ਕਾਂਗਰਸ ਰਾਜਕਾਲ ਵੇਲੇ ਬੰਦ ਕੀਤੀਆਂ ਜਾਂ ਘਟਾਈਆਂ ਸਾਰੀਆਂ ਸਮਾਜ ਭਲਾਈ ਸਕੀਮਾਂ ਬਹਾਲ ਕਰਾਂਗੇ : ਸੁਖਬੀਰ ਸਿੰਘ ਬਾਦਲ

TeamGlobalPunjab
4 Min Read

ਬਰਨਾਲਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਕਾਂਗਰਸ ਰਾਜਕਾਲ ਦੌਰਾਨ ਬੰਦ ਕੀਤੀਆਂ ਗਈਆਂ ਜਾਂ ਘਟਾਈਆਂ ਗਈਆਂ ਸਾਰੀਆਂ ਸਮਾਜ ਭਲਾਈ ਸਕੀਮਾਂ ਮੁੜ ਬਹਾਲ ਕੀਤੀਆਂ ਜਾਣਗੀਆਂ ਤੇ ਉਹਨਾਂ ਇਹ ਵੀ ਐਲਾਨ ਕੀਤਾ ਕਿ  ਲੱਖਾਂ ਗਰੀਬਾਂ ਦੇ ਖਤਮ ਕੀਤੇ ਗਏ ਨੀਲੇ ਕਾਰਡ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ਦੇ ਇਕ ਮਹੀਨੇ ਦੇ ਅੰਦਰ ਅੰਦਰ ਬਹਾਲ ਕੀਤੇ ਜਾਣਗੇ।

ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਪਾਰਟੀ ਦੇ ਉਮੀਦਵਰ ਕੁਲੰਵਤ ਸਿੰਘ ਕੰਤਾ ਦੇ ਹੱਕ ਵਿਚ ਅਨੇਕਾਂ ਜਨਤਕ ਪ੍ਰੋਗਰਾਮਾਂ ਨੁੰ ਸੰਬੋਧਨ ਕੀਤਾ, ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਗਰੀਬ ਵਰਗ ਨੁੰ ਆਟਾ ਕਾਲ ਸਕੀਮ ਤਹਿਤ ਮਿਲਦੇ ਸਸਤੇ ਰਾਸ਼ਨ ਲਈ ਜ਼ਰੂਰੀ ਨੀਲੇ ਕਾਰਡ ਦੀ ਸਹੂਲਤ ਲੱਖਾਂ ਲੋਕਾਂ ਤੋਂ ਖੋਹ ਕੇ ਗਰੀਬਾਂ ਨਾਲ ਵੱਡਾ ਧੱਕਾ ਕੀਤਾ ਹੈ। ਉਹਨਾਂ ਕਿਹਾ ਕਿ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ, ਜਿਹਨਾਂ ਨੇ ਹਮੇਸ਼ਾ ਐਸ ਸੀ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਹੈ, ਨੇ ਐਸ ਸੀ ਵਰਗ ਤੇ ਗਰੀਬਾਂ ਨਾਲ ਹੋਏ ਅਨਿਆਂ ਨੁੰ ਦਰੁੱਸਤ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ। ਉਹਨਾਂ ਕਿਹਾ ਕਿ ਸ੍ਰੀ ਚੰਨੀ ਨੇ ਉਹਨਾਂ ਐਸ ਸੀ ਵਿਦਿਆਰਥੀਆਂ ਦੀ ਕੋਈ ਸਹਾਇਤਾ ਨਹੀਂ ਕੀਤੀ ਜਿਹਨਾਂ ਤੋਂ ਐਸ ਸੀ ਸਕਾਲਰਸ਼ਿਪ ਫੀਸ ਖੋਹ ਲਈ ਗਈ ਤੇ ਨਾ ਹੀ ਉਹਨਾਂ ਨੇ ਸਰਕਾਰੀ ਵਿਭਾਗਾਂ ਵਿਚ ਐਸ ਸੀ ਕੋਟੇ ਦੀਆਂ ਖਾਲੀ ਪਈਆਂ ਆਸਾਮੀਆਂ ਭਰਨ ਲਈ ਕੋਈ ਯਤਨ ਕੀਤਾ। ਉਹਨਾਂ ਕਿਹਾ ਕਿ ਹੁਣ ਲੋਕ ਉਹਨਾਂ ਨੂੰ ਪੁੱਛਣਗੇ ਕਿ ਉਹਨਾਂ ਨੇ ਐਸ ਸੀ ਵਰਗ ਨਾਲ ਵਿਤਕਰਾ ਕਿਉਂ ਕੀਤਾ। ਉਹਨਾਂ ਨੇ ਭਰੋਸਾ ਦੁਆਇਆ ਕਿ ਅਕਾਲੀ ਦਲ ਤੇ ਬਸਪਾ ਸਰਕਾਰ ਬਣਨ ਮਗਰੋਂ ਐਸ ਸੀ ਵਰਗ ਤੇ ਗਰੀਬਾਂ ਲਈ ਖੋਹੀਆਂ ਸਾਰੀਆਂ ਸਹੂਲਤਾਂ ਬਹਾਲ ਕੀਤੀਆਂ ਜਾਣਗੀਆਂ।

                                                    

ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਗਰੀਬਾਂ ਦੀ ਭਲਾਈ ਲਈ ਕੰਮ ਕੀਤਾ ਤੇ ਹਮੇਸ਼ਾ ਕਰਦਾ ਰਹੇਗਾ। ਉਹਨਾਂ ਕਿਹਾ ਕਿ ਪਿਛਲੀ ਵਾਰ ਅਸੀਂ ਲੋਕਾਂ ਨੂੰ 24 ਘੰਟੇ ਬਿਜਲੀ ਦੀ ਸਹੂਲਤ ਪ੍ਰਦਾਨ ਕੀਤੀ ਸੀ। ਇਸ ਵਾਰ ਅਸੀਂ ਬਿਜਲੀ ਦੀ ਕੀਮਤ ਘਟਾਵਾਂਗੇ ਤੇਨਾਲ ਹੀ ਸਾਰੇ ਖਪਤਕਾਰਾਂ ਨੁੰ 400 ਯੂਨਿਟ ਬਿਜਲੀ ਪ੍ਰਦਾਨ ਕਰਾਂਗੇ। ਇਸ ਨਾਲ ਲੋਕਾਂ ਦਾ ਘਰੇਲੂ ਖਰਚ ਵੀ ਘਟੇਗਾ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਗਰੀਬ ਵਰਗ ਦੀਆਂ ਪਰਿਵਾਰਾਂ ਦੀ ਅਗਵਾਈ ਕਰ ਰਹੀਆਂ ਮਹਿਲਾਵਾਂ ਨੁੰ ਹਰ ਮਹੀਨੇ 2 ਹਜ਼ਾਰ ਰੁਪਏ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਸੀਂ ਸਾਰੇ ਪਰਿਵਾਰਾਂ ਲਈ 10 ਲੱਖ ਰੁਪਏ ਦੀ ਮੈਡੀਕਲ ਬੀਮਾ ਸਹੂਲਤ ਪ੍ਰਦਾਨ ਕੀਤੀ ਜਾਵੇਗੀ।

- Advertisement -

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਭਰੋਸਾ ਦੁਆਇਆ ਕਿ ਸਵੈ ਰੋਜ਼ਗਾਰ ਨੁੰ ਵੀ ਉਤਸ਼ਾਹਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪਿੰਡਾਂ ਵਿਚ ਮਹਿਲਾਵਾਂ ਨੂੰ 10 ਦੁਧਾਰੂ ਪਸ਼ੂ ਖਰੀਦਣ ਲਈ ਵਿਆਜ਼ ਮੁਕਤ ਕਰਜ਼ੇ ਪ੍ਰਦਾਨ ਕੀਤੇ ਜਾਣਗੇ। ਇਸੇ ਤਰੀਕੇ ਨੌਜਵਾਨਾਂ ਨੂੰ ਉਦਮੀ ਬਣਨ ਲਈ 5 ਲੱਖ ਰੁਪਏ ਤੱਕ ਵਿਆਜ਼ ਮੁਕਤ ਕਰਜ਼ਾ ਪ੍ਰਦਾਨ ਕੀਤਾ ਜਾਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪਿੰਡਾਂ ਦੇ ਸਰਕਾਰੀ ਸਕੂਲਾਂ ਤੋਂ ਪਾਸ ਹੋਣ ਵਾਲੇ ਨੌਜਵਾਨਾਂ ਨੁੰ ਤਕਨੀਕੀ ਸਿੱਖਿਆ ਸੰਸਥਾਵਾਂ ਵਿਚ 33 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ ਅਤੇ ਸੂਬਾ ਉਹਨਾਂ ਦੀ ਉਚੇਰੀ ਸਿੱਖਿਆ ਦਾ ਖਰਚ ਚੁੱਕੇਗਾ।

ਇਕ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਇਹ ਕਹਿ ਕੇ ਲੋਕਾਂ ਨੁੰ ਮੂਰਖ ਬਣਾ ਰਹੇ ਹਨ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਕਿਹੜੇ ਹੁਕਮ ਉਹਨਾਂ ਕੋਲ ਪੈਂਡਿੰਗ ਪਏ ਹਨ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਕਮੇਟੀ ਦੀਆਂ ਸਿਫਾਰਸ਼ਾਂ ਦੇ ਬਾਵਜੂਦ ਆਪ ਸਰਕਾਰ ਨੇ ਤਿੰਨ ਵਾਰ ਉਹਨਾਂ ਦਾ ਕੇਸ ਰੱਦ ਕੀਤਾ ਹੈ। ਉਹਨਾਂ ਨੇ ਸ੍ਰੀ ਕੇਜਰੀਵਾਲ ਨੂੰ ਇਹ ਵੀ ਕਿਹਾ ਕਿ ਉਹ ਦੱਸਣ ਕਿ ਉਹਨਾਂ ਦੀ ਪਾਰਟੀ ਨੇ ਕਾਂਗਰਸ ਅਤੇ ਅਕਾਲੀ ਦਲ ਤੋਂ ਉਹਨਾਂ ਦੀ ਪਾਰਟੀ ਵਿਚ ਸ਼ਾਮਲ ਹੋਏ 60 ਆਗੂਆਂ ਨੁੰ ਅਤੇ ਅਪਰਾਧਿਕ ਪਿਛੋਕੜ ਵਾਲੇ ਲੁਧਿਆਣਾ ਦੇ 6 ਆਗੂਆਂ ਨੁੰ ਟਿਕਟਾਂ ਕਿਉਂ ਦਿੱਤੀਆਂ ਹਾਲਾਂਕਿ ਸ੍ਰੀ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਉਹ ਸਿਰਫ ਆਮ ਬੰਦਿਆਂ ਨੁੰ ਟਿਕਟਾਂ ਦੇਣਗੇ ਤੇ ਅਸਲੀਅਤ ਇਹ ਹੈ ਕਿ ਉਹਨਾਂ ਦੀ ਪਾਰਟੀ ਨੇ ਟਿਕਟਾਂ ਵੇਚੀਆਂ ਹਨ ਤੇ ਕਰੋੜਾਂ ਰੁਪਏ ਨਜਾਇਜ਼ ਇਕੱਠੇ ਕੀਤੇ ਹਨ।

Share this Article
Leave a comment