ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ ਦਿੱਲੀ ਤੋਂ ਪਾਕਿਸਤਾਨ ਜਾ ਰਹੇ ਨਗਰ ਕੀਰਤਨ ਵਿੱਚ ਅੱਜ ਉਸ ਸਮੇਂ ਕੁਝ ਪਲਾਂ ਲਈ ਹੈਰਾਨੀ ਫੈਲ ਗਈ ਜਦੋਂ ਸਰਨਾ ਨੂੰ ਪਾਕਿ ਜਾਣ ਤੋਂ ਰੋਕ ਦਿੱਤਾ। ਇਹ ਨਗਰ ਕੀਰਤਨ ਤਾਂ ਭਾਵੇਂ ਜਿਉਂ ਦਾ ਤਿਉਂ ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ਵਿੱਚ ਅੱਗੇ ਚਲਾ ਗਿਆ ਪਰ ਇਸ ਕਾਰਵਾਈ ਤੋਂ ਬਾਅਦ ਪਰਮਜੀਤ ਸਿੰਘ ਸਰਨਾ ਨੇ ਬਾਦਲਾਂ ‘ਤੇ ਗੰਭੀਰ ਦੋਸ਼ ਲਾਏ। ਸਰਨਾ ਨੇ ਗੁੱਸੇ ਭਰੇ ਲਹਿਜੇ ਵਿੱਚ ਕਿਹਾ ਕਿ ਇਸ ਕਾਰਵਾਈ ਪਿੱਛੇ ਬਾਦਲਾਂ ਦਾ ਹੱਥ ਹੈ।
ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬਾਦਲਾਂ ਨੇ ਉਨ੍ਹਾਂ ਖਿਲਾਫ ਸਾਜ਼ਿਸ਼ ਕਰਕੇ ਕੇਸ ਦਰਜ ਕਰਵਾਇਆ, ਪਰ ਪਿਛਲੇ 8 ਸਾਲਾਂ ਵਿੱਚ ਚਲਾਨ ਪੇਸ਼ ਨਹੀਂ ਕਰ ਸਕੇ। ਸਰਨਾ ਨੇ ਕਿਹਾ ਕਿ ਇਸ ਕਾਰਵਾਈ ਨਾਲ ਉਨ੍ਹਾਂ ਦੇ ਮਨ ਨੂੰ ਬੜੀ ਠੇਸ ਪਹੁੰਚੀ ਹੈ ਕਿ ਇੰਨੇ ਵੱਡੇ ਧਾਰਮਿਕ ਕੰਮ ‘ਚ ਵੀ ਉਨ੍ਹਾਂ ਨਾਲ ਗੰਭੀਰ ਸਾਜ਼ਿਸ਼ ਰਚਾਈ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਕਈ ਦੇਸ਼ਾਂ ਦਾ ਦੌਰਾ ਕਰਕੇ ਆਏ ਪਰ ਉਨ੍ਹਾਂ ਨੂੰ ਕਿਸੇ ਵੀ ਸਰਕਾਰੀ ਅਧਿਕਾਰੀ ਵੱਲੋਂ ਰੋਕਿਆ ਨਹੀਂ ਗਿਆ।