ਪੀ.ਏ.ਯੂ. ਦੀ ਅਗਵਾਈ ਅਤੇ ਕਿਸਾਨਾਂ ਦੀ ਮਿਹਨਤ ਨੇ ਦੇਸ਼ ਦੇ ਅੰਨ-ਭੰਡਾਰ ਭਰੇ : ਕੈਪਟਨ

TeamGlobalPunjab
9 Min Read

ਚੰਡੀਗੜ੍ਹ (ਅਵਤਾਰ ਸਿੰਘ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੀ.ਏ.ਯੂ. ਦੇ ਆਨਲਾਈਨ ਵਰਚੂਅਲ ਕਿਸਾਨ ਮੇਲੇ ਦਾ ਉਦਘਾਟਨ ਕੀਤਾ । ਇੱਕ ਲੱਖ ਤੋਂ ਵਧੇਰੇ ਗਿਣਤੀ ਵਿੱਚ ਕਿਸਾਨਾਂ ਨੇ ਯੂਨੀਵਰਸਿਟੀ ਦੀ ਵੈਬਸਾਈਟ, ਫੇਸਬੁੱਕ ਅਤੇ ਯੂਟਿਊਬ ਦੇ ਮਾਧਿਅਮ ਰਾਹੀਂ ਇਸ ਮੇਲੇ ਵਿੱਚ ਸ਼ਿਰਕਤ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਉਦਘਾਟਨੀ ਸ਼ਬਦਾਂ ਵਿੱਚ ਕਿਹਾ ਕਿ ਕਿਸਾਨ ਮੇਲਿਆਂ ਦੀ ਪਰੰਪਰਾ ਪੰਜਾਬ ਦੇ ਖੇਤੀ ਵਿਕਾਸ ਦਾ ਇਤਿਹਾਸ ਹੈ। ਹਰੀ ਕ੍ਰਾਂਤੀ ਤੋਂ ਪਹਿਲਾਂ ਅਸੀਂ ਅਮਰੀਕਾ ਤੋਂ ਕਣਕ ਲੈਂਦੇ ਸਾਂ ਜੋ ਕਿ ਦੇਸ਼ ਲਈ ਹੇਠੀ ਵਾਲੀ ਗੱਲ ਸੀ। ਪੀ.ਏ.ਯੂ. ਨੇ ਵਿਗਿਆਨਕ ਅਗਵਾਈ ਦਿੱਤੀ ਅਤੇ ਕਿਸਾਨਾਂ ਨੇ ਮਿਹਨਤ ਕਰਕੇ ਦੇਸ਼ ਦੇ ਅੰਨ ਭੰਡਾਰ ਭਰ ਦਿੱਤੇ। ਕਣਕ ਅਤੇ ਝੋਨੇ ਦੀਆਂ ਨਵੀਆਂ ਕਿਸਮਾਂ ਦੇ ਕੇ ਪੀ.ਏ.ਯੂ. ਨੇ ਦੇਸ਼ ਨੂੰ ਅਨਾਜ ਪੱਖੋਂ ਸਵੈ ਨਿਰਭਰ ਬਣਾਇਆ। ਮੁੱਖ ਮੰਤਰੀ ਪੰਜਾਬ ਨੇ ਕੋਵਿਡ ਦੌਰਾਨ ਕਣਕ ਦੇ ਮੰਡੀਕਰਨ ਵਿੱਚ ਸਹਿਯੋਗ ਲਈ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੰਕਟ ਦੌਰਾਨ ਜੋ ਅਨਾਜ ਗਰੀਬਾਂ ਨੂੰ ਵੰਡਿਆ ਗਿਆ ਉਹ ਪੈਦਾ ਕਰਨ ਵਿੱਚ ਪੰਜਾਬ ਦੇ ਕਿਸਾਨਾਂ ਦਾ ਯੋਗਦਾਨ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ 72% ਕਿਸਾਨ ਪੰਜ ਏਕੜ ਤੋਂ ਘੱਟ ਜ਼ਮੀਨ ਦੀ ਮਾਲਕੀ ਵਾਲੇ ਹਨ ਅਤੇ ਘੱਟੋ ਘੱਟ ਸਮਰਥਨ ਮੁੱਲ ਉਹਨਾਂ ਦੇ ਉਤਪਾਦਨ ਦੀ ਸ਼ਕਤੀ ਹੈ। ਪੰਜਾਬ ਦੇ ਆਰਥਿਕ, ਸਮਾਜਿਕ ਅਤੇ ਭੂਗੋਲਿਕ ਹਾਲਾਤ ਬਾਰੇ ਫਿਕਰਮੰਦੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦੇ ਖਤਮ ਹੋ ਰਹੇ ਪਾਣੀ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਕਿਸਾਨਾਂ ਦੀ ਬਿਹਤਰੀ ਨੂੰ ਕਿਸੇ ਵੀ ਢਿੱਲ ਦੀ ਸਿਆਸਤ ਨਾਲ ਨਹੀਂ ਜੋੜਨਾ ਚਾਹੀਦਾ। ਪਾਣੀ ਦੀ ਘਾਟ ਪਿਛਲੇ ਕੁਝ ਸਾਲਾਂ ਵਿੱਚ ਸਾਹਮਣੇ ਆਈ ਹੈ। ਗਲੇਸ਼ੀਅਰ ਸੁੱਕ ਰਹੇ ਹਨ ਅਤੇ ਮਜ਼ਬੂਰੀ ਵਿੱਚ ਸਾਨੂੰ ਪਾਣੀ ਧਰਤੀ ਹੇਠੋਂ ਕੱਢਣਾ ਪੈ ਰਿਹਾ ਹੈ। ਇਸ ਲਈ ਘੱਟ ਪਾਣੀ ਵਾਲੀਆਂ ਫ਼ਸਲਾਂ ਅਤੇ ਘੱਟ ਪਾਣੀ ਵਰਤਣ ਵਾਲੀਆਂ ਸਿੰਚਾਈ ਤਕਨੀਕਾਂ ਦੀ ਖੋਜ ਕਰਨੀ ਸਮੇਂ ਦੀ ਮੰਗ ਹੈ। ਉਹਨਾਂ ਕਿਹਾ ਕਿ ਸਰੋਤਾਂ ਦੀ ਘਾਟ ਦੇ ਬਾਵਜੂਦ ਪੀ.ਏ.ਯੂ. ਦੇ ਵਿਗਿਆਨੀਆਂ ਨੇ ਜ਼ਿਕਰਯੋਗ ਕੰਮ ਕੀਤਾ ਹੈ ਅਤੇ ਨਵੇਂ ਸਮੇਂ ਦੀਆਂ ਲੋੜਾਂ ਮੁਤਾਬਿਕ ਖੇਤੀ ਮਾਡਲ ਦੀ ਉਸਾਰੀ ਦਾ ਜ਼ਿੰਮਾ ਵੀ ਇਹਨਾਂ ਵਿਗਿਆਨੀਆਂ ਸਿਰ ਹੀ ਹੈ।

ਇਸ ਮੌਕੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਆਪਣੇ ਸਵਾਗਤੀ ਸ਼ਬਦਾਂ ਵਿੱਚ ਕਿਹਾ ਕਿ ਇਸ ਵਾਰ ਮੇਲੇ ਦਾ ਉਦੇਸ਼ ‘ਵੀਰਾ ਸਾੜ ਨਾ ਪਰਾਲੀ ਮਿੱਟੀ ਪਾਣੀ ਵੀ ਸੰਭਾਲ, ਆਪਣੇ ਪੰਜਾਬ ਦਾ ਤੂੰ ਰੱਖ ਲੈ ਖਿਆਲ’ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਪਿਛਲੇ ਕੁਝ ਮਹੀਨੇ ਮੁਸ਼ਕਿਲ ਭਰੇ ਰਹੇ ਪਰ ਉਸ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ। ਖੇਤੀ ਦੇ ਕੰਮਾਂ ਨੂੰ ਲਗਾਤਾਰ ਕਰਨ ਦਾ ਜ਼ਿਕਰ ਕਰਦਿਆਂ ਡਾ. ਢਿੱਲੋਂ ਨੇ ਕਣਕ ਦੀ ਵਾਢੀ ਅਤੇ ਸਫ਼ਲ ਮੰਡੀਕਰਨ ਦੌਰਾਨ ਕਿਸਾਨਾਂ ਅਤੇ ਸਰਕਾਰ ਦੇ ਸਹਿਯੋਗ ਬਾਰੇ ਤਸੱਲੀ ਪ੍ਰਗਟ ਕੀਤੀ। ਉਹਨਾਂ ਕਿਹਾ ਕਿ 2010 ਤੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਦੀ ਸਿਫ਼ਾਰਸ਼ ਕੀਤੀ ਜਾ ਰਹੀ ਸੀ। ਇਸ ਵਾਰ ਹਾਲਾਤ ਕਾਰਨ ਸਿੱਧੀ ਬਿਜਾਈ ਹੇਠ 20% ਰਕਬਾ ਵਧਿਆ ਹੈ। ਕਿਸਾਨਾਂ ਨੇ ਝੋਨੇ ਦੀ ਬਿਜਾਈ ਲਈ ਜੋ ਤਜਰਬੇ ਕੀਤੇ ਉਹਨਾਂ ਨੇ ਖੇਤੀ ਵਿਗਿਆਨੀਆਂ ਨੂੰ ਵੀ ਸੇਧ ਦਿੱਤੀ ਹੈ। ਡਾ. ਢਿੱੱਲੋਂ ਨੇ ਪਰਾਲੀ ਦੀ ਸੰਭਾਲ ਨੂੰ ਮੌਜੂਦਾ ਸਮੇਂ ਦੀ ਲੋੜ ਕਿਹਾ ਕਿ ਕੋਵਿਡ ਸੰਕਟ ਦੇ ਮਨੁੱਖੀ ਸਰੀਰ ਲਈ ਖਤਰੇ ਕਰਕੇ ਵੀ ਪਰਾਲੀ ਸਾੜਨ ਦੇ ਰੁਝਾਨ ਨੂੰ ਹਰ ਹਾਲ ਬੰਦ ਕਰਨਾ ਪਵੇਗਾ। ਕਿਸਾਨਾਂ ਨੂੰ ਪਰਾਲੀ ਸੰਭਾਲਣ ਲਈ ਪ੍ਰੇਰਿਤ ਕਰਦਿਆਂ ਡਾ. ਢਿੱਲੋਂ ਨੇ ਨਵੇਂ ਸੰਦਾਂ ਨੂੰ ਕਿਰਾਏ ਤੇ ਲੈ ਕੇ ਚਲਾਉਣ ਲਈ ਕਿਹਾ। ਉਹਨਾਂ ਕਿਹਾ ਕਿ ਹਰ ਨਵੀਂ ਤਕਨੀਕ ਅਪਨਾਉਣ ਸਮੇਂ ਕੁਝ ਮੁਸ਼ਕਿਲਾਂ ਆਉਂਦੀਆਂ ਹਨ ਪਰ ਪੰਜਾਬ ਦਾ ਕਿਸਾਨ ਇਹਨਾਂ ਚੁਣੌਤੀਆਂ ਨਾਲ ਦੋ-ਚਾਰ ਹੋਣ ਦਾ ਮਾਦਾ ਰੱਖਦਾ ਹੈ। ਡਾ. ਢਿੱਲੋਂ ਨੇ ਪਰਾਲੀ ਖੇਤ ਵਿੱਚ ਵਾਹੁਣ ਦੇ ਤਿੰਨ ਸਾਲਾਂ ਬਾਅਦ ਝਾੜ ਵਿੱਚ ਵਾਧੇ ਅਤੇ ਖਾਦਾਂ ਦੀ ਵਰਤੋਂ ਵਿੱਚ ਸੰਜਮ ਵਰਤਣ ਬਾਰੇ ਕਿਸਾਨਾਂ ਨਾਲ ਗੱਲ ਕੀਤੀ। ਉਹਨਾਂ ਨੇ ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ ਢੁੱਕਵੇਂ ਇਲਾਕੇ ਵਿੱਚ ਢੁੱਕਵੀਆਂ ਕਿਸਮਾਂ ਬੀਜਣ ਅਤੇ ਸਾਰੇ ਰਕਬੇ ਵਿੱਚ ਇੱਕ ਹੀ ਕਿਸਮ ਨਾ ਬੀਜਣ ਲਈ ਕਿਹਾ। ਇਸ ਤੋਂ ਇਲਾਵਾ ਪੀ.ਏ.ਯੂ. ਵੱਲੋਂ ਨਵੀਆਂ ਕਿਸਮਾਂ ਦਾ ਜ਼ਿਕਰ ਕਰਦਿਆਂ ਡਾ. ਢਿੱਲੋਂ ਨੇ ਹਾੜ੍ਹੀ ਲਈ ਦਾਲਾਂ, ਤੇਲਬੀਜ ਫ਼ਸਲਾਂ ਅਤੇ ਚਾਰੇ ਦੀਆਂ ਨਵੀਆਂ ਕਿਸਮਾਂ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਕੁਦਰਤ ਪੱਖੀ ਕਾਸ਼ਤ ਲਈ ਪੀ.ਏ.ਯੂ. ਦੇ ਤਜਰਬੇ ਬੇਹੱਦ ਸਫ਼ਲ ਰਹੇ ਹਨ। ਨਿੰਮ ਦੇ ਘੋਲ ਨਾਲ ਕਣਕ ਦੇ ਤੇਲੇ ਦੀ ਰੋਕਥਾਮ ਦਾ ਜ਼ਿਕਰ ਡਾ. ਢਿੱਲੋਂ ਨੇ ਇਸੇ ਪ੍ਰਸੰਗ ਵਿੱਚ ਕੀਤਾ । ਖੇਤੀ ਦੇ ਸਹਾਇਕ ਧੰਦਿਆਂ ਨੂੰ ਅਪਨਾਉਣ ਅਤੇ ਖੇਤੀ ਕਰਨ ਵਾਲੇ ਪਰਿਵਾਰਾਂ ਲਈ ਦੂਜੇ ਸਰੋਤਾਂ ਤੋਂ ਆਮਦਨ ਵਧਾਉਣ ਦੀ ਲੋੜ ਉਪਰ ਉਹਨਾਂ ਨੇ ਵਿਸ਼ੇਸ਼ ਤੌਰ ਤੇ ਜ਼ੋਰ ਦਿੱਤਾ। ਕੋਵਿਡ ਦੌਰ ਵਿੱਚ ਵੀ ਪੀ.ਏ.ਯੂ. ਦੀਆਂ ਪਸਾਰ ਗਤੀਵਿਧੀਆਂ ਦਾ ਜ਼ਿਕਰ ਕਰਦਿਆਂ ਉਹਨਾਂ ਹਫ਼ਤਾਵਰ ਡਿਜ਼ੀਟਲ ਅਖਬਾਰ ਅਤੇ ਵਟਸਐਪ ਗਰੁੱਪਾਂ ਬਾਰੇ ਗੱਲ ਕੀਤੀ। ਟੀ ਵੀ ਰੇਡਿਓ ਵਾਰਤਾਵਾਂ ਅਤੇ ਮੌਸਮ ਸੰਬੰਧੀ ਤਾਜ਼ਾ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ ਬਾਰੇ ਪੀ.ਏ.ਯੂ. ਦੀਆਂ ਕੋਸ਼ਿਸ਼ਾਂ ਨੂੰ ਸਾਹਮਣੇ ਲਿਆਂਦਾ। ਡਾ. ਢਿੱਲੋਂ ਨੇ ਹਰ ਬੁੱਧਵਾਰ ਫੇਸਬੁੱਕ ਉਪਰ ਕੀਤੇ ਜਾ ਰਹੇ ਲਾਈਵ ਨਾਲ 40 ਤੋਂ 50 ਹਜ਼ਾਰ ਕਿਸਾਨਾਂ ਦੇ ਜੁੜਨ ਦੀ ਗੱਲ ਕੀਤੀ। ਉਹਨਾਂ ਨੇ ਟੋਲ ਫਰੀ ਨੰਬਰ 1800-180-5100 ਨੂੰ ਯੂਨੀਵਰਸਿਟੀ ਦੇ ਨਾਲ ਜੁੜਨ ਦਾ ਇੱਕ ਵਸੀਲਾ ਕਿਹਾ। ਡਾ. ਢਿੱਲੋਂ ਨੇ ਕਿਹਾ ਕਿ ਪਹਿਲੀ ਵਾਰ ਲਾਏ ਜਾ ਰਹੇ ਵਰਚੂਅਲ ਕਿਸਾਨ ਮੇਲੇ ਦੀ ਪਹੁੰਚ ਕਿਸਾਨ ਬੀਬੀਆਂ ਤੱਕ ਵਧੇਗੀ। ਉਹਨਾਂ ਅਗਲੀਆਂ ਫ਼ਸਲਾਂ ਲਈ ਕਿਸਾਨਾਂ ਨੂੰ ਸ਼ੁਭ ਕਾਮਨਾਵਾਂ ਦਿੱਤਿਆਂ ਯੂਨੀਵਰਸਿਟੀ ਦੇ ਕਿਸਾਨੀ ਦੀ ਬਿਹਤਰੀ ਲਈ ਦ੍ਰਿੜ ਸੰਕਲਪ ਨੂੰ ਦੋਹਰਾਇਆ।

ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਇਸ ਕਿਸਾਨ ਮੇਲੇ ਨੂੰ ਇੱਕ ਮੁਬਾਰਕ ਮੌਕਾ ਕਿਹਾ। ਉਹਨਾਂ ਕਿਹਾ ਕਿ ਅਜ਼ਾਦੀ ਤੋਂ ਬਾਅਦ ਖੇਤੀ ਦੇ ਵਿਕਾਸ ਦਾ ਇਤਿਹਾਸ ਪੀ.ਏ.ਯੂ. ਨੇ ਸਿਰਜਿਆ ਹੈ। ਭੋਜਨ ਖੇਤਰ ਵਿੱਚ ਦੇਸ਼ ਨੂੰ ਆਤਮ ਨਿਰਭਰ ਬਨਾਉਣ ਵਿੱਚ ਪੀ.ਏ.ਯੂ. ਦਾ ਬੇਹੱਦ ਉਘਾ ਸਥਾਨ ਹੈ। ਉਹਨਾਂ ਨੇ ਕਿਹਾ ਕਿ ਅਮਰੀਕਨ ਸੁੰਡੀ ਅਤੇ ਚਿੱਟੀ ਮੱਖੀ ਵਰਗੀਆਂ ਮੁਸੀਬਤਾਂ ਦਾ ਟਾਕਰਾ ਪੀ.ਏ.ਯੂ. ਦੀਆਂ ਕੋਸ਼ਿਸ਼ਾਂ ਸਦਕਾ ਹੀ ਸੰਭਵ ਹੋਇਆ। ਹੁਣ ਭੋਜਨ ਸੁਰੱਖਿਆ ਦੇ ਨਾਲ-ਨਾਲ ਪੋਸ਼ਣ-ਸੁਰੱਖਿਆ ਦੀ ਲੋੜ ਹੈ। ਸ੍ਰੀ ਜਾਖੜ ਨੇ ਕਿਸਾਨਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਅੰਨਦਾਤਾ ਨੂੰ ਸੁਰੱਖਿਅਤ ਹੋਂਦ ਦਾ ਅਹਿਸਾਸ ਬਹੁਤ ਜ਼ਰੂਰੀ ਹੈ।

ਇਸ ਮੌਕੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਨੇ ਮੌਜੂਦਾ ਹਾਲਾਤ ਵਿੱਚ ਪਸ਼ੂ ਪਾਲਣ ਦੇ ਮਹੱਤਵ ਬਾਰੇ ਗੱਲ ਕੀਤੀ। ਉਹਨਾਂ ਕਿਹਾ ਦੁੱਧ ਕਿਸਾਨ ਦੀ ਦੂਸਰੀ ਫ਼ਸਲ ਹੈ ਅਤੇ ਨਿਰੰਤਰ ਆਮਦਨ ਪਸ਼ੂ ਪਾਲਣ ਤੋਂ ਹੀ ਸੰਭਵ ਹੁੰਦੀ ਹੈ। ਡੇਅਰੀ ਦੇ ਕਿੱਤੇ ਵਿੱਚ ਹੋਰ ਸੁਧਾਰ ਲਈ ਕਿਸਾਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਡਾ. ਇੰਦਰਜੀਤ ਸਿੰਘ ਨੇ ਮੱਛੀ ਪਾਲਣ ਦੇ ਖੇਤਰ ਵਿੱਚ ਵੀ ਹੋਰ ਕੋਸ਼ਿਸ਼ਾਂ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਸੂਰ ਪਾਲਣ ਦੇ ਕਿੱਤੇ ਵਿੱਚ ਪੰਜਾਬ ਨੇ ਅਹਿਮ ਯੋਗਦਾਨ ਪਾਇਆ ਹੈ ਪਰ ਸੂਰ ਪਾਲਣ ਦਾ ਪ੍ਰੋਸੈਸਿੰਗ ਯੂਨਿਟ ਹੋਣਾ ਚਾਹੀਦਾ ਹੈ । ਇਸਦੇ ਨਾਲ ਹੀ ਸੰਯੁਕਤ ਖੇਤੀ ਪ੍ਰਬੰਧ ਅਪਣਾ ਕੇ ਕਿਸਾਨੀ ਦੀ ਬਿਹਤਰੀ ਲਈ ਕੋਸ਼ਿਸ਼ਾਂ ਕਰਨ ਦੀ ਲੋੜ ਹੈ।

- Advertisement -

ਮੇਲੇ ਦੇ ਉਦਘਾਟਨੀ ਸਮਾਰੋਹ ਦੇ ਆਰੰਭ ਵਿੱਚ ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਸਵਾਗਤੀ ਸ਼ਬਦ ਕਹੇ । ਕੋਵਿਡ ਦੇ ਮੌਜੂਦਾ ਹਾਲਾਤ ਕਾਰਨ ਵਰਚੂਅਲ ਰੂਪ ਵਿੱਚ ਲਾਏ ਜਾ ਰਹੇ ਕਿਸਾਨ ਮੇਲੇ ਵਿੱਚ ਸ਼ਾਮਿਲ ਹੋ ਰਹੇ ਹਜ਼ਾਰਾਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਦਾ ਸਵਾਗਤ ਕਰਦਿਆਂ ਡਾ. ਮਾਹਲ ਨੇ ਭਰੋਸਾ ਪ੍ਰਗਟ ਕੀਤਾ ਕਿ ਆਉਂਦੇ ਫ਼ਸਲੀ ਸੀਜ਼ਨ ਲਈ ਇਹ ਮੇਲਾ ਕਿਸਾਨਾਂ ਦਾ ਸਹਾਇਕ ਬਣ ਕੇ ਉਹਨਾਂ ਦੀ ਅਗਵਾਈ ਕਰੇਗਾ।
ਅਰੰਭਲੇ ਸੈਸ਼ਨ ਦੇ ਅੰਤ ਵਿੱਚ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਧੰਨਵਾਦ ਦੇ ਸ਼ਬਦ ਕਹੇ। ਉਹਨਾਂ ਕਿਹਾ ਬੁਲਾਰਿਆਂ ਨੇ ਸਾਨੂੰ ਵੱਡੀਆਂ ਸਚਾਈਆਂ ਤੋਂ ਜਾਣੂੰ ਕਰਵਾਇਆ ਹੈ ਅਤੇ ਰਲ ਕੇ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਬਲ ਦਿੱਤਾ ਹੈ। ਇਸ ਸਮੁੱਚੇ ਸਮਾਰੋਹ ਦੀ ਕਾਰਵਾਈ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਬਾਖੂਬੀ ਚਲਾਈ।

ਉਦਘਾਟਨੀ ਸਮਾਰੋਹ ਤੋਂ ਬਾਅਦ ਝੋਨੇ ਦੀ ਸਿੱਧੀ ਬਿਜਾਈ ਬਾਰੇ ਕਿਸਾਨਾਂ ਦੇ ਸਵਾਲਾਂ ਦੇ ਜੁਆਬਾਂ ਲਈ ਇੱਕ ਸੈਸ਼ਨ ਹੋਇਆ । ਇਸ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਸਮਾਂ, ਢੁੱਕਵੇਂ ਤਰੀਕੇ, ਨਦੀਨਾਂ ਦੀ ਰੋਕਥਾਮ, ਖਾਦ ਅਤੇ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਸੰਬੰਧੀ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ । ਉਪਰੰਤ ਇੱਕ ਸੈਸ਼ਨ ਪਰਾਲੀ ਦੀ ਸੰਭਾਲ ਸੰਬੰਧੀ ਵੀ ਕਰਵਾਇਆ ਗਿਆ । ਇਸ ਸੈਸ਼ਨ ਵਿੱਚ ਪਰਾਲੀ ਸੰਭਾਲਣ ਵਾਲੀ ਮਸ਼ੀਨਰੀ ਦੀ ਸਹੀ ਵਰਤੋਂ ਦੇ ਨਾਲ-ਨਾਲ ਖੇਤ ਵਿੱਚ ਅਤੇ ਖੇਤ ਤੋਂ ਬਾਹਰ ਪਰਾਲੀ ਦੀ ਸੰਭਾਲ ਦੇ ਵਿਕਸਿਤ ਤਰੀਕੇ ਕਿਸਾਨਾਂ ਨਾਲ ਸਾਂਝੇ ਕੀਤੇ ਗਏ।

Share this Article
Leave a comment