ਪਾਕਿਸਤਾਨ ਸਰਗਰਮੀ ਨਾਲ ਰਿਹੈ ਪਰਮਾਣੂ ਹਥਿਆਰਾਂ ਦਾ ਪ੍ਰੀਖਣ, ਟਰੰਪ ਨੇ ਕੀਤਾ ਵੱਡਾ ਖੁਲਾਸਾ

Global Team
3 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਉਨ੍ਹਾਂ ਮੁਲਕਾਂ ਵਿੱਚ ਸ਼ਾਮਲ ਹੈ ਜੋ ਫਿਲਹਾਲ ਸਰਗਰਮੀ ਨਾਲ ਪਰਮਾਣੂ ਹਥਿਆਰਾਂ ਦੇ ਟੈਸਟ ਕਰ ਰਹੇ ਹਨ। ਉਨ੍ਹਾਂ ਨੇ ਇਸ ਨੂੰ ਕਈ ਮੁਲਕਾਂ ਵਿੱਚ ਚੱਲ ਰਹੇ ਵਿਆਪਕ ਪੈਟਰਨ ਦਾ ਹਿੱਸਾ ਦੱਸਿਆ, ਜਿਸ ਕਾਰਨ ਅਮਰੀਕਾ ਨੂੰ ਵੀ ਆਪਣੇ ਪਰਮਾਣੂ ਟੈਸਟ ਮੁੜ ਸ਼ੁਰੂ ਕਰਨੇ ਪੈਣਗੇ। ਐਤਵਾਰ ਨੂੰ ਸੀਬੀਐੱਸ ਨਿਊਜ਼ ਦੇ ’60 ਮਿਨਟਸ’ ਪ੍ਰੋਗਰਾਮ ਨੂੰ ਦਿੱਤੇ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਕਿ ਰੂਸ, ਚੀਨ, ਉੱਤਰੀ ਕੋਰੀਆ ਤੇ ਪਾਕਿਸਤਾਨ ਵਰਗੇ ਮੁਲਕ ਪਰਮਾਣੂ ਟੈਸਟ ਕਰ ਰਹੇ ਹਨ, ਪਰ ਅਮਰੀਕਾ ਇਕੱਲਾ ਅਜਿਹਾ ਮੁਲਕ ਹੈ ਜੋ ਅਜੇ ਤੱਕ ਇਸ ਤੋਂ ਪਰਹੇਜ਼ ਕਰ ਰਿਹਾ ਹੈ।

ਟਰੰਪ ਨੇ ਕੀ ਕਿਹਾ?

ਅਮਰੀਕੀ ਰਾਸ਼ਟਰਪਤੀ ਨੇ ਕਿਹਾ, “ਰੂਸ ਟੈਸਟ ਕਰ ਰਿਹਾ ਹੈ, ਚੀਨ ਟੈਸਟ ਕਰ ਰਿਹਾ ਹੈ ਪਰ ਉਹ ਇਸ ਬਾਰੇ ਗੱਲ ਨਹੀਂ ਕਰਦੇ। ਅਸੀਂ ਖੁੱਲ੍ਹਾ ਸਮਾਜ ਹਾਂ, ਅਸੀਂ ਵੱਖਰੇ ਹਾਂ। ਅਸੀਂ ਇਸ ਬਾਰੇ ਗੱਲ ਕਰਦੇ ਹਾਂ। ਸਾਨੂੰ ਗੱਲ ਕਰਨੀ ਪੈਂਦੀ ਹੈ, ਨਹੀਂ ਤਾਂ ਤੁਸੀਂ ਰਿਪੋਰਟ ਕਰੋਗੇ। ਉਨ੍ਹਾਂ ਕੋਲ ਅਜਿਹੇ ਪੱਤਰਕਾਰ ਨਹੀਂ ਜੋ ਇਸ ਬਾਰੇ ਲਿਖਣ।” ਉਨ੍ਹਾਂ ਨੇ ਅੱਗੇ ਕਿਹਾ, “ਅਸੀਂ ਵੀ ਟੈਸਟ ਕਰਾਂਗੇ ਕਿਉਂਕਿ ਉਹ ਟੈਸਟ ਕਰਦੇ ਹਨ ਤੇ ਹੋਰ ਵੀ ਕਰ ਰਹੇ ਹਨ। ਬੇਸ਼ੱਕ ਉੱਤਰੀ ਕੋਰੀਆ ਟੈਸਟ ਕਰ ਰਿਹਾ ਹੈ। ਪਾਕਿਸਤਾਨ ਟੈਸਟ ਕਰ ਰਿਹਾ ਹੈ।”

ਅਮਰੀਕਾ ਦੀ ਤਾਕਤ ਬਾਰੇ ਟਰੰਪ

ਇੰਟਰਵਿਊ ਦੌਰਾਨ ਡੋਨਾਲਡ ਟਰੰਪ ਨੇ ਕਿਹਾ, “ਸਾਡੇ ਕੋਲ ਕਿਸੇ ਵੀ ਮੁਲਕ ਨਾਲੋਂ ਵੱਧ ਪਰਮਾਣੂ ਹਥਿਆਰ ਹਨ ਤੇ ਮੈਨੂੰ ਲੱਗਦਾ ਹੈ ਕਿ ਇਸਸ ਬਾਰੇ ਕੁਝ ਕਰਨਾ ਚਾਹੀਦਾ ਹੈ। ਮੈਂ ਰਾਸ਼ਟਰਪਤੀ ਪੁਤਿਨ ਤੇ ਸ਼ੀ ਜਿਨਪਿੰਗ ਨਾਲ ਇਸ ਬਾਰੇ ਗੱਲ ਕੀਤੀ ਹੈ। ਸਾਡੇ ਕੋਲ ਦੁਨੀਆਂ ਨੂੰ 150 ਵਾਰ ਉਡਾਉਣ ਜਿੰਨੇ ਪਰਮਾਣੂ ਹਥਿਆਰ ਹਨ। ਰੂਸ ਕੋਲ ਵੀ ਬਹੁਤ ਸਾਰੇ ਹਨ ਤੇ ਚੀਨ ਕੋਲ ਵੀ ਜਲਦੀ ਹੀ ਬਹੁਤ ਹੋਣਗੇ।” ਉਨ੍ਹਾਂ ਨੇ ਅੱਗੇ ਕਿਹਾ, “ਅਮਰੀਕਾ ਇਕੱਲਾ ਅਜਿਹਾ ਮੁਲਕ ਨਹੀਂ ਹੋਣਾ ਚਾਹੀਦਾ ਜੋ ਟੈਸਟਾਂ ਤੋਂ ਪਰਹੇਜ਼ ਕਰੇ।”

ਅਮਰੀਕਾ ਕਰ ਰਿਹਾ ਤਿਆਰੀ

ਟਰੰਪ ਨੇ ਇਹ ਗੱਲਾਂ ਉਸ ਸਮੇਂ ਕਹੀਆਂ ਜਦੋਂ ਉਨ੍ਹਾਂ ਨੂੰ ਰੂਸ ਵੱਲੋਂ ਪੋਸਾਈਡਨ ਅੰਡਰਵਾਟਰ ਡਰੋਨ ਸਮੇਤ ਨਵੀਆਂ ਪਰਮਾਣੂ -ਸਮਰੱਥ ਪ੍ਰਣਾਲੀਆਂ ਦੇ ਟੈਸਟਾਂ ਬਾਰੇ ਪੁੱਛਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਟੈਸਟਾਂ ਦੀਆਂ ਤਿਆਰੀਆਂ ਪਹਿਲਾਂ ਹੀ ਚੱਲ ਰਹੀਆਂ ਹਨ, ਹਾਲਾਂਕਿ ਸਮਾਂ ਜਾਂ ਥਾਂ ਦਾ ਜ਼ਿਕਰ ਨਹੀਂ ਕੀਤਾ। ਜਦੋਂ ਪੁੱਛਿਆ ਗਿਆ ਕਿ ਕੀ ਨਵੇਂ ਟੈਸਟ ਦੁਨੀਆਂ ਨੂੰ ਅਸਥਿਰ ਕਰ ਸਕਦੇ ਹਨ, ਤਾਂ ਉਨ੍ਹਾਂ ਨੇ ਜਵਾਬ ਦਿੱਤਾ, “ਮੈਨੂੰ ਲੱਗਦਾ ਹੈ ਅਸੀਂ ਇਸ ਨੂੰ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਹੈ।”

ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਕਰੀਬਨ 30 ਸਾਲਾਂ ਬਾਅਦ ਅਮਰੀਕਾ ਨੂੰ ਫਿਰ ਪਰਮਾਣੂ ਹਥਿਆਰਾਂ ਦੀ ਦੌੜ ਵਿੱਚ ਉਤਾਰਿਆ ਹੈ, ਉਸ ਸਮੇਂ ਜਦੋਂ ਰੂਸ ਨੇ ਆਪਣੀ ਸਭ ਤੋਂ ਘਾਤਕ ਮਿਜ਼ਾਈਲ ਦਾ ਟੈਸਟ ਕੀਤਾ ਹੈ। ਇਹ ਪਰਮਾਣੂ ਊਰਜਾ ਨਾਲ ਚੱਲਣ ਵਾਲੀ ਮਿਜ਼ਾਈਲ ਹੈ ਜੋ 15 ਘੰਟੇ ਤੋਂ ਵੱਧ ਸਮੇਂ ਤੱਕ ਉਡਾਣ ਭਰ ਸਕਦੀ ਹੈ।

Share This Article
Leave a Comment