ਕੈਨੇਡਾ ਦੀ ਸੰਸਦ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਨੌਜਵਾਨ ਗ੍ਰਿਫਤਾਰ

Prabhjot Kaur
2 Min Read

ਓਟਵਾ: ਕੈਨੇਡਾ ਦੀ ਸੰਸਦ ਪਾਰਲੀਮੈਂਟ ਹਿੱਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ 19 ਸਾਲਾ ਨੌਜਵਾਨ ਨੂੰ ਆਰਸੀਐਮਪੀ ਨੇ ਗ੍ਰਿਫਤਾਰ ਕਰ ਲਿਆ ਹੈ। ਟਵਿੱਟਰ ‘ਤੇ ਟਵੀਟ ਕਰਦਿਆਂ ਉਸ ਨੇ ਪਾਰਲੀਮੈਂਟ ਹਿੱਲ ਦੇ ਨਾਲ-ਨਾਲ ਚੀਨ ਤੇ ਅਮਰੀਕਾ ਦੀ ਅੰਬੈਸੀ ਨੂੰ ਵੀ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਸੀ। ਆਰਸੀਐਮਪੀ ਨੇ ਉਸ ‘ਤੇ ਦੋਸ਼ ਆਇਦ ਕਰ ਦਿੱਤੇ ਹਨ ਤੇ ਹੁਣ 18 ਜਨਵਰੀ ਨੂੰ ਉਸ ਨੂੰ ਓਟਵਾ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

ਆਰਸੀਐਮਪੀ ਭਾਵ ਰੋਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੀ ਇੰਟੀਗਰੇਟਡ ਨੈਸ਼ਨਲ ਸਕਿਓਰਿਟੀ ਐਨਫੋਰਸਮੈਂਟ ਟੀਮ ਨੂੰ ਬੀਤੇ ਸਾਲ 8 ਨਵੰਬਰ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਟਵਿੱਟਰ ‘ਤੇ ਟਵੀਟ ਕਰਦਿਆਂ ਅੱਤਵਾਦੀ ਹਮਲੇ ਦੀ ਧਮਕੀ ਦੇ ਰਿਹਾ ਹੈ। ਇਸ ਵਿਚਾਲੇ ਉਸ ਵਿਅਕਤੀ ਨੇ ਕੈਨੇਡੀਅਨ ਸੰਸਦ ਪਾਰਲੀਮੈਂਟ ਹਿੱਲ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ। ਇਸ ਦੇ ਨਾਲ ਹੀ ਡਿਪਾਰਟਮੈਂਟ ਆਫ਼ ਨੈਸ਼ਨਲ ਡਿਫੈਂਸ ਅਤੇ ਕੈਨੇਡਾ ਸਥਿਤ ਚੀਨ ਤੇ ਅਮਰੀਕਾ ਦੀਆਂ ਅੰਬੈਸੀਆਂ ‘ਤੇ ਵੀ ਹਮਲੇ ਦੀ ਧਮਕੀ ਦਿੱਤੀ ਗਈ। ਇਸ ਮਾਮਲੇ ਵਿੱਚ ਆਰਸੀਐਮਪੀ ਨੇ 19 ਸਾਲ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ ਓਟਵਾ ਦੇ ਵਾਸੀ ਡੇਨੀਅਲ ਹੋ ਵਜੋਂ ਹੋਈ।

ਪੁਲਿਸ ਨੇ ਹਿਰਾਸਤ ਵਿੱਚ ਲੈਂਦੇ ਹੋਏ ਉਸ ਵਿਰੁੱਧ ਦੋਸ਼ ਆਇਦ ਕਰ ਦਿੱਤੇ। ਹਾਲਾਂਕਿ ਬਾਅਦ ਵਿੱਚ ਕੁੱਝ ਸ਼ਰਤਾਂ ਤਹਿਤ ਉਸ ਨੂੰ ਰਿਹਾਅ ਕਰ ਦਿੱਤਾ ਗਿਆ, ਪਰ ਆਉਣ ਵਾਲੀ 18 ਜਨਵਰੀ ਨੂੰ ਉਸ ਨੂੰ ਓਟਵਾ ਦੀ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਰਿਹਾਈ ਦੀਆਂ ਸ਼ਰਤਾਂ ਵਿੱਚ ਕਿਹਾ ਗਿਆ ਕਿ ਇੱਕ ਤਾਂ ਉਹ ਆਪਣਾ ਪਤਾ, ਨੌਕਰੀ ਜਾਂ ਕਿੱਤਾ ਨਹੀਂ ਬਦਲ ਸਕੇਗਾ, ਜੇਕਰ ਬਦਲਦਾ ਵੀ ਹੈ ਤਾਂ ਉਸ ਨੂੰ ਪੁਲਿਸ ਨੂੰ ਇਸ ਦੀ ਪਹਿਲਾਂ ਸੂਚਨਾ ਦੇਣੀ ਪਵੇਗੀ। ਇਸ ਤੋਂ ਇਲਾਵਾ ਉਸ ਨੂੰ ਪਾਰਲੀਮੈਂਟ ਹਿੱਲ ਤੇ ਅਮਰੀਕੀ ਅਤੇ ਚੀਨੀ ਅੰਬੈਸੀ ਦੇ 50 ਮੀਟਰ ਦੇ ਘੇਰੇ ਵਿੱਚ ਨਾਂ ਜਾਣ ਅਤੇ ਨਾਂ ਹੀ ਇਨ੍ਹਾਂ ਦੇ ਸਟਾਫ਼ ਨਾਲ ਕੋਈ ਸੰਪਰਕ ਕਰਨ ਦੇ ਹੁਕਮ ਦਿੱਤੇ ਗਏ। ਉਹ ਆਪਣੇ ਕੋਲ ਕਿਸੇ ਤਰ੍ਹਾਂ ਦਾ ਹਥਿਆਰ ਵੀ ਨਹੀਂ ਰੱਖ ਸਕਦਾ। ਜੇਕਰ ਉਹ ਇਨ੍ਹਾਂ ਸ਼ਰਤਾਂ ਦਾ ਉਲੰਘਣ ਕਰਦਾ ਹੈ ਤਾਂ ਉਸ ਵਿਰੁੱਧ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

Share this Article
Leave a comment