ਪਾਕਿਸਤਾਨ ‘ਚ ਕਰੈਸ਼ ਹੋਏ ਜਹਾਜ਼ ਦੇ ਮਲਬੇ ‘ਚੋਂ ਮਿਲੇ ਲਗਭਗ 3 ਕਰੋੜ ਰੁਪਏ

TeamGlobalPunjab
2 Min Read

ਕਰਾਚੀ: ਪਾਕਿਸਤਾਨ ‘ਚ ਅੰਤਰਰਾਸ਼ਟਰੀ ਏਅਰਲਾਈਨ ਦੇ ਹਾਦਸਾਗ੍ਰਸਤ ਹੋਏ ਜਹਾਜ਼ ਦਾ ਖੋਇਆ ਹੋਇਆ ਕਾਕਪਿਟ ਆਡੀਓ ਰਿਕਾਰਡਰ ਤਾਂ ਮਿਲ ਗਿਆ ਹੈ ਪਰ ਇਸ ਦੇ ਮਲਬੇ ‘ਚੋਂ ਤਿੰਨ ਕਰੋੜ ਰੁਪਏ ਕੈਸ਼ ਬਰਾਮਦ ਹੋਣ ਤੋਂ ਬਾਅਦ ਹੁਣ ਸਭ ਦੇ ਹੋਸ਼ ਉੱਡ ਗਏ ਹਨ। ਇਹ ਕੈਸ਼ ਕਿਸਦਾ ਹੈ ਅਤੇ ਸੁਰੱਖਿਆ ਜਾਂਚ ਤੋਂ ਬਾਅਦ ਕਿਵੇਂ ਜਹਾਜ਼ ਵਿੱਚ ਪਹੁੰਚਿਆ ਹੁਣ ਇਸ ‘ਤੇ ਸਵਾਲ ਖੜੇ ਹੋ ਗਏ ਹਨ। ਕਰਾਚੀ ਜਹਾਜ਼ ਹਾਦਸਾ ਪਹਿਲਾਂ ਹੀ ਪਾਇਲਟ ਕੈਪਟਨ ਸਜਾਦ ਗੁੱਲ ਉੱਤੇ ਉਠੇ ਗੰਭੀਰ ਸਵਾਲਾਂ ਤੋਂ ਬਾਅਦ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ।

ਇਸ ਜਹਾਜ਼ ‘ਚ 99 ਲੋਕ ਸਵਾਰ ਸਨ ਜਿਨ੍ਹਾਂ ‘ਚੋਂ ਨੌਂ ਬੱਚਿਆ ਸਣੇ 97 ਲੋਕਾਂ ਦੀ ਮੌਤ ਹੋ ਗਈ ਸੀ। ਇੱਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਜਹਾਜ਼ ਦੇ ਮਲਬੇ ‘ਚੋਂ ਜਾਂਚਕਰਤਾ ਅਤੇ ਬਚਾਅ ਅਧਿਕਾਰੀਆਂ ਨੇ ਵੱਖ-ਵੱਖ ਦੇਸ਼ਾਂ ਦੀਆਂ ਮੁਦਰਾਵਾਂ ਬਰਾਮਦ ਕੀਤੀਆਂ ਹਨ ਜਿਸਦੀ ਕੀਮਤ ਲਗਭਗ ਤਿੰਨ ਕਰੋੜ ਰੁਪਏ ਹੈ।

ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਕਿ ਇੰਨੀ ਵੱਡੀ ਮਾਤਰਾ ਵਿੱਚ ਨਗਦ ਰਾਸ਼ੀ ਹਵਾਈ ਅੱਡੇ ਦੀ ਸੁਰੱਖਿਆ ਅਤੇ ਸਾਮਾਨ ਜਾਂਚ ਤੰਤਰ ਤੋਂ ਕਿਵੇਂ ਪਾਸ ਹੋ ਗਈ। ਉਨ੍ਹਾਂ ਨੇ ਕਿਹਾ ਕਿ ਇਹ ਰਾਸ਼ੀ ਦੋ ਥੈਲਿਆਂ ਵਿੱਚ ਪਈ ਮਿਲੀ ਹੈ। ਪਾਕਿਸਤਾਨੀ ਐਵਿਏਸ਼ਨ ਮਿਨਿਸਟਰੀ ਨੇ ਇਸ ‘ਤੇ ਬਿਆਨ ਜਾਰੀ ਕਰ ਕਿਹਾ ਹੈ ਕਿ ਇਹ ਰਾਸ਼ੀ ਕਾਨੂੰਨੀ ਤੌਰ ‘ਤੇ ਵੀ ਕਿਸੇ ਦੀ ਹੋ ਸਕਦੀ ਹੈ , ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਕਿ ਕਿਸੇ ਨੇ ਇੰਨਾ ਪੈਸਾ ਲੈ ਕੇ ਜਾਣ ਦੀ ਇਜਾਜ਼ਤ ਤਾਂ ਨਹੀਂ ਲਈ ਸੀ।

Share this Article
Leave a comment