ਨਿਊਜ਼ ਡੈਸ਼ਕ: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਗੁਰਦੁਆਰਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਇੱਕ ਵਾਰ ਫਿਰ ਚਰਚਾ ਵਿੱਚ ਹਨ। ਬੀਤੇ ਸ਼ੁੱਕਰਵਾਰ (26 ਜੂਨ) ਫਾਰੂਖਾਬਾਦ (ਮੰਡੀ ਚੂੜਕਾਣਾ) ਵਿੱਚ ਭੂ-ਮਾਫੀਆ ਵੱਲੋਂ ਪ੍ਰਸ਼ਾਸਨ ਨਾਲ ਮਿਲੀਭੁਗਤ ਦੇ ਦੋਸ਼ਾਂ ਵਿਚਕਾਰ ਲਗਭਗ 125 ਸਾਲ ਪੁਰਾਣੇ ਇਤਿਹਾਸਕ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਇੱਕ ਹਿੱਸੇ ਨੂੰ ਢਾਹ ਦਿੱਤਾ ਗਿਆ।
ਵਿਰੋਧ ਤੋਂ ਬਾਅਦ ਭੰਨਤੋੜ ਰੁਕੀ, ਥਾਂ ਕੀਤੀ ਗਈ ਸੀਲ
ਗੁਰਦੁਆਰੇ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਖ਼ਬਰ ਮਿਲਣ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਰੋਸ ਫੈਲ ਗਿਆ। ਸੰਗਤ ਨੇ ਮੌਕੇ ‘ਤੇ ਪਹੁੰਚ ਕੇ ਵਿਰੋਧ ਕੀਤਾ, ਜਿਸ ਤੋਂ ਬਾਅਦ ਭੰਨਤੋੜ ਦਾ ਕੰਮ ਰੋਕ ਦਿੱਤਾ ਗਿਆ। ਫਿਲਹਾਲ ਪ੍ਰਸ਼ਾਸਨ ਨੇ ਇਸ ਥਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਅਗਲੇ ਕਿਸੇ ਵੀ ਤਰ੍ਹਾਂ ਦੇ ਨਿਰਮਾਣ ਜਾਂ ਭੰਨਤੋੜ ‘ਤੇ ਰੋਕ ਲਾ ਦਿੱਤੀ ਹੈ।

4 ਸਾਲ ਪਹਿਲਾਂ ਤੱਕ ਸੁਰੱਖਿਅਤ ਸੀ ਇਤਿਹਾਸਕ ਇਮਾਰਤ
ਸਥਾਨਕ ਜਾਣਕਾਰਾਂ ਅਤੇ ਸਿੱਖ ਐਕਟਿਵਿਸਟਾਂ ਦੇ ਮੁਤਾਬਕ ਕੁਝ ਸਾਲ ਪਹਿਲਾਂ ਤੱਕ ਗੁਰਦੁਆਰਾ ਸਾਹਿਬ ਦੀ ਇਤਿਹਾਸਕ ਪਛਾਣ ਅਤੇ ਪੁਰਾਣੀਆਂ ਨਿਸ਼ਾਨੀਆਂ ਸੁਰੱਖਿਅਤ ਸਨ। ਇਸ ਸਬੰਧੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਸੀ। ਬਾਅਦ ਵਿੱਚ ਦਾਅਵਾ ਕੀਤਾ ਗਿਆ ਕਿ ਕੁਝ ਲੋਕਾਂ ਨੇ ਗੁਰਦੁਆਰੇ ਦਾ ਮੁੱਖ ਗੁੰਬਦ ਤੋੜ ਦਿੱਤਾ ਸੀ।
ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਪਹਿਲਾਂ ਵੀ ਪੁਲਿਸ ਕੋਲ ਸ਼ਿਕਾਇਤ ਅਤੇ ਵਿਰੋਧ ਦਰਜ ਕਰਵਾਇਆ ਗਿਆ ਸੀ। ਇਸ ਦੇ ਬਾਵਜੂਦ ਨਾ ਤਾਂ ਇਵੈਕਿਊਏਸ਼ਨ ਟਰੱਸਟ ਪ੍ਰਾਪਰਟੀ ਬੋਰਡ ਅਤੇ ਨਾ ਹੀ ਪਾਕਿਸਤਾਨ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਇਸ ਇਤਿਹਾਸਕ ਵਿਰਾਸਤ ਨੂੰ ਬਚਾਉਣ ਲਈ ਕੋਈ ਠੋਸ ਕਦਮ ਚੁੱਕੇ ਗਏ।

ਵੰਡ ਤੋਂ ਬਾਅਦ ਗੁਰਦੁਆਰਾ ਰਿਹਾ ਸੁੰਨਾ
ਫਾਰੂਖਾਬਾਦ (ਮੰਡੀ ਚੂੜਕਾਣਾ) ਸਥਿਤ ਗੁਰਦੁਆਰਾ ਸ੍ਰੀ ਸਿੰਘ ਸਭਾ ਕਰੀਬ 125 ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਗੁਰਦੁਆਰੇ ਦੇ ਦਰਵਾਜ਼ੇ ‘ਤੇ ਇਸ ਦੀ ਉਸਾਰੀ ਦੇ ਸਮੇਂ ਦਾ ਜ਼ਿਕਰ ਮੌਜੂਦ ਹੈ। ਇਸ ਨੂੰ ਪਾਕਿਸਤਾਨ ਦੀ ਇਤਿਹਾਸਕ ਧਰੋਹਰਾਂ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ ਅਤੇ ਇਸ ਨੂੰ ਢਾਹੁਣ ‘ਤੇ ਰੋਕ ਲੱਗੀ ਹੋਈ ਸੀ। ਵੰਡ ਤੋਂ ਬਾਅਦ ਇਹ ਥਾਂ ਸੁੰਨੀ ਰਹੀ ਅਤੇ ਬਾਅਦ ਵਿੱਚ ਇਸ ‘ਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਦੇ ਦੋਸ਼ ਸਾਹਮਣੇ ਆਏ। ਇਹ ਇਮਾਰਤ ਗੁਰਦੁਆਰਾ ਸ੍ਰੀ ਸੱਚਾ ਸੌਦਾ ਸਾਹਿਬ ਦੇ ਨੇੜੇ ਸਥਿਤ ਹੈ।
1947 ਦੀ ਵੰਡ ਤੋਂ ਬਾਅਦ ਸਾਲ 1960 ਵਿੱਚ ਪਾਕਿਸਤਾਨ ਸਰਕਾਰ ਵੱਲੋਂ ਇਸ ਖਾਲੀ ਪਈ ਸੰਪਤੀ ਨੂੰ ਭਾਰਤ ਤੋਂ ਆਏ ਸ਼ਰਨਾਰਥੀਆਂ ਨੂੰ ਰਹਿਣ ਲਈ ਅਲਾਟ ਕੀਤਾ ਗਿਆ ਸੀ। ਨਿਯਮਾਂ ਮੁਤਾਬਕ ਇਤਿਹਾਸਕ ਢਾਂਚੇ ਵਿੱਚ ਕੋਈ ਤਬਦੀਲੀ ਜਾਂ ਭੰਨਤੋੜ ਦੀ ਮਨਾਹੀ ਸੀ, ਪਰ ਦੋਸ਼ ਹਨ ਕਿ ਨਿਯਮਾਂ ਦੀ ਉਲੰਘਣਾ ਕਰਕੇ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ।

ਵਿਰੋਧ ਮਗਰੋਂ ਕਾਨੂੰਨੀ ਕਾਰਵਾਈ ਦੀ ਤਿਆਰੀ
ਘਟਨਾ ਤੋਂ ਬਾਅਦ ਸਿੱਖ ਸੰਗਤ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਥਾਂ ਨੂੰ ਸੀਲ ਕਰ ਦਿੱਤਾ। ਅੱਗੇ ਕਿਸੇ ਵੀ ਤਰ੍ਹਾਂ ਦਾ ਕੰਮ ਰੋਕ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਵਕਫ਼ ਬੋਰਡ ਹੁਣ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ।
ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ
ਦੁਨੀਆ ਭਰ ਦੀਆਂ ਸਿੱਖ ਜਥੇਬੰਦੀਆਂ ਨੇ ਇਸ ਮਾਮਲੇ ਵਿੱਚ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਵੀ ਇਸ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਈ ਲੋਕਾਂ ਨੇ ਕਿਹਾ ਕਿ ਗੁਰਦੁਆਰੇ ਕਿਸੇ ਇੱਕ ਧਰਮ ਜਾਂ ਦੇਸ਼ ਦੀ ਨਹੀਂ, ਸਗੋਂ ਸਾਂਝੀ ਮਨੁੱਖੀ ਵਿਰਾਸਤ ਹਨ।

ਗੁਰਦੁਆਰਾ ਸਿੰਘ ਸਭਾ ਦਾ ਇਤਿਹਾਸ
ਜਥੇਦਾਰ ਕਰਤਾਰ ਸਿੰਘ ਝੱਬਰ ਨੇ ਸਾਲ 1912 ਵਿੱਚ ਚੂਹੜਕਾਣਾ ਵਿੱਚ ਖਾਲਸਾ ਦੀਵਾਨ ਖਰਾ ਸੌਦਾ ਬਾਰ ਦਾ ਗਠਨ ਕੀਤਾ ਸੀ, ਜਿਸ ਵਿੱਚ ਸਥਾਨਕ ਵਿਰਕ ਪਰਿਵਾਰਾਂ ਨੂੰ ਵੀ ਜੋੜਿਆ ਗਿਆ। ਸਾਲ 1918 ਵਿੱਚ ਗੁਰਦੁਆਰਾ ਸੱਚਾ ਸੌਦਾ ਦੇ ਨੇੜੇ ਭਾਈ ਮੂਲ ਸਿੰਘ ਗੁਰਮੁਲਾ ਵੱਲੋਂ ਖਰੀਦੀ 13 ਕਨਾਲ ਜ਼ਮੀਨ ‘ਤੇ ਇਸ ਸੰਸਥਾ ਅਧੀਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਤੇ ਮਿਡਲ ਸਕੂਲ ਸ਼ੁਰੂ ਕੀਤਾ ਗਿਆ।
ਸਕੂਲ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਖਾਲਸਾ ਦੀਵਾਨ ਖਰਾ ਸੌਦਾ ਬਾਰ ਅਤੇ ਮੰਡੀ ਚੂੜਕਾਣਾ ਕਮੇਟੀ ਸੰਭਾਲਦੀ ਰਹੀ। ਮੌਜੂਦਾ ਸਮੇਂ ਵੀ ਗੁਰਦੁਆਰਾ ਸਾਹਿਬ ਦੇ ਮੁੱਖ ਹਿੱਸੇ ‘ਤੇ ਗੁਰਮੁਖੀ ਵਿੱਚ ਉਕਰੇ ਇਤਿਹਾਸਕ ਸ਼ਬਦ ਨਜ਼ਰ ਆਉਂਦੇ ਹਨ।


