ਬਲੋਚਿਸਤਾਨ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਇੱਕ ਕੋਲਾ ਖਾਣ ਦੇ ਅੰਦਰ ਹੋਏ ਭਿਆਨਕ ਮੀਥੇਨ ਗੈਸ ਧਮਾਕੇ ਨੇ ਕਈ ਪਰਿਵਾਰਾਂ ਦੀਆਂ ਖ਼ੁਸ਼ੀਆਂ ਖੋਹ ਲਈਆਂ। ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਦੇ ਬਾਹਰੀ ਇਲਾਕੇ ਵਿੱਚ ਸਥਿਤ ਇੱਕ ਕੋਲਾ ਖਾਣ ਵਿੱਚ ਹੋਏ ਭਿਆਨਕ ਧਮਾਕੇ ਵਿੱਚ ਘੱਟੋ-ਘੱਟ 32 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ 10 ਹੋਰ ਮਜ਼ਦੂਰ ਹਾਲੇ ਵੀ ਜ਼ਮੀਨ ਹੇਠਾਂ ਫਸੇ ਹੋਏ ਹਨ। ਅਧਿਕਾਰੀਆਂ ਮੁਤਾਬਕ ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਮੰਨੀ ਜਾ ਰਹੀ ਹੈ ਅਤੇ ਰਾਹਤ ਤੇ ਬਚਾਅ ਮੁਹਿੰਮ ਲਗਾਤਾਰ ਜਾਰੀ ਹੈ।
ਸਰਕਾਰੀ ਖਾਣ ਨਿਰੀਖਕ ਗਨੀ ਬਲੋਚ ਦੇ ਅਨੁਸਾਰ, ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਧਮਾਕਾ ਮੀਥੇਨ ਗੈਸ ਦੇ ਬਹੁਤ ਜ਼ਿਆਦਾ ਜਮ੍ਹਾਂ ਹੋਣ ਕਾਰਨ ਹੋਇਆ। ਹਾਦਸੇ ਦੇ ਕੁਝ ਘੰਟਿਆਂ ਬਾਅਦ ਪਹਿਲਾਂ ਸੱਤ ਮਜ਼ਦੂਰਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ, ਜਦੋਂ ਕਿ ਬਾਅਦ ਵਿੱਚ ਚਾਰ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਗਨੀ ਬਲੋਚ ਨੇ ਦੱਸਿਆ ਕਿ ਰਾਹਤ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਸਾਰੇ ਫਸੇ ਮਜ਼ਦੂਰਾਂ ਦਾ ਪਤਾ ਨਹੀਂ ਲੱਗ ਜਾਂਦਾ। ਹਾਲਾਂਕਿ ਉਨ੍ਹਾਂ ਨੇ ਖ਼ਦਸ਼ਾ ਜਤਾਇਆ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਮੀਥੇਨ ਗੈਸ ਧਮਾਕੇ ਤੋਂ ਬਾਅਦ ਆਕਸੀਜਨ ਦਾ ਪੱਧਰ ਲਗਭਗ ਜ਼ੀਰੋ ਹੋ ਜਾਂਦਾ ਹੈ, ਜਿਸ ਨਾਲ ਕਿਸੇ ਦੇ ਜ਼ਿੰਦਾ ਮਿਲਣ ਦੀ ਸੰਭਾਵਨਾ ਲਗਾਤਾਰ ਘਟਦੀ ਜਾਂਦੀ ਹੈ। ਇਸੇ ਕਰਕੇ ਬਚਾਅ ਟੀਮਾਂ ਵੀ ਬਹੁਤ ਸਾਵਧਾਨੀ ਨਾਲ ਅੰਦਰ ਅੱਗੇ ਵੱਧ ਰਹੀਆਂ ਹਨ।
ਸੂਬੇ ਦੇ ਮੁੱਖ ਖਾਣ ਨਿਰੀਖਕ ਮੁਹੰਮਦ ਆਤਿਫ਼ ਨੇ ਦੱਸਿਆ ਕਿ ਬਚਾਅ ਟੀਮਾਂ ਖਾਣ ਦੇ ਅੰਦਰ 4000 ਫੁੱਟ ਦੀ ਬਹੁਤ ਜ਼ਿਆਦਾ ਡੂੰਘਾਈ ਵਿੱਚ ਰਾਹਤ ਅਤੇ ਬਚਾਅ ਮੁਹਿੰਮ ਚਲਾ ਰਹੀਆਂ ਹਨ। ਉਨ੍ਹਾਂ ਨੇ ਕਿਹਾ, “ਸਾਨੂੰ ਕੁਝ ਮਜ਼ਦੂਰਾਂ ਦੇ ਜ਼ਿੰਦਾ ਮਿਲਣ ਦੀ ਉਮੀਦ ਹੈ, ਪਰ ਹਾਲਾਤਾਂ ਨੂੰ ਦੇਖਦੇ ਹੋਏ ਇਸ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

