ਸਰਸਾ ਨਦੀ ਤੇ ਵਿਛੋੜਾ ਪੈ ਗਿਆ…
ਡਾ. ਗੁਰਦੇਵ ਸਿੰਘ
ਸਤਿਗੁਰ ਅਬ ਆਨ ਪਹੁੰਚੇ ਥੇ ਸਿਰਸਾ ਨਦੀ ਕੇ ਪਾਸ।
ਥੇ ਚਾਹਤੇ ਬੁਝਾਏਂ ਬਾਰਹ ਪਹਰ ਕੀ ਪਯਾਸ। (ਜੋਗੀ ਅੱਲ੍ਹਾ ਯਾਰ ਖਾਂ )
ਸਰਸਾ ਨਦੀ ਦੇ ਕਿਨਾਰੇ ਪਹੁੰਚ ਕੇ ਦਸਮੇ ਪਾਤਸ਼ਾਹ ਦੇ ਹੁਕਮਾਂ ਅਨੁਸਾਰ ਸਿੰਘਾਂ ਨੇ ਪੜਾਅ ਕੀਤਾ। ਅੰਮ੍ਰਿਤ ਵੇਲ੍ਹੇ ਦੀਵਾਨ ਸਜਾਏ ਗਏ ਤੇ ਆਸਾ ਦੀ ਵਾਰ ਦੀ ਕੀਰਤਨ ਹੋਇਆ। ਓਧਰ ਮੁਗਲਾਂ ਨੇ ਆਪਣੀਆਂ ਕਸਮਾਂ ਨੂੰ ਤੋੜ ਕੇ ਸਿੰਘਾਂ ‘ਤੇ ਹਮਲਾ ਕਰ ਦਿੱਤਾ ਗਿਆ ਸੀ। ਬੁੰਗਾ ਸਾਹਿਬ ਦੇ ਸਥਾਨ ਦੇ ਲਾਗੇ ਭਾਈ ਜੀਵਨ ਸਿੰਘ ਤੇ ਭਾਈ ਉਦੈ ਸਿੰਘ ਦੀ ਕਮਾਨ ਹੇਠ ਸਿੰਘਾਂ ਨੇ ਮੁਗਲ ਤੇ ਪਹਾੜੀ ਫੌਜ ਨੂੰ ਰੋਕੀ ਰੱਖਿਆ। ਮੁਗਲ ਫੌਜ ਹੋਲੀ ਹੋਲੀ ਸਿਰਸਾ ਨਦੀ ਦੇ ਕਿਨਾਰੇ ‘ਤੇ ਪਹੁੰਚ ਗਈ। ਗੁਰੂ ਜੀ ਵੀ ਅੰਮ੍ਰਿਤ ਵੇਲ੍ਹੇ ਦੇ ਦੀਵਾਨਾਂ ਤੋਂ ਸਰੁਖਰੂ ਹੋ ਗਏ। ਗੁਰ ਜੀ ਨੇ ਸਿੰਘਾਂ ਨੂੰ ਸਰਸਾ ਨਦੀ ਪਾਰ ਕਰਨ ਦਾ ਹੁਕਮ ਦਿੱਤਾ। ਕਈ ਲਿਖਾਰੀ ਸਰਸਾ ਦੇ ਸਥਾਨ ‘ਤੇ ਵੀ ਸਿੰਘਾਂ ਦੀ ਜੰਗ ਹੋਈ ਲਿਖਦੇ ਹਨ ਜਿਸ ਵਿੱਚ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਨੇ ਤਲਵਾਰ ਦੇ ਚੰਗੇ ਜੌਹਰ ਦਿਖਾਏ। ਦੁਸ਼ਮਣ ਫੌਜ ਪਿੱਛੇ ਹੱਟ ਗਈ। ਸਿੰਘ ਠਾਠਾਂ ਮਾਰਦੀ ਸਰਸਾ ਨਦੀ ਵਿੱਚ ਜੈਕਾਰ ਛੱਡਦੇ ਉਤਰ ਗਏ। ਬਹੁਤ ਸਾਰੇ ਸਿੰਘ ਤੇ ਗੁਰੂ ਘਰ ਦਾ ਕੀਮਤੀ ਸਮਾਨ ਸਰਸਾ ਨਦੀ ਦੀ ਭੇਂਟ ਚੜ ਗਿਆ।
ਸਰਸਾ ਨਦੀ ਦੇ ਸਥਾਨ ‘ਤੇ ਮਚੀ ਭਗਦੜ ਅਤੇ ਨਦੀ ਦੇ ਤੇਜ ਬਹਾਅ ਦੇ ਕਾਰਨ ਛੋਟੇ ਸਾਹਿਬਜ਼ਾਦੇ ਤੇ ਦਾਦੀ ਮਾਤਾ ਗੁਜਰੀ ਜੀ ਗੁਰੂ ਸਾਹਿਬ ਅਤੇ ਸਿੰਘਾਂ ਦੇ ਜੱਥਿਆਂ ਨਾਲੋਂ ਵਿਛੜ ਗਏ। ਦੂਰ ਦੂਰ ਤਕ ਸਿੰਘਾਂ ਦੁਆਰਾ ਲੱਭਣ ‘ਤੇ ਵੀ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਦਿਆਂ ਦਾ ਕੋਈ ਪਤਾ ਨਾ ਲੱਗਿਆ। ਭਾਈ ਮਨੀ ਸਿੰਘ ਦੇ ਨਾਲ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਗੁਰੂ ਦੇ ਹੁਕਮਾਂ ਮੁਤਾਬਕ ਦਿੱਲੀ ਵੱਲ ਚਲੇ ਗਏ। ਗੁਰੂ ਸਾਹਿਬ ਦੇ ਨਾਲ ਵੱਡੇ ਸਾਹਿਬਜਾਦੇ ਅਤੇ ਸਿੰਘਾਂ ਦੇ ਜੱਥੇ ਰੋਪੜ ਹੁੰਦੇ ਹੋਏ ਚਮਕੌਰ ਵੱਲ ਚਲੇ ਗਏ। ਓਧਰ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਸੰਘਣੇ ਡਰਾਵਣੇ ਜੰਗਲ ਵਿੱਚ ਇੱਕਲੇ ਹੀ ਅਣਜਾਣ ਰਸਤੇ ‘ਤੇ ਜਾ ਰਹੇ ਸਨ। ਅੱਗੇ ਜਾ ਕੇ ਉਨ੍ਹਾਂ ਨੂੰ ਗੰਗੂ ਬ੍ਰਹਾਮਣ ਮਿਲ ਗਿਆ ਜੋ ਕਿ ਗੁਰੂ ਘਰ ਦਾ ਕਈ ਸਾਲਾਂ ਤੋਂ ਰਸੋਈਆ ਸੀ। ਉਹ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ । (ਚਲਦਾ)
gurdevsinghdr@gmail.com