ਨਿਊਜ਼ ਡੈਸਕ : ਪਾਕਿਸਤਾਨ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮੌਤ ਦੀਆਂ ਅਫਵਾਹਾਂ ਅਤੇ ਦੇਸ਼ ਵਿੱਚ ਅਸ਼ਾਂਤੀ ਦੇ ਡਰ ਦੇ ਵਿਚਕਾਰ ਰਾਵਲਪਿੰਡੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਤਹਿਤ 1 ਤੋਂ 3 ਦਸੰਬਰ ਤੱਕ ਕਿਸੇ ਵੀ ਜਨਤਕ ਇਕੱਠ, ਰੈਲੀ, ਜਲੂਸ, ਧਰਨਾ, ਪ੍ਰਦਰਸ਼ਨ ਜਾਂ ਪੰਜ ਜਾਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਡਿਪਟੀ ਕਮਿਸ਼ਨਰ ਡਾ. ਹਸਨ ਵਕਾਰ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ।
ਜ਼ਿਕਰਯੋਗ ਹੈ ਕਿ ਇਹ ਪਾਬੰਦੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਵੱਲੋਂ ਮੰਗਲਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਬਾਹਰ ਅਤੇ ਰਾਵਲਪਿੰਡੀ (ਅਦਿਆਲਾ ਜੇਲ੍ਹ) ਵਿੱਚ ਫੈਸਲੇ ਵਿਰੁੱਧ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਕਰਨ ਤੋਂ ਬਾਅਦ ਲਗਾਈ ਗਈ ਹੈ।
ਇਸ ਹੁਕਮ ਵਿੱਚ ਕੋਈ ਵੀ ਵਿਅਕਤੀ ਹੱਥ ‘ਚ ਹਥਿਆਰ, ਡੰਡੇ, ਸਪਾਈਕ, ਪੈਟਰੋਲ ਬੰਬ, ਜਾਂ ਗੁਲੇਲ ਨਹੀਂ ਲੈ ਕੇ ਜਾ ਸਕਦਾ।ਲਾਊਡਸਪੀਕਰਾਂ ਦੀ ਵਰਤੋਂ ‘ਤੇ ਵੀ ਪਾਬੰਦੀ ਹੈ। ਇਸ ਦੇ ਨਾਲ ਹੀ ਨਫ਼ਰਤ ਭਰੇ ਭਾਸ਼ਣ ਦੇਣ, ਪੁਲਿਸ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕਰਨ ਪੈਟਰੋਲ ਬੰਬ ਅਤੇ ਵਿਸਫੋਟਕ ਸਮੱਗਰੀ ਲੈ ਕੇ ਜਾਣ ਦੀ ਵੀ ਮਨਾਹੀ ਹੈ।
ਬੀਤੇ ਕੱਲ੍ਹ ਯਾਨੀ ਕਿ 1 ਦਸੰਬਰ ਨੂੰ ਇਮਰਾਨ ਖਾਨ ਦੇ ਮਾਮਲੇ ਦੇ ਫੈਸਲੇ ਤੋਂ ਪਹਿਲਾਂ ਰਾਵਲਪਿੰਡੀ ਵਿੱਚ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਸੀ। ਰਿਪੋਰਟਾਂ ਅਨੁਸਾਰ, ਪਾਕਿਸਤਾਨੀ ਖੁਫੀਆ ਏਜੰਸੀ ਨੇ ਸ਼ਹਿਰ ਵਿੱਚ ਸੰਭਾਵਿਤ ਹਿੰਸਾ ਦੀ ਚੇਤਾਵਨੀ ਦਿੱਤੀ ਸੀ। ਇਹ ਲੋਕ ਸੰਵੇਦਨਸ਼ੀਲ ਥਾਵਾਂ, ਸਰਕਾਰੀ ਇਮਾਰਤਾਂ ਅਤੇ ਚੋਣਵੀਆਂ ਥਾਵਾਂ ‘ਤੇ ਹਮਲਾ ਕਰ ਸਕਦੇ ਹਨ, ਇਸ ਲਈ ਇਹ ਪਾਬੰਦੀਆਂ ਜਨਤਕ ਸੁਰੱਖਿਆ ਅਤੇ ਸ਼ਾਂਤੀ ਬਣਾਈ ਰੱਖਣ ਲਈ ਲਗਾਈਆਂ ਜਾ ਰਹੀਆਂ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

