ਨਿਊਜ਼ ਡੈਸਕ: ਪਾਕਿਸਤਾਨ ਏਅਰਪੋਰਟਸ ਅਥਾਰਟੀ (PAA) ਨੇ ਇੱਕ ਵਾਰ ਫਿਰ ਤੋਂ ਆਪਣੇ ਹਵਾਈ ਖੇਤਰ ਵਿੱਚ ਭਾਰਤੀ ਜਹਾਜ਼ਾਂ ਦੇ ਲੰਘਣ ‘ਤੇ ਪਾਬੰਦੀ ਨੂੰ ਵਧਾ ਦਿੱਤਾ ਹੈ। PAA ਨੇ ਐਲਾਨ ਕੀਤਾ ਹੈ ਕਿ ਪਾਕਿਸਤਾਨ ਨੇ ਭਾਰਤੀ ਉਡਾਣਾਂ ਲਈ ਆਪਣੇ ਹਵਾਈ ਖੇਤਰ ਨੂੰ 24 ਅਗਸਤ ਤੱਕ ਬੰਦ ਰੱਖੇਗਾ। ਇਹ ਪਾਬੰਦੀ ਭਾਰਤੀ ਏਅਰਲਾਈਨਜ਼ ਦੇ ਮਾਲਕੀ ਵਾਲੇ, ਸੰਚਾਲਿਤ ਜਾਂ ਲੀਜ਼ ‘ਤੇ ਲਏ ਗਏ ਸਾਰੇ ਜਹਾਜ਼ਾਂ ‘ਤੇ ਲਾਗੂ ਹੋਵੇਗੀ, ਭਾਵੇਂ ਉਹ ਨਾਗਰਿਕ ਹੋਣ ਜਾਂ ਫੌਜੀ। ਸੂਤਰਾਂ ਮੁਤਾਬਕ, ਸ਼ੁੱਕਰਵਾਰ (18 ਜੁਲਾਈ) ਨੂੰ ਜਾਰੀ ਇੱਕ ਨੋਟਮ (Notice to Airmen) ਦੁਪਹਿਰ 3:50 ਵਜੇ ਤੋਂ ਲਾਗੂ ਹੋ ਗਿਆ ਅਤੇ ਇਹ ਨਵੀਂ ਪਾਬੰਦੀ 24 ਅਗਸਤ (ਐਤਵਾਰ) ਸਵੇਰੇ 5:19 ਵਜੇ ਤੱਕ ਜਾਰੀ ਰਹੇਗੀ।
ਦੋਵੇਂ ਦੇਸ਼ਾਂ ਨੇ ਇੱਕ-ਦੂਜੇ ‘ਤੇ ਲਗਾਈਆਂ ਪਾਬੰਦੀਆਂ
ਜ਼ਿਕਰਯੋਗ ਹੈ ਕਿ ਭਾਰਤ ਨੇ ਵੀ ਪਾਕਿਸਤਾਨੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ‘ਤੇ ਪਾਬੰਦੀ ਲਗਾਈ ਹੋਈ ਹੈ। ਭਾਰਤ ਨੇ 24 ਜੁਲਾਈ ਤੱਕ ਪਾਕਿਸਤਾਨੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕੀਤਾ ਹੋਇਆ ਹੈ। ਇਹ ਪਾਬੰਦੀਆਂ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਲਗਾਈਆਂ ਗਈਆਂ ਸਨ, ਜਿਸ ਵਿੱਚ 26 ਲੋਕ ਮਾਰੇ ਗਏ ਸਨ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ 24 ਅਪ੍ਰੈਲ ਨੂੰ ਪਾਕਿਸਤਾਨ ਨੇ ਭਾਰਤੀ ਉਡਾਣਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ, ਜਿਸ ਤੋਂ ਬਾਅਦ 30 ਅਪ੍ਰੈਲ ਨੂੰ ਭਾਰਤ ਨੇ ਵੀ ਪਾਕਿਸਤਾਨੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ। ਉਦੋਂ ਤੋਂ ਦੋਵੇਂ ਦੇਸ਼ਾਂ ਦੇ ਹਵਾਈ ਖੇਤਰ ਇੱਕ-ਦੂਜੇ ਲਈ ਬੰਦ ਹਨ।
ਭਾਰਤ ਨੇ ਚਲਾਇਆ ਆਪਰੇਸ਼ਨ ਸਿੰਧੂਰ
ਜ਼ਿਕਰਯੋਗ ਹੈ ਕਿ ਭਾਰਤੀ ਸੁਰੱਖਿਆ ਬਲਾਂ ਨੇ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ‘ਓਪਰੇਸ਼ਨ ਸਿੰਧੂਰ’ ਸ਼ੁਰੂ ਕੀਤਾ ਸੀ। ਇਸ ਆਪਰੇਸ਼ਨ ਦੇ ਤਹਿਤ 6 ਅਤੇ 7 ਮਈ ਦੀ ਰਾਤ ਨੂੰ ਪਾਕਿਸਤਾਨ ਅਤੇ ਇਸ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਫੌਜ ਨੇ 9 ਅੱਤਵਾਦੀ ਟਿਕਾਣਿਆਂ ‘ਤੇ ਹਮਲੇ ਕੀਤੇ ਸਨ। ਇਸ ਤੋਂ ਬਾਅਦ ਤੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੀ ਸਥਿਤੀ ਬਣੀ ਹੋਈ ਸੀ। ਪਾਕਿਸਤਾਨ ਵੱਲੋਂ ਕਈ ਡਰੋਨ ਅਤੇ ਮਿਸਾਈਲ ਹਮਲੇ ਕੀਤੇ ਗਏ ਸਨ, ਪਰ ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਇਨ੍ਹਾਂ ਸਾਰੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਸੀ। ਫਿਲਹਾਲ, ਭਾਰਤ ਅਤੇ ਪਾਕਿਸਤਾਨ ਵਿਚਕਾਰ ਆਪਸੀ ਸਮਝੌਤੇ ਤੋਂ ਬਾਅਦ ਜੰਗਬੰਦੀ ਦੀ ਸਥਿਤੀ ਬਣੀ ਹੋਈ ਹੈ।