ਨਿਊਜ਼ ਡੈਸਕ: ਅਸਾਮ ‘ਚ ਕਈ ਥਾਵਾਂ ‘ਤੇ ਬੰਬ ਰੱਖੇ ਜਾਣ ਦੀ ਗੱਲ ਸਾਹਮਣੇ ਆਉਣ ‘ਤੇ ਦਹਿਸ਼ਤ ਦਾ ਮਹੌਲ ਹੈ। ਦਰਅਸਲ, ਪਾਬੰਦੀਸ਼ੁਦਾ ਉਲਫਾ-1 ਨੇ ਵੀਰਵਾਰ ਨੂੰ ਸੂਬੇ ਵਿਚ 24 ਥਾਵਾਂ ‘ਤੇ ਬੰਬ ਲਗਾਉਣ ਦਾ ਦਾਅਵਾ ਕੀਤਾ ਹੈ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵਿਸਫੋਟਕਾਂ ਦੀ ਭਾਲ ਲਈ ਟੀਮਾਂ ਭੇਜੀਆਂ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਲਫਾ-1 ਵੱਲੋਂ ਦੱਸੀਆਂ ਸਾਰੀਆਂ ਥਾਵਾਂ ‘ਤੇ ਬੰਬ ਨਿਰੋਧਕ ਦਸਤੇ ਭੇਜੇ ਗਏ ਹਨ ਪਰ ਕਿਤੇ ਵੀ ਬੰਬ ਜਾਂ ਧਮਾਕਾਖੇਜ਼ ਸਮੱਗਰੀ ਮਿਲਣ ਦੀ ਕੋਈ ਖਬਰ ਨਹੀਂ ਹੈ।
ਇਸ ਦੇ ਨਾਲ ਹੀ ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਅਸਾਮ (ਉਲਫਾ-ਆਜ਼ਾਦ) ਦੀ ਤਰਫੋਂ ਮੀਡੀਆ ਹਾਊਸਾਂ ਨੂੰ ਇੱਕ ਈਮੇਲ ਭੇਜੀ ਗਈ ਸੀ। ਇਸ ‘ਚ ਅੱਤਵਾਦੀ ਸੰਗਠਨ ਨੇ ਕਿਹਾ ਕਿ ਤਕਨੀਕੀ ਖਰਾਬੀ ਕਾਰਨ ਬੰਬ ਨਹੀਂ ਫਟੇ।
ਅਸਾਮ ਪੁਲਿਸ ਹੈੱਡਕੁਆਰਟਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜ਼ਿਲ੍ਹਿਆਂ ਦੇ ਸਾਰੇ ਪੁਲਿਸ ਸੁਪਰਡੈਂਟਾਂ, ਖਾਸ ਤੌਰ ‘ਤੇ ਉਲਫਾ ਦੇ ਸ਼ਾਂਤੀ ਵਾਰਤਾ ਵਿਰੋਧੀ ਧੜੇ ਦੁਆਰਾ ਸੂਚੀ ਵਿੱਚ ਸ਼ਾਮਲ ਕੀਤੇ ਗਏ ਲੋਕਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ ਅਤੇ ਖੇਤਰਾਂ ਦੀ ਪੂਰੀ ਤਰ੍ਹਾਂ ਤਲਾਸ਼ੀ ਲੈਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੰਬ ਨਿਰੋਧਕ ਦਸਤੇ, ਮੈਟਲ ਡਿਟੈਕਟਰ ਅਤੇ ਸਨੀਫਰ ਡੌਗ ਹਰ ਥਾਂ ‘ਤੇ ਭੇਜੇ ਗਏ ਹਨ। ਅਜੇ ਤੱਕ ਸਾਨੂੰ ਬੰਬ ਦੀ ਬਰਾਮਦਗੀ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ।
24 ਵਿੱਚੋਂ ਅੱਠ ਥਾਵਾਂ ਗੁਹਾਟੀ ਵਿੱਚ
ਹਾਲਾਂਕਿ, ਨਗਾਓਂ, ਲਖੀਮਪੁਰ ਅਤੇ ਸਿਵਸਾਗਰ ਦੇ ਕੁਝ ਸਥਾਨਕ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਮੌਕੇ ਤੋਂ ਬੰਬ ਵਰਗੀ ਸਮੱਗਰੀ ਬਰਾਮਦ ਕੀਤੀ ਹੈ। 24 ਥਾਵਾਂ ਵਿੱਚੋਂ ਅੱਠ ਗੁਹਾਟੀ ਵਿੱਚ ਹਨ। ਇਨ੍ਹਾਂ ਵਿੱਚ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਅਤੇ ਦਿਸਪੁਰ ਵਿੱਚ ਹੋਰ ਮੰਤਰੀਆਂ ਦੀਆਂ ਸਰਕਾਰੀ ਰਿਹਾਇਸ਼ਾਂ ਨੇੜੇ ਖੁੱਲ੍ਹਾ ਮੈਦਾਨ ਵੀ ਸ਼ਾਮਲ ਹੈ। ਇੱਕ ਹੋਰ ਥਾਂ ਗੁਹਾਟੀ ਦੇ ਨਾਰੇਂਗੀ ਵਿੱਚ ਫੌਜੀ ਛਾਉਣੀ ਵੱਲ ਜਾਣ ਵਾਲੀ ਸਤਗਾਓਂ ਸੜਕ ਹੈ। ਇਨ੍ਹਾਂ ਤੋਂ ਇਲਾਵਾ ਰਾਜਧਾਨੀ ਦੇ ਆਸ਼ਰਮ ਰੋਡ, ਪਨਬਾਜ਼ਾਰ, ਜੋਰਬਾਟ, ਭੇਟਾਪਾੜਾ, ਮਾਲੀਗਾਂਵ ਅਤੇ ਰਾਜਗੜ੍ਹ ‘ਚ ਵੀ ਬੰਬ ਧਮਾਕੇ ਹੋਣ ਦੀ ਸੂਚਨਾ ਮਿਲੀ ਹੈ।
- Advertisement -
ਸਿਵਾਸਾਗਰ, ਡਿਬਰੂਗੜ੍ਹ, ਲਖੀਮਪੁਰ, ਨਗਾਓਂ, ਨਲਬਾੜੀ, ਤਾਮੂਲਪੁਰ, ਤਿਨਸੁਕੀਆ ਅਤੇ ਗੋਲਾਘਾਟ ਜ਼ਿਲ੍ਹਿਆਂ ‘ਚੋ ਵੀ ਕੁਝ ਥਾਵਾਂ ‘ਤੇ ਉਲਫਾ-1 ਨੇ ਬੰਬ ਲਗਾਉਣ ਦਾ ਦਾਅਵਾ ਕੀਤਾ ਸੀ। ਪੁਲਿਸ ਨੇ ਡਾਕ ਵਿੱਚ ਦੱਸੀਆਂ ਥਾਵਾਂ ਦੇ ਆਲੇ-ਦੁਆਲੇ ਦੀਆਂ ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ ਹਨ। ਸੀਨੀਅਰ ਪੁਲਿਸ ਅਧਿਕਾਰੀ ਸਾਰੀਆਂ ਥਾਵਾਂ ‘ਤੇ ਪਹੁੰਚ ਗਏ ਹਨ ਅਤੇ ਤਲਾਸ਼ੀ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ।