ਚੰਡੀਗੜ੍ਹ : ਦੇਸ਼ ਅੱਜ ਕਾਰਗਿਲ ਵਿਜੇ ਦਿਵਸ ਮਨਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਰਗਿਲ ਵਿਜੇ ਦਿਵਸ ਮੌਕੇ ਚੰਡੀਗੜ੍ਹ ਸਥਿਤ ਵਾਰ ਮੈਮੋਰੀਅਲ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸਮਾਗਮ ਵਿੱਚ ਫੌਜ, ਪ੍ਰਸ਼ਾਸਨ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਮੁੱਖ ਮੰਤਰੀ ਨੇ ਫੌਜ ਦੇ ਨਾਂ ਇੱਕ ਸੰਦੇਸ਼ ਵੀ ਲਿਖਿਆ।
ਮੁੱਖ ਮੰਤਰੀ ਨੇ ਕਿਹਾ ਕਿ “ਅੱਜ 27ਵੇਂ ਕਾਰਗਿਲ ਵਿਜੈ ਦਿਵਸ ਮੌਕੇ ਉਹਨਾਂ 527 ਸ਼ਹੀਦ ਜਵਾਨਾਂ ਨੂੰ ਕੋਟਿ-ਕੋਟਿ ਨਮਨ ਕੀਤਾ ਜਿਨ੍ਹਾਂ ਨੇ ਦੇਸ਼ ਦੀ ਅਖੰਡਤਾ ਅਤੇ ਸਨਮਾਨ ਲਈ ਆਪਣਾ ਸਰਵੋੱਚ ਬਲਿਦਾਨ ਦਿੱਤਾ। ਇਨ੍ਹਾਂ ਵਿੱਚ ਪੰਜਾਬ ਦੇ 65 ਬਹਾਦਰ ਸਪੂਤ ਵੀ ਸ਼ਾਮਲ ਸਨ, ਜਿਨ੍ਹਾਂ ਦੀ ਸ਼ਹਾਦਤ ’ਤੇ ਪੂਰੇ ਪੰਜਾਬ ਨੂੰ ਮਾਣ ਹੈ।ਸ਼ਹੀਦ ਕਿਸੇ ਇੱਕ ਪਰਿਵਾਰ ਦੇ ਨਹੀਂ ਹੁੰਦੇ, ਉਹ ਪੂਰੇ ਦੇਸ਼ ਦੀ ਅਮਾਨਤ ਹੁੰਦੇ ਨੇ, ਅਸੀਂ ਅੱਜ ਜੋ ਖੁੱਲ੍ਹੀ ਹਵਾ ਵਿੱਚ ਸਾਹ ਲੈਂਦੇ ਹਾਂ, ਉਹ ਸਾਡੇ ਵੀਰ ਜਵਾਨਾਂ ਦੀ ਕੁਰਬਾਨੀ ਦਾ ਨਤੀਜਾ ਹੈ, ਉਨ੍ਹਾਂ ਦੇ ਬਲਿਦਾਨ ਨੂੰ ਯਾਦ ਰੱਖਣਾ ਹੀ ਉਨ੍ਹਾਂ ਲਈ ਸੱਚੀ ਸ਼ਰਧਾਂਜਲੀ ਹੈ।”
ਉਨ੍ਹਾਂ ਕਿਹਾ ਕਿ “ਮੈਂ ਸ਼ਹੀਦਾਂ ਨੂੰ ਹਮੇਸ਼ਾ ਪ੍ਰਣਾਮ ਕਰਦਾ ਹਾਂ। ਉਨ੍ਹਾਂ ਦੀ ਬਦੌਲਤ ਹੀ ਅੱਜ ਅਸੀਂ ਸੁਰੱਖਿਅਤ ਹਾਂ। ਚਾਹੇ ਮਾਈਨਸ ਤਾਪਮਾਨ ਹੋਵੇ ਜਾਂ ਭਿਆਨਕ ਗਰਮੀ, ਸਾਡੇ ਜਵਾਨ ਸਰਹੱਦਾਂ ‘ਤੇ ਡਟੇ ਰਹਿੰਦੇ ਹਨ। ਉਨ੍ਹਾਂ ਦੀ ਬਦੌਲਤ ਹੀ ਅਸੀਂ ਆਪਣੇ ਘਰਾਂ ਵਿੱਚ ਚੈਨ ਦੀ ਨੀਂਦ ਸੌਂ ਪਾਉਂਦੇ ਹਾਂ।”
ਦੱਸ ਦਈਏ ਅੱਜ ਦਾ ਇਹ ਦਿਨ ਭਾਰਤ ਦੇ ਇਤਿਹਾਸ ਵਿੱਚ ਗੌਰਵ ਦੀ ਕਿਰਨ ਵਾਂਗ ਚਮਕਦਾ ਹੈ। ਇਹ 1999 ਦੀ ਉਸ ਸ਼ਾਨਦਾਰ ਜਿੱਤ ਦਾ ਪ੍ਰਤੀਕ ਹੈ ਜਦੋਂ ਸਾਡੇ ਸੈਨਿਕਾਂ ਨੇ ਬਰਫ਼ ਨਾਲ ਢੱਕੀਆਂ ਚੋਟੀਆਂ ਅਤੇ ਦੁਸ਼ਮਣ ਦੀ ਲਗਾਤਾਰ ਗੋਲਾਬਾਰੀ ਦਾ ਸਾਹਮਣਾ ਕਰਦਿਆਂ, ਬੇਜੋੜ ਦਲੇਰੀ ਅਤੇ ਅਟੁੱਟ ਸੰਕਲਪ ਨਾਲ ਕਾਰਗਿਲ ਦੀਆਂ ਚੋਟੀਆਂ ‘ਤੇ ਫਿਰ ਤੋਂ ਜਿੱਤ ਹਾਸਲ ਕੀਤੀ ਸੀ। 26 ਜੁਲਾਈ ਨੂੰ, ਲੱਦਾਖ ਦੀਆਂ ਪਹਾੜੀਆਂ ‘ਤੇ ਤਿਰੰਗਾ ਇੱਕ ਵਾਰ ਫਿਰ ਸ਼ਾਨ ਨਾਲ ਲਹਿਰਾਇਆ, ਜੋ ਕੁਰਬਾਨੀ, ਬਹਾਦਰੀ ਅਤੇ ਅਟੁੱਟ ਰਾਸ਼ਟਰੀ ਭਾਵਨਾ ਦਾ ਪ੍ਰਤੀਕ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

