ਪਾਕਿਸਤਾਨ : ਇਸਲਾਮਾਬਾਦ ‘ਚ ਹਥਿਆਰਬੰਦ ਲੋਕਾਂ ਨੇ ਪ੍ਰਸਿੱਧ ਪੱਤਰਕਾਰ ਮਤਿਉੱਲਾ ਜਾਨ ਨੂੰ ਕੀਤਾ ਅਗਵਾ

TeamGlobalPunjab
2 Min Read

ਇਸਲਾਮਾਬਾਦ : ਪਾਕਿਸਤਾਨ ‘ਚ ਸ਼ਕਤੀਸ਼ਾਲੀ ਅਦਾਰਿਆਂ ਦੇ ਆਲੋਚਕ ਪ੍ਰਸਿੱਧ ਪੱਤਰਕਾਰ ਮਤਿਉੱਲਾ ਜਾਨ ਨੂੰ ਮੰਗਲਵਾਰ ਨੂੰ ਇਸਲਾਮਾਬਾਦ ‘ਚ ਦਿਨ-ਦਿਹਾੜੇ ਹਥਿਆਰਬੰਦ ਲੋਕਾਂ ਨੇ ਅਗਵਾ ਕਰ ਲਿਆ। ਮਤਿਉੱਲਾ ਦੀ ਕਾਰ ਸੈਕਟਰ ਜੀ -6 ਦੇ ਇਕ ਸਕੂਲ ਦੇ ਬਾਹਰ ਖੜ੍ਹੀ ਮਿਲੀ ਜਿਥੇ ਉਹ ਆਪਣੀ ਪਤਨੀ ਨੂੰ ਛੱਡਣ ਆਇਆ ਸੀ। ਪੱਤਰਕਾਰ ਦੇ ਪਰਿਵਾਰਕ ਮੈਂਬਰਾਂ ਅਤੇ ਇੱਕ ਮੰਤਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਸੈਨਾ ਅਤੇ ਸੱਤਾ ਵਿਰੁੱਧ ਲਿਖਣ ਵਾਲੇ ਪੱਤਰਕਾਰ ਦੇ ਅਗਵਾ ਹੋਣ ਦੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ। ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਕਾਰ ਤੋਂ ਬਾਹਰ ਕੱਢਿਆ ਅਤੇ ਕਿਸੇ ਅਣਪਛਾਤੀ ਜਗ੍ਹਾ ‘ਤੇ ਲੈ ਗਏ। ਘਟਨਾ ਤੋਂ ਬਾਅਦ ਕਾਰ ਦੀਆਂ ਖਿੜਕੀਆਂ ਖੁੱਲੀਆਂ ਸਨ। ਮਤਿਉੱਲਾ ਦੀ ਪਤਨੀ ਅਤੇ ਭਰਾ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀ ਕਾਰ ਇੱਕ ਸਕੂਲ  ਦੇ ਬਾਹਰ ਖੜ੍ਹੀ ਮਿਲੀ ਤੇ ਕਾਰ ਅੰਦਰ ਉਨ੍ਹਾਂ ਦਾ ਮੋਬਾਈਲ ਫੋਨ ਸੀ।

ਮਤੀਉੱਲਾ ਜਾਨ ਦੇ ਟਵਿੱਟਰ ਅਕਾਊਂਟ ਤੋਂ ਇੱਕ ਟਵੀਟ ਕੀਤਾ ਗਿਆ ਜੋ ਸ਼ਾਇਦ ਉਨ੍ਹਾਂ ਦੇ ਪੁੱਤਰ ਦਾ ਸੀ। ਟਵੀਟ ‘ਚ ਲਿਖਿਆ ਗਿਆ ਸੀ ਕਿ ਮੇੇਰੇ ਅੱਬੂ ਮਤਿਉੱਲਾ ਜਾਨ ਨੂੰ ਇਸਲਾਮਾਬਾਦ ਤੋਂ ਅਗਵਾ ਕਰ ਲਿਆ ਗਿਆ ਹੈ। ਮੈਂ ਉਨ੍ਹਾਂ ਦਾ ਪਤਾ ਲਾਉਣ ਦੀ ਮੰਗ ਕਰਦਾ ਹਾਂ। ਇਸ ਘਟਨਾ ਲਈ ਜਿਹੜੇ ਲੋਕ ਜ਼ਿੰਮੇਵਾਰ ਹਨ, ਉਨ੍ਹਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਅੱਲਾਹ ਉਨ੍ਹਾਂ ਨੂੰ ਸਲਾਮਤ ਰੱਖੇ।

ਦੱਸ ਦਈਏ ਕਿ ਮਤਿਉੱਲਾ ਜਾਨ ਨੂੰ ਬੁੱਧਵਾਰ ਯਾਨੀ ਅੱਜ ਸੁਪਰੀਮ ਕੋਰਟ ਵਿਚ ਇਕ ਮਾਣਹਾਨੀ ਦੇ ਕੇਸ ਵਿਚ ਤਲਬ ਕੀਤਾ ਗਿਆ ਸੀ। ਬੁੱਧਵਾਰ ਨੂੰ ਪਾਕਿਸਤਾਨ ਦੇ ਚੀਫ ਜਸਟਿਸ ਗੁਲਜ਼ਾਰ ਅਹਿਮਦ ਨੇ ਉਨ੍ਹਾਂ ਨੂੰ ਵਿਵਾਦਪੂਰਨ ਟਵੀਟ ਕਰਨ ਲਈ ਨੋਟਿਸ ਵੀ ਜਾਰੀ ਕੀਤਾ ਸੀ।

Share this Article
Leave a comment