ਚੰਡੀਗੜ੍ਹ: ਪੰਜਾਬ ਦੇ ਬਰਖਾਸਤ ਏਆਈਜੀ ਰਾਜਜੀਤ ਸਿੰਘ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਹੁਣ ਇਸ ਮਾਮਲੇ ਵਿਚ ਸਪੈਸ਼ਲ ਟਾਸਕ ਫੋਰਸ ਨੇ ਇਕ ਪਟੀਸ਼ਨ ਮੋਹਾਲੀ ਅਦਾਲਤ ਵਿਚ ਦਾਇਰ ਕਰਕੇ ਮੁਲਜ਼ਮ ਨੂੰ ਭਗੌੜਾ ਐਲਾਨਣ ਦੀ ਦਿਸ਼ਾ ‘ਚ ਕਦਮ ਵਧਾਇਆ ਹੈ। ਜਦੋਂ ਕਿ ਰਾਜਜੀਤ ਸਿੰਘ ਵੀ ਆਪਣੇ ਵਕੀਲ ਨਾਲ ਅਦਾਲਤ ਵਿਚ ਪਹੁੰਚ ਗਏ। ਉਨ੍ਹਾਂ ਨੇ ਆਪਣੇ ਖਿਲਾਫ ਜਾਰੀ ਗ੍ਰਿਫਤਾਰੀ ਵਾਰੰਟ ਵਾਪਸ ਲੈਣ ਦੀ ਮੰਗ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਅਦਾਲਤ ਨੇ ਦੋਵਾਂ ਮਾਮਲਿਆਂ ਦੀ ਅਗਲੀ ਸੁਣਵਾਈ 5 ਜੂਨ ਨੂੰ ਤੈਅ ਕੀਤੀ ਹੈ। ਅਜਿਹੇ ‘ਚ ਉਮੀਦ ਜਤਾਈ ਜਾ ਰਹੀ ਹੈ ਕਿ ਮੁਲਜ਼ਮ ਅਧਿਕਾਰੀ ਆਉਣ ਵਾਲੇ ਦਿਨਾਂ ‘ਚ ਆਤਮ ਸਮਰਪਣ ਜਾਂ ਗ੍ਰਿਫਤਾਰੀ ਦੇ ਸਕਦਾ ਹੈ।
ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਗਠਿਤ SIT ਦੀਆਂ ਤਿੰਨਾਂ ਜਾਂਚ ਰਿਪੋਰਟ ਦੇ ਆਧਾਰ ‘ਤੇ ਐੱਸਟੀਐੱਫ ਨੇ ਇੰਸਪੈਕਟਰ ਇੰਦਰਪ੍ਰੀਤ ਸਿੰਘ ਤੇ ਬਰਖਾਸਤ ਏਆਈਜੀ ਰਾਜਜੀਤ ਸਿੰਘ ਖਿਲਾਫ ਮਾਰਚ ਮਹੀਨੇ ‘ਚ ਕੇਸ ਦਰਜ ਕੀਤਾ ਸੀ। ਨਾਲ ਹੀ ਏਆਈਜੀ ਨੂੰ ਉਸੇ ਸਮੇਂ ਬਰਖਾਸਤ ਕਰ ਦਿੱਤਾ ਸੀ। ਦਸ ਦਈਏ ਕਿ ਉੁਸ ਦਿਨ ਤੋਂ AIG ਫਰਾਰ ਚੱਲ ਰਿਹਾ ਸੀ।
ਹਾਲਾਂਕਿ ਐਸਟੀਐਫ ਨੇ ਬਰਖਾਸਤ ਅਫਸਰ ਨੂੰ ਕਾਬੂ ਕਰਨ ਲਈ ਕਰੀਬ 500 ਥਾਵਾਂ ‘ਤੇ ਛਾਪੇਮਾਰੀ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਵਿਰੁੱਧ ਭ੍ਰਿਸ਼ਟਾਚਾਰ ਤੇ ਜਬਰੀ ਵਸੂਲੀ ਨਾਲ ਸਬੰਧਿਤ ਦੋ ਨਵੇਂ ਕੇਸ ਦਰਜ ਕੀਤੇ ਗਏ ਸਨ। ਇਸ ਦੌਰਾਨ ਉਸ ਨੇ ਹੁਣ ਅਦਾਲਤ ਦੀ ਸ਼ਰਨ ਲਈ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.