ਪਾਕਿਸਤਾਨ ਦੀ ਅਦਾਲਤ ਨੇ ਈਸ਼ ਨਿੰਦਾ ਕਰਨ ਦੇ ਦੋਸ਼ ‘ਚ ਮਹਿਲਾ ਸਕੂਲ ਪ੍ਰਿੰਸੀਪਲ ਨੂੰ ਸੁਣਾਈ ਮੌਤ ਦੀ ਸਜ਼ਾ

TeamGlobalPunjab
2 Min Read

ਲਾਹੌਰ  : ਪਾਕਿਸਤਾਨ ਦੀ ਇਕ ਅਦਾਲਤ ਨੇ ਈਸ਼ ਨਿੰਦਾ ਲਈ ਇਕ ਮਹਿਲਾ ਸਕੂਲ ਪ੍ਰਿੰਸੀਪਲ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਸੋਮਵਾਰ ਨੂੰ ਨਿਸ਼ਤਰ ਕਲੋਨੀ ਦੇ ਇੱਕ ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਸਲਮਾ ਤਨਵੀਰ ਨੂੰ ਮੌਤ ਦੀ ਸਜ਼ਾ ਸੁਣਾਈ ਅਤੇ ਉਸ ਨੂੰ 5,000 ਰੁਪਏ (29 ਡਾਲਰ) ਦਾ ਜੁਰਮਾਨਾ ਵੀ ਲਗਾਇਆ।

ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਸੂਰ ਅਹਿਮਦ ਨੇ ਫੈਸਲੇ ਵਿੱਚ ਕਿਹਾ ਕਿ ਤਨਵੀਰ ਨੇ ਇਸ ਗੱਲ ਤੋਂ ਇਨਕਾਰ ਕਰਦਿਆਂ ਈਸ਼ ਨਿੰਦਾ ਕੀਤੀ ਕਿ ਪੈਗੰਬਰ ਮੁਹੰਮਦ ਇਸਲਾਮ ਦੇ ਆਖਰੀ ਨਬੀ ਨਹੀਂ ਸਨ। ਲਾਹੌਰ ਪੁਲਿਸ ਨੇ 2013 ਵਿੱਚ ਇੱਕ ਸਥਾਨਕ ਮੌਲਵੀ ਦੀ ਸ਼ਿਕਾਇਤ ‘ਤੇ ਤਨਵੀਰ ਵਿਰੁੱਧ ਈਸ਼ਨਿੰਦਾ ਦਾ ਕੇਸ ਦਰਜ ਕੀਤਾ ਸੀ।ਮਹਿਲਾ ਪ੍ਰਿੰਸੀਪਲ ‘ਤੇ ਹਜ਼ਰਤ ਮੁਹੰਮਦ ਨੂੰ ਅੰਤਿਮ ਮੰਨਣ ਤੋਂ ਇਨਕਾਰ ਕਰਨ ਤੇ ਖ਼ੁਦ ਨੂੰ ਇਸਲਾਮ ਦਾ ਪੈਗੰਬਰ ਹੋਣ ਦਾ ਦਾਅਵਾ ਕਰਨ ਦਾ ਦੋਸ਼ ਸੀ।

ਤਨਵੀਰ ਦੇ ਵਕੀਲ ਮੁਹੰਮਦ ਰਮਜਾਨ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੀ ਮੁਵੱਕਿਲ ਦਿਮਾਗ਼ੀ ਤੌਰ ‘ਤੇ ਠੀਕ ਨਹੀਂ ਹੈ ਤੇ ਅਦਾਲਤ ਨੂੰ ਇਸ ਤੱਥ ਨੂੰ ਧਿਆਨ ‘ਚ ਰੱਖਣਾ ਚਾਹੀਦਾ ਹੈ। ਹਾਲਾਂਕਿ ਅਦਾਲਤ ਨੂੰ ਸੌਂਪੀ ਗਈ ਪੰਜਾਬ ਮਾਨਸਿਕ ਸਿਹਤ ਸੰਸਥਾਨ ਦੇ ਮੈਡੀਕਲ ਬੋਰਡ ਦੀ ਇਕ ਰਿਪੋਰਟ ‘ਚ ਕਿਹਾ ਗਿਆ ਕਿ ਸ਼ੱਕੀ ਖ਼ਿਲਾਫ਼ ਸੁਣਵਾਈ ਚੱਲ ਸਕਦੀ ਹੈ ਕਿਉਂਕਿ ਉਹ ਮਾਨਸਿਕ ਤੌਰ ‘ਤੇ ਠੀਕ ਹੈ।

ਪਾਕਿਸਤਾਨ ਦਾ ਵਿਵਾਦਤ ਈਸ਼ ਨਿੰਦਾ ਕਾਨੂੰਨ ਤੇ ਇਸ ‘ਚ ਨਿਰਧਾਰਤ ਸਜ਼ਾ ਕਾਫ਼ੀ ਸਖ਼ਤ ਮੰਨੀ ਜਾਂਦੀ ਹੈ। 1987 ਤੋਂ ਪਾਕਿਸਤਾਨ ‘ਚ ਈਸ਼ ਨਿੰਦਾ ਕਾਨੂੰਨ ਤਹਿਤ 1472 ਲੋਕ ਦੋਸ਼ੀ ਠਹਿਰਾਏ ਜਾ ਚੁੱਕੇ ਹਨ। ਕੁਫ਼ਰ ਦੇ ਦੋਸ਼ ਵਾਲੇ ਲੋਕ ਆਮ ਤੌਰ ‘ਤੇ ਆਪਣੀ ਪਸੰਦ ਦੇ ਵਕੀਲ ਦੇ ਅਧਿਕਾਰ ਤੋਂ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਜ਼ਿਆਦਾਤਰ ਵਕੀਲ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਨੂੰ ਲੈਣ ਤੋਂ ਇਨਕਾਰ ਕਰਦੇ ਹਨ।

- Advertisement -

Share this Article
Leave a comment