ਪਾਕਿਸਤਾਨ ਇਸ ਸਮੇਂ ਆਪਣੇ ਇਤਿਹਾਸ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੂਜੇ ਪਾਸੇ ਅੱਤਵਾਦ ਦੀ ਨਵੀਂ ਲਹਿਰ ਨੇ ਸੁਰੱਖਿਆ ਬਲਾਂ ਦਾ ਹੌਂਸਲਾ ਢਾਹ ਦਿੱਤਾ ਹੈ। ਇਸ ਦੌਰਾਨ, ਫੌਜ ਦੇ ਮੀਡੀਆ ਆਈਐਸਪੀਆਰ (ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼) ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿੱਚ ਖੁਫੀਆ ਜਾਣਕਾਰੀ ਦੀ ਅਗਵਾਈ ਵਾਲੀ ਮੁਹਿੰਮ ਵਿੱਚ ਸੁਰੱਖਿਆ ਬਲਾਂ ਨੇ ਅੱਠ ਅੱਤਵਾਦੀਆਂ ਨੂੰ ਮਾਰ ਦਿੱਤਾ। ਬੁੱਧਵਾਰ ਨੂੰ ਆਪਰੇਸ਼ਨ ਦੌਰਾਨ ਕਰਾਸਫਾਇਰ ‘ਚ ਦੋ ਬੱਚਿਆਂ ਦੀ ਵੀ ਮੌਤ ਹੋ ਗਈ।
ਬਿਆਨ ‘ਚ ਕਿਹਾ ਗਿਆ ਹੈ ਕਿ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਸੂਚਨਾ ਮਿਲਣ ‘ਤੇ ਦੱਖਣੀ ਵਜ਼ੀਰਿਸਤਾਨ ਜ਼ਿਲੇ ਦੇ ਜਾਂਗੜਾ ਇਲਾਕੇ ‘ਚ ਬੁੱਧਵਾਰ ਨੂੰ ਇਕ ਆਪਰੇਸ਼ਨ ਦੌਰਾਨ ਅੱਤਵਾਦੀਆਂ ਨੂੰ ਮਾਰ ਦਿੱਤਾ। ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਗੋਲੀਬਾਰੀ ‘ਚ ਦੋ ਬੱਚੇ ਵੀ ਮਾਰੇ ਗਏ। ਇਸ ਆਪਰੇਸ਼ਨ ਦੌਰਾਨ ਦੋ ਜਵਾਨ ਜ਼ਖ਼ਮੀ ਵੀ ਹੋਏ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਮਾਰੇ ਗਏ ਲੋਕਾਂ ਦੇ ਕਬਜ਼ੇ ਵਿਚੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।