ਪਾਕਿਸਤਾਨ ਸਰਕਾਰ ਵੱਲੋਂ ਕਰਵਾਏ ਜਾ ਰਹੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ ‘ਚ ਸ਼ਾਮਲ ਹੋਣ ਲਈ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਅਤੇ ਰਾਜ ਸਰਕਾਰ ਤੋਂ ਇਜਾਜ਼ਤ ਮੰਗੀ ਹੈ। ਪਾਕਿਸਤਾਨ ਵੱਲੋਂ ਇਸ ਸਮਾਗਮ ਲਈ ਭੇਜਿਆ ਗਿਆ ਸੱਦਾ ਪੱਤਰ ਸਿੱਧੂ ਨੇ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਸਿੱਧੂ ਕੇਂਦਰੀ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਭੇਜ ਕੇ ਪਾਕਿਸਤਾਨ ਜਾਣ ਲਈ ਮਨਜ਼ੂਰੀ ਦੇਣ ਲਈ ਅਪੀਲ ਵੀ ਕਰ ਚੁੱਕੇ ਹਨ।
ਉੱਥੇ ਹੀ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਉਦਘਾਟਨ ਲਈ ਸਿੱਧੂ ਨੂੰ ਵਿਸ਼ੇਸ਼ ਸੱਦਾ ਭੇਜਿਆ ਹੈ ਜੇਕਰ ਸਰਕਾਰ ਵਲੋਂ ਮਨਜ਼ੂਰੀ ਮਿਲੀ ਤਾਂ ਉਹ ਜ਼ਰੂਰ ਜਾਣਗੇ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਵਿਦੇਸ਼ੀ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਸੀ ਕਿ ਭਲੇ ਹੀ ਸਿੱਧੂ ਨੇ ਇਮਰਾਨ ਖਾਨ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ ਪਰ, ਪਾਕਿਸਤਾਨ ਜਿਨ੍ਹਾਂ ਨੂੰ ਬੁਲਾਉਣਾ ਚਾਹੁੰਦਾ ਹੈ, ਉਨ੍ਹਾਂ ਨੂੰ ਮਨਜ਼ੂਰੀ ਲੈਣੀ ਹੋਵੇਗੀ।
- Advertisement -
ਪਾਕਿਸਤਾਨ ਨੇ ਭੇਜਿਆ ਸੱਦਾ
ਸਿੱਧੂ ਨੂੰ ਪਾਕਿਸਤਾਨ ਸਥਿਤ ਨਾਰੋਵਾਲ ’ਚ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ‘ਚ ਸ਼ਾਮਲ ਹੋਣ ਲਈ ਭੇਜਿਆ ਗਿਆ ਰਸਮੀ ਸੱਦਾ ਕਾਰਡ ਉੱਥੋਂ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਪ੍ਰੋਗਰਾਮ ਦੇ ਵੇਰਵਿਆਂ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ 9 ਨਵੰਬਰ ਨੂੰ ਯਾਤਰੀ 11 ਵਜੇ ਤੱਕ ਉਦਘਾਟਨੀ ਸਥਾਨ ’ਤੇ ਪੁੱਜਣਗੇ। ਮੁੱਖ ਮਹਿਮਾਨ ਵਜੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਲਗਭਗ 12 ਵਜੇ ਪੁੱਜਣਗੇ ਅਤੇ ਉਸਾਰੇ ਗਏ ਕੰਪਲੈਕਸ ਦਾ ਦੌਰਾ ਕਰਨਗੇ।
ਦੱਸ ਦੇਈਏ ਕਿ ਸਾਬਕਾ ਪ੍ਰਧਾਨਮੰਤਰੀ ਡਾ.ਮਨਮੋਹਨ ਸਿੰਘ ਤੇ ਕੇਂਦਰੀ ਮੰਤਰੀ ਹਰਦੀਪ ਪੁਰੀ 575 ਲੋਕਾਂ ਦੀ ਉਨ੍ਹਾਂ ਲਿਸਟ ਵਿੱਚ ਸ਼ਾਮਲ ਹਨ ਜਿਹੜੇ ਭਾਰਤ ਤੋਂ ਕਰਤਾਰਪੁਰ ਜਾਣ ਵਾਲੇ ਪਹਿਲੇ ਜੱਥੇ ਵਿੱਚ ਸ਼ਾਮਿਲ ਹਨ। ਕੇਂਦਰ ਸਰਕਾਰ ਨੇ 29 ਅਕਤੂਬਰ ਨੂੰ ਪਾਕਿਸਤਾਨ ਜਾਣ ਵਾਲੇ 575 ਸ਼ਰਧਾਲੂਆਂ ਦੀ ਸੂਚੀ ਜਾਰੀ ਕੀਤੀ ਸੀ।