ਪਦਮ ਸ਼੍ਰੀ ਤੇ ਅਰਜੁਨ ਐਵਾਰਡੀ ਜੇਤੂ ਓਲੰਪੀਅਨ ਕੌਰ ਸਿੰਘ ਦਾ ਦੇਹਾਂਤ

Prabhjot Kaur
2 Min Read

ਸੰਗਰੂਰ : ਓਲੰਪੀਅਨ ਮੁੱਕੇਬਾਜ਼, ਪਦਮ ਸ਼੍ਰੀ, ਅਰਜੁਨ ਐਵਾਰਡੀ ਤੇ ਏਸ਼ਿਆਈ ਸੋਨ ਤਗਮਾ ਜੇਤੂ ਕੌਰ ਸਿੰਘ ਦਾ 85 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਕੁਰੂਕਸ਼ੇਤਰ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ। ਅੱਜ ਉਨ੍ਹਾਂ ਦਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਖਨਾਲ ਖੁਰਦ ਵਿੱਚ ਅੰਤਿਮ ਸਸਕਾਰ ਕੀਤਾ ਜਾਵੇਗਾ।

ਮਿਲੀ ਜਾਣਕਾਰੀ ਮੁਤਾਬਕ ਕੌਰ ਸਿੰਘ ਸ਼ੂਗਰ ਤੋਂ ਪੀੜਤ ਸਨ। ਦੋ ਦਿਨ ਪਹਿਲਾਂ ਉਨ੍ਹਾਂ ਦਾ ਇਲਾਜ ਪਹਿਲਾਂ ਪਟਿਆਲਾ ਤੇ ਬਾਅਦ ਵਿੱਚ ਕੁਰੂਕਸ਼ੇਤਰ ਦੇ ਹਸਪਤਾਲ ਵਿੱਚ ਚੱਲ ਰਿਹਾ ਸੀ।

ਦੱਸਣਯੋਗ ਹੈ ਕਿ ਉਹ ਮਹਾਨ ਖਿਡਾਰੀ ਮੁਹੰਮਦ ਅਲੀ ਨਾਲ ਮੁਕਾਬਲਾ ਕੀਤਾ ਸੀ। ਕੌਰ ਸਿੰਘ ਨੇ ਦੇਸ਼ ਲਈ ਕਈ ਮੈਡਲ ਜਿੱਤੇ। ਉਨ੍ਹਾਂ ਨੂੰ 1982 ‘ਚ ਅਰਜੁਨ ਐਵਾਰਡ ਅਤੇ 1983 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੇ ਜੀਵਨ ‘ਤੇ ਪੰਜਾਬੀ ਫਿਲਮ ਵੀ ਬਣੀ ਹੈ। ਮੌਜੂਦਾ ਪੰਜਾਬ ਸਰਕਾਰ ਨੇ ਇਸ ਸੈਸ਼ਨ ‘ਚ ਉਨ੍ਹਾਂ ਦੀ ਜੀਵਨੀ ਨੂੰ ਪੁਸਤਕਾਂ ਵਿੱਚ ਸ਼ਾਮਲ ਕੀਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਦੇਹਾਂਤ ‘ਤੇ ਟਵੀਟ ਕਰਕੇ ਦੁੱਖ ਜਤਾਇਆ ਹੈ। ਉਨ੍ਹਾਂ ਲਿਖਿਆ, ‘ਓਲੰਪੀਅਨ ਮੁੱਕੇਬਾਜ ਪਦਮ ਸ਼੍ਰੀ ਕੌਰ ਸਿੰਘ ਜੀ…ਜਿਨ੍ਹਾਂ ਸੰਗਰੂਰ ਦੇ ਪਿੰਡ ਖਨਾਲ ਖੁਰਦ ਤੋਂ ਹੁੰਦੇ ਹੋਏ ਏਸ਼ੀਆ ਗੇਮਜ਼ ‘ਚ ਭਾਰਤ ਦਾ ਦਬਦਬਾ ਬਣਾ ਕੇ ਰੱਖਿਆ ਤੇ ਸੋਨ ਤਗਮਾ ਦੇਸ਼ ਦੀ ਝੋਲੀ ਪਾਇਆ…ਕੌਰ ਸਿੰਘ ਅੱਜ ਸਾਨੂੰ ਵਿਛੋੜਾ ਦੇ ਗਏ…ਪਰਮਾਤਮਾ ਅੱਗੇ ਅਰਦਾਸ ਵਿੱਛੜੀ ਰੂਹ ਨੂੰ ਚਰਨੀਂ ਲਾਉਣ ਤੇ ਮੁਸ਼ਕਲ ਘੜੀ ‘ਚ ਪਰਿਵਾਰ ਨਾਲ ਦਿਲੋਂ ਹਮਦਰਦੀ।’

- Advertisement -

Share this Article
Leave a comment