰਗ ਕਰਕੇ ਪੰਜਾਬ ਦੇ ਰਾਜਸੀ ਹਾਲਾਤਾਂ ਦਾ ਜਾਇਜ਼ਾ ਲਿਆ ਹੈ। ਇਸੇ ਤਰ੍ਹਾਂ ਬਸਪਾ ਦੀ ਸੂਬਾਈ ਕਮੇਟੀ ਨੇ ਅਗਲੀ ਰਣਨੀਤੀ ਬਣਾਉਣ ਲਈ 2 ਅਕਤੂਬਰ ਨੂੰ ਮੀਟਿੰਗ ਤੈਅ ਕੀਤੀ ਹੈ।

ਸੂਤਰ ਦੱਸਦੇ ਹਨ ਕਿ ਅਕਾਲੀ ਦਲ ਵਿਧਾਨ ਸਭਾ ‘ਚ ਪ੍ਰਵੇਸ਼ ਕਰਨ ਦੀ ਵਿਉਂਤਬੰਦੀ ਤਹਿਤ ਬਹੁਜਨ ਸਮਾਜ ਪਾਰਟੀ ਨਾਲ ਸਿਆਸੀ ਸਾਂਝ ਪਾਉਣ ਦੇ ਰੋਅ ਵਿਚ ਹੈ। ਸੂਤਰਾ ਮੁਤਾਬਕ ਅਕਾਲੀ ਦਲ ਨੇ ਸਿਆਸੀ ਗਿਣਤੀਆਂ ਮਿਣਤੀਆਂ ਕਰਨ ਤੋਂ ਬਾਅਦ ਹੀ ਭਾਜਪਾ ਨਾਲ ਪਿਛਲੇ ਢਾਈ ਦਹਾਕੇ ਤੋਂ ਚੱਲੇ ਆ ਰਹੇ ਗਠਜੋੜ ਨੂੰ ਤੋੜਿਆ ਹੈ।

ਉਧਰ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਨੇ ਵੀ ਅਕਾਲੀ ਭਾਜਪਾ ਗਠਜੋੜ ਟੁੱਟਣ ਤੋਂ ਬਾਅਦ ਸਿਆਸੀ ਅੰਗੜਾਈਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬਹੁਜਨ ਸਮਾਜ ਪਾਰਟੀ ਦੇ ਸੂਬਾਈ ਪ੍ਰਧਾਨ ਜਸਬੀਰ ਸਿੰਘ ਗੜੀ, ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਰਣਧੀਰ ਸਿੰਘ ਬੈਣੀਵਾਲ, ਵਿਪਲ ਕੁਮਾਰ ਤੇ ਕੁੱਝ ਆਗੂਆਂ ਨੇ ਪੰਜਾਬ ਦੇ ਬਦਲੇ ਸਿਆਸੀ ਹਾਲਾਤਾਂ ਦੇ ਮੱਦੇਨਜ਼ਰ ਦਿੱਲੀ ਵਿਖੇ ਬਸਪਾ ਮੁਖੀ ਤੇ ਉਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਦੇ ਨਿਵਾਸ ‘ਤੇ ਮੀਟਿੰਗ ਕੀਤੀ।

- Advertisement -

ਬਸਪਾ ਆਗੂਆਂ ਨੇ ਕੁਮਾਰੀ ਮਾਇਆਵਤੀ ਨੂੰ ਪੰਜਾਬ ਦੇ ਸਿਆਸੀ ਹਾਲਾਤ ਤੋਂ ਜਾਣੂ ਕਰਵਾਇਆ ਹੈ। ਭਵਿੱਖ ਵਿਚ ਕਿਸੀ ਵੀ ਪਾਰਟੀ ਨਾਲ ਸਮਝੌਤਾ ਕਰਨ ਦੇ ਅਧਿਕਾਰ ਪਾਰਟੀ ਮੁਖੀ ਮਾਇਆਵਤੀ ਨੂੰ ਦੇ ਦਿੱਤੇ ਗਏ ਹਨ। ਪਾਰਟੀ ਦੇ ਪ੍ਰਧਾਨ ਜਸਬੀਰ ਸਿੰਘ ਗੜੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਰਣਧੀਰ ਸਿੰਘ ਬੈਣੀਵਾਲ ਨੇ ਦਿੱਲੀ ਵਿਖੇ ਮੀਟਿੰਗ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੰਜਾਬ ਦੇ ਸਿਆਸੀ ਗਠਜੋੜ ਬਾਰੇ ਸਾਰੇ ਅਧਿਕਾਰ ਕੁਮਾਰੀ ਮਾਇਆਵਤੀ ਨੂੰ ਦਿੱਤੇ ਗਏ ਹਨ।

ਗੜੀ ਨੇ ਅਕਾਲੀ ਦਲ ਵਲੋਂ ਰਾਸ਼ਟਰੀ ਜਮਹੂਰੀਅਤ ਗਠਜੋੜ (ਐਨਡੀਏ) ਨਾਲ ਗਠਜੋੜ ਤੋੜ੍ਹਨ ਦਾ ਅਕਾਲੀ ਦਲ ਦੇ ਫੈਸਲੇ ਦਾ ਸਵਾਗਤ ਕਰਦਿਆ ਕਿਹਾ ਕਿ ਅਕਾਲੀ ਦਲ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨਾਲ ਕਿਸਾਨ ਪੱਖੀ ਮਾਹੌਲ ਸਿਰਜ ਸਕਦਾ ਸੀ, ਪਰ ਅਕਾਲੀ ਦਲ ਕਿਸਾਨ ਪੱਖੀ ਮਾਹੌਲ ਬਣਾਉਣ ਵਿਚ ਖੁੰਝ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਹੁਣ ਭਾਜਪਾ ਨਾਲੋਂ ਗਠਜੋੜ ਤੋੜ ਹੀ ਲਿਆ ਹੈ ਤਾਂ ਅਕਾਲੀ ਦਲ ਨੂੰ ਕਿਸਾਨਾਂ ਦੇ ਹੱਕ ਲਈ ਤਿੱਖੀ ਲੜਾਈ ਲੜਨੀ ਚਾਹੀਦੀ ਹੈ। ਇਸਤੋਂ ਇਲਾਵਾ ਭਾਜਪਾ ਦੇ ਪੁਤਲੇ ਫੂਕਣੇ ਚਾਹੀਦੇ ਹਨ।

ਜਸਬੀਰ ਗੜੀ ਨੇ ਸੁਖਬੀਰ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਬਸਪਾ ਮੁਖੀ ਮਾਇਆਵਤੀ ਦੀ ਤਰਜ਼ ‘ਤੇ ਲੋਕ ਸਭਾ ਤੋਂ ਅਸਤੀਫਾ ਦੇ ਕੇ ਬੀਜੇਪੀ ਦੇ ਖਿਲਾਫ ਸੜਕ ‘ਤੇ ਮੋਰਚੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬਸਪਾ ਨੇ ਕਿਸਾਨਾਂ ਅਤੇ ਵਿਦਿਆਰਥੀਆਂ ਦੇ ਮੁੱਦੇ ‘ਤੇ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਹੈ, ਅਤੇ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ।

Share this Article
Leave a comment