ਪੀ.ਏ.ਯੂ. ਦੀਆਂ ਖੇਤੀ ਬਾਰੇ ਦੋ ਫਿਲਮਾਂ 10ਵੇਂ ਰਾਸ਼ਟਰੀ ਵਿਗਿਆਨ ਫਿਲਮ ਫੈਸਟੀਵਲ ਵਿੱਚ ਪ੍ਰਦਰਸ਼ਿਤ ਹੋਣ ਵਾਸਤੇ ਚੁਣੀਆਂ ਗਈਆਂ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਵਿਗਿਆਨ ਪ੍ਰਸਾਰ ਸੈਕਸ਼ਨ ਵੱਲੋਂ ਤ੍ਰਿਪੁਰਾ ਸਰਕਾਰ ਦੇ ਸਹਿਯੋਗ ਨਾਲ ਦਸਵਾਂ ਰਾਸ਼ਟਰੀ ਵਿਗਿਆਨ ਫਿਲਮ ਫੈਸਟੀਵਲ ਸ਼ੁਰੂ ਹੋਇਆ। ਇਸ ਫਿਲਮ ਫੈਸਟੀਵਲ ਵਿੱਚ ਵਿਗਿਆਨ ਦੇ ਵਿਸ਼ੇ ਨਾਲ ਸੰਬੰਧਤ ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਕਲਾ ਦੇ ਮਾਧਿਅਮ ਰਾਹੀਂ ਸਮਾਜ ਨੂੰ ਵਿਗਿਆਨ ਦਾ ਸੁਨੇਹਾ ਦੇਣ ਲਈ ਇਸ ਫਿਲਮ ਫੈਸਟੀਵਲ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਫਿਲਮ ਫੈਸਟੀਵਲ ਦਾ ਆਨਲਾਈਨ ਆਰੰਭ ਹੋਇਆ ਜਿਸ ਵਿੱਚ ਵਿਗਿਆਨ ਪ੍ਰਸਾਰ ਦੇ ਨਿਰਦੇਸ਼ਕ ਡਾ. ਨਕੁਲ ਪਰਾਸ਼ਰ, ਤ੍ਰਿਪੁਰਾ ਸਰਕਾਰ ਦੇ ਸਕੱਤਰ ਸ੍ਰੀਮਤੀ ਤਨੁਸ਼੍ਰੀ ਦੇਬ ਵਰਮਾ, ਦੂਰਦਰਸ਼ਨ ਦੇ ਵਧੀਕ ਨਿਰਦੇਸ਼ਕ ਜਨਰਲ ਸ੍ਰੀ ਅਨਿਲ ਕੁਮਾਰ ਸ੍ਰੀਵਾਸਤਵ ਅਤੇ ਤ੍ਰਿਪੁਰਾ ਦੇ ਮੁੱਖਮੰਤਰੀ ਸ੍ਰੀ ਬਿਪਲਬ ਕੁਮਾਰ ਦੇਬ ਸ਼ਾਮਿਲ ਹੋਏ। ਮੁੱਖਮੰਤਰੀ ਤ੍ਰਿਪੁਰਾ ਨੇ ਸਮਾਜ ਸਾਹਮਣੇ ਮੌਜੂਦ ਸੰਕਟਾਂ ਦੇ ਮੱਦੇਨਜ਼ਰ ਕਲਾ ਦੀ ਹੋਰ ਡੂੰਘੀ ਹੋ ਰਹੀ ਭੂਮਿਕਾ ਬਾਰੇ ਗੱਲਾਂ ਕੀਤੀਆਂ । ਉਹਨਾਂ ਕਿਹਾ ਕਿ ਕਲਾਕਾਰਾਂ ਨੇ ਹੁਣ ਧਰਤੀ ਨੂੰ ਬਿਹਤਰ ਬਨਾਉਣ ਦਾ ਸਮਾਂ ਲੋਕਾਂ ਤੱਕ ਪਹੁੰਚਾਉਣਾ ਹੈ।

ਜ਼ਿਕਰਯੋਗ ਹੈ ਕਿ ਇਹ ਫਿਲਮ ਫੈਸਟੀਵਲ 24-27 ਨਵੰਬਰ ਤੱਕ ਚੱਲੇਗਾ। ਇਸ ਫੈਸਟੀਵਲ ਦੌਰਾਨ ਕਈ ਸੈਸ਼ਨਾਂ ਵਿੱਚ ਵਿਗਿਆਨ ਬਾਰੇ ਬੜੀਆਂ ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ । ਇਸ ਤੋਂ ਇਲਾਵਾ ਇਹਨਾਂ ਫਿਲਮਾਂ ਦੇ ਨਿਰਮਾਣ ਦੇ ਤਕਨੀਕੀ ਪੱਖਾਂ ਦੇ ਨਾਲ-ਨਾਲ ਵਿਗਿਆਨ ਅਤੇ ਕਲਾ ਦੇ ਸੁਮੇਲ ਬਾਰੇ ਵਿਚਾਰ ਚਰਚਾਵਾਂ ਹੋਣਗੀਆਂ । ਪੀ.ਏ.ਯੂ. ਦੇ ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਨਿਰਮਤ ਦੋ ਵਿਗਿਆਨਕ ਫਿਲਮਾਂ ਦਾ ਪ੍ਰਦਰਸ਼ਨ ਇਸ ਫੈਸਟੀਵਲ ਦੌਰਾਨ ਹੋਵੇਗਾ । ਇਹਨਾਂ ਵਿੱਚ 26 ਨਵੰਬਰ ਨੂੰ ਸ਼ਾਮ 6 ਵਜੇ ਸੰਚਾਰ ਕੇਂਦਰ ਦੇ ਸਹਾਇਕ ਨਿਰਦੇਸ਼ਕ ਡਾ. ਅਨਿਲ ਸ਼ਰਮਾ ਵੱਲੋਂ ਨਿਰਦੇਸ਼ਤ ਲਘੂ ਫਿਲਮ ‘ਸਭੀ ਪਾਪਾ ਸੁਨੋ ਹਮਾਰੀ ਬਿਨਤੀ’ ਦਿਖਾਈ ਜਾਵੇਗੀ । 27 ਤਰੀਕ ਨੂੰ ‘ਹਮ ਸਾਥ ਹੈਂ’ ਦਿਖਾਈ ਜਾਵੇਗੀ। ਇਹਨਾਂ ਫਿਲਮਾਂ ਦੇ ਨਿਰਮਾਣ ਵਿੱਚ ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਸਮਾਜ ਨੂੰ ਸਾਰਥਕ ਸੁਨੇਹਾ ਦੇਣ ਅਤੇ ਵਾਤਾਵਰਨ ਪੱਖੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪਹਿਲ ਕਦਮੀ ਕੀਤੀ ਹੈ। ਦੋਵਾਂ ਫਿਲਮਾਂ ਵਿੱਚ ਅਦਾਕਾਰੀ ਕਰਨ ਵਾਲੇ ਵਿਦਿਆਰਥੀਆਂ ਅਭਿਸ਼ੇਰ, ਸ਼ਰਨ ਢਿੱਲੋਂ, ਹਰਜੋਬਨ, ਜਸਅਨਮੋਲ, ਪਲਵਿੰਦਰ ਬਾਸੀ, ਰਣਬੀਰ, ਗੌਰਵ, ਹਰਮਨ, ਜੋਤੀ ਸ਼ਰਮਾ ਅਤੇ ਬੇਬੀ ਬਾਨੀ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹਨ।

Share this Article
Leave a comment