ਪੀ.ਏ.ਯੂ. ਦੇ ਪੇਂਡੂ ਜੀਵਨ ਦੇ ਅਜਾਇਬ ਘਰ ਬਾਰੇ ਡਾਕੂਮੈਂਟਰੀ ਫਿਲਮ ਹੋਈ ਜਾਰੀ

TeamGlobalPunjab
3 Min Read

ਚੰਡੀਗੜ੍ਹ (ਅਵਤਾਰ ਸਿੰਘ): ਪੀ.ਏ.ਯੂ. ਵਿੱਚ ਸਥਾਪਿਤ ਪੇਂਡੂ ਪੰਜਾਬ ਦੇ ਅਜਾਇਬ ਘਰ ਸੰਬੰਧੀ ਇੱਕ ਡਾਕੂਮੈਂਟਰੀ ਬੀਤੇ ਦਿਨੀਂ ਪੀ.ਏ.ਯੂ. ਵਿੱਚ ਰਿਲੀਜ਼ ਕੀਤੀ ਗਈ। ਇਸ ਡਾਕੂਮੈਂਟਰੀ ਨੂੰ ਰਿਲੀਜ਼ ਕਰਨ ਦੀ ਰਸਮ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਅਦਾ ਕੀਤੀ। ਇਹ ਸਮਾਗਮ ਕਮਿਊਨਟੀ ਸਾਇੰਸ ਕਾਲਜ ਅਤੇ ਸੰਚਾਰ ਕੇਂਦਰ ਵੱਲੋਂ ਡਾ. ਸੰਦੀਪ ਬੈਂਸ ਅਤੇ ਡਾ. ਟੀ ਐਸ ਰਿਆੜ ਦੀ ਨਿਗਰਾਨੀ ਹੇਠ ਵਿਸ਼ਵ ਯਾਤਰੂ ਦਿਵਸ ਮੌਕੇ ਸਾਂਝੇ ਰੂਪ ਵਿੱਚ ਕਰਵਾਇਆ ਗਿਆ।

ਡਾ. ਬਲਦੇਵ ਸਿੰਘ ਢਿੱਲੋਂ ਨੇ ਇਸ ਮੌਕੇ ਗੱਲ ਕਰਿਦਆਂ ਸਾਬਕਾ ਵਾਈਸ ਚਾਂਸਲਰ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਯਾਦ ਕੀਤਾ। ਉਹਨਾਂ ਕਿਹਾ ਕਿ ਇਹ ਅਜਾਇਬ ਘਰ ਡਾ. ਰੰਧਾਵਾ ਦੀ ਸੋਚ ਦਾ ਹਿੱਸਾ ਹੈ ਜਿਸ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਮੀਰ ਸੱਭਿਆਚਾਰਕ ਵਿਰਾਸਤ ਤੋਂ ਜਾਣੂੰ ਕਰਵਾਇਆ ਜਾਂਦਾ ਹੈ। ਡਾ. ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਆਇਆ ਹਰਾ ਇਨਕਲਾਬ ਰਾਜ ਦੇ ਕਿਸਾਨਾਂ, ਪੀ.ਏ.ਯੂ. ਦੇ ਵਿਗਿਆਨੀਆਂ ਅਤੇ ਸਹਾਇਕ ਨੀਤੀਆਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਦਾ ਸਿੱਟਾ ਸੀ। ਉੁਹਨਾਂ ਵਰਤਮਾਨ ਸਮੇਂ ਵਿੱਚ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਨੂੰ ਬੇਹੱਦ ਅਹਿਮ ਮੁੱਦਾ ਕਿਹਾ। ਇਸ ਦੇ ਨਾਲ ਹੀ ਡਾ. ਢਿੱਲੋਂ ਨੇ ਪੰਜਾਬ ਦੇ ਵਿਰਸੇ ਨੂੰ ਵੀ ਸੰਭਾਲਣ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਨੇ ਪੰਜਾਬੀ ਸੱਭਿਆਚਾਰ ਦੀਆਂ ਜੜ੍ਹਾਂ ਨੂੰ ਇੱਕ ਸਿਹਤਮੰਦ ਸਮਾਜ ਦੀ ਉਸਾਰੀ ਲਈ ਬੇਹੱਦ ਅਹਿਮ ਤੱਤ ਕਿਹਾ।

ਇਸ ਮੌਕੇ ਇਸ ਡਾਕੂਮੈਂਟਰੀ ਨੂੰ ਬਨਾਉਣ ਵਾਲੇ ਕੁਦਰਤ ਪ੍ਰੇਮੀ ਅਤੇ ਪੰਜਾਬ ਹਾਈਕੋਰਟ ਦੇ ਵਕੀਲ ਹਰਪ੍ਰੀਤ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਸੰਧੂ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਅਮੀਰ ਵਿਰਸੇ ਪ੍ਰਤੀ ਮੋਹ ਕਰਕੇ ਇਹ ਡਾਕੂਮੈਂਟਰੀ ਬਣਾਈ ਹੈ। ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਚਾਰ ਦਹਾਕਿਆਂ ਤੋਂ ਵਧੇਰੇ ਸਮੇਂ ਤੋਂ ਇਸ ਅਜਾਇਬ ਘਰ ਰਾਹੀਂ ਸੱਭਿਆਚਾਰਕ, ਭਾਸ਼ਾਈ ਅਤੇ ਸਮਾਜਿਕ ਵਿਰਸੇ ਨੂੰ ਸੰਭਾਲਿਆ ਹੋਇਆ ਹੈ। ਇਸ ਉਪਰ ਪੂਰੇ ਪੰਜਾਬ ਨੂੰ ਮਾਣ ਮਹਿਸੂਸ ਹੁੰਦਾ ਹੈ। ਉਹਨਾਂ ਕਿਹਾ ਕਿ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਲਈ ਇਹ ਫਿਲਮ ਬੇਹੱਦ ਅਹਿਮ ਸਾਬਿਤ ਹੋਵੇਗੀ। ਇਸ ਤੋ ਇਲਾਵਾ ਸੰਧੂ ਨੇ ਪੀ.ਏ.ਯੂ. ਦੇ ਵਾਈਸ ਚਾਂਸਲਰ ਅਤੇ ਹੋਰ ਉਚ ਅਧਿਕਾਰੀਆਂ ਸਮੇਤ ਸਟਾਫ ਦਾ ਧੰਨਵਾਦ ਕੀਤਾ।

ਐਪਰਲ ਅਤੇ ਟੈਕਸਟਾਈਲ ਸਾਇੰਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਸੁਰਭੀ ਮਹਾਜਨ ਨੇ ਇਸ ਮੌਕੇ ਪਤਵੰਤਿਆਂ ਦਾ ਸਵਾਗਤ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸੂੰਧ ਦੇ ਪਿਤਾ ਜੀ ਟੀ ਐਸ ਸੰਧੂ ਅਤੇ ਲੁਧਿਆਣਾ ਦੇ ਐਸ ਡੀ ਐਮ ਅਮਰਿੰਦਰ ਮੱਲੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ।

- Advertisement -

Share this Article
Leave a comment