ਸੰਸਦੀ ਸਟੈਂਡਿੰਗ ਕਮੇਟੀ ਬਾਰੇ ਭਰਮ ਫੈਲਾ ਰਹੀਆਂ ਹਨ ਵਿਰੋਧੀ ਪਾਰਟੀਆਂ: ਭਗਵੰਤ ਮਾਨ

TeamGlobalPunjab
3 Min Read

ਚੰਡੀਗੜ੍ਹ: ਸੰਸਦ ਦੀ ਸਟੈਡਿੰਗ ਕਮੇਟੀ ਸਬੰਧੀ ਆਮ ਆਦਮੀ ਪਾਰਟੀ ਖਿਲਾਫ ਕੀਤੇ ਜਾ ਰਹੇ ਕੂੜ ਪ੍ਰਚਾਰ ਉਤੇ ‘ਆਪ’ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਝੂਠ ਬੋਲਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਰਹੀਆਂ ਹਨ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਹੁਣ ਤੱਕ ਕਾਲੇ ਕਾਨੂੰਨਾਂ ਦਾ ਗੁਣਗਾਣ ਕਰਦੇ ਨਹੀਂ ਥੱਕਦੇ ਸੀ, ਹੁਣ ਵਿਰੋਧ ਕਰਨ ਵਾਲਿਆਂ ਨੂੰ ਬਦਨਾਮ ਕਰਨ ਲਈ ਝੂਠ ਬੋਲਕੇ ਕਿਸਾਨ ਹਿਤੈਸ਼ੀ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਸੰਸਦ ਸਟੈਡਿੰਗ ਕਮੇਟੀ ਬਣਾਈ ਗਈ ਸੀ ਉਸ ਵਿੱਚ 14 ਪਾਰਟੀਆਂ ਦੇ 31 ਮੈਂਬਰ ਸ਼ਾਮਲ ਸਨ, ਜਿਸ ਵਿੱਚ ਸਭ ਤੋਂ ਵੱਧ ਐਨਡੀਏ ਨਾਲ ਸਬੰਧਤ ਮੈਂਬਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਸਟੈਡਿੰਗ ਕਮੇਟੀ ਵਿੱਚ ਐਨਡੀਏ ਦੇ ਸਾਰੇ ਵਿਰੋਧੀ ਦਲਾਂ ਨੇ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਸਟੈਡਿੰਗ ਕਮੇਟੀ ਦੇ ਵਿਚ ਉਹ ਕੁਝ ਹੀ ਬੋਲਿਆ ਗਿਆ ਹੈ ਮੈਂ ਲੋਕ ਸਭਾ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਹੋਏ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਨਾਲ ਜਖੀਰੇਬਾਜਾਂ ਨੂੰ ਵਧਾਵਾ ਮਿਲੇਗਾ। ਲੋਕਾਂ ਨੂੰ ਹੁਣ ਸਸਤੇ ਭਾਅ ਮਿਲਦੀਆਂ ਚੀਜਾਂ ਦੀਆਂ ਕੀਮਤਾਂ ਅਸਮਾਨ ਨੂੰ ਛੂੰਹਣਗੀਆਂ ਅਤੇ ਆਮ ਲੋਕਾਂ ਦਾ ਜਿਉਣਾ ਮੁਸ਼ਕਲ ਹੋ ਜਾਵੇਗਾ।

ਹਰਸਿਮਰਤ ਕੌਰ ਬਾਦਲ ਵੱਲੋਂ ਸਟੈਡਿੰਗ ਕਮੇਟੀ ਨੂੰ ਲੈ ਕੇ ਬੋਲੇ ਜਾ ਰਹੇ ਝੂਠ ਉਤੇ ਕਿਹਾ ਕਿ ਮੇਰਾ ਉਨ੍ਹਾਂ ਨੂੰ ਖੁੱਲ੍ਹਾ ਚੈਲੇਜ ਹੈ ਕਿ ਉਹ ਆਪਣੇ ਪੁਰਾਣੇ ਭਾਈਵਾਲ ਮੋਦੀ ਕੋਲੋ ਕਮੇਟੀ ਦੇ ਮਿੰਟ ਕਢਵਾਕੇ ਮੈਨੂੰ ਸਿੱਧ ਕਰਕੇ ਦਿਖਾਉਣ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਿਚ ਰਹਿੰਦੇ ਸਮੇਂ ਹਰਸਿਮਰਤ ਕੌਰ ਬਾਦਲ ਅਤੇ ਉਨ੍ਹਾਂ ਦਾ ਸਾਰਾ ਪਰਿਵਾਰ ਸਰਕਾਰ ਵਿੱਚ ਰਹਿੰਦੇ ਹੋਏ ਕਾਲੇ ਕਾਨੂੰਨਾਂ ਨੂੰ ਹੂੰਬ ਹੂਬਾਕੇ ਬੜੇ ਤਰੱਕੀ ਵਾਲੇ ਦੱਸਦਾ ਸੀ, ਹੁਣ ਜਦੋਂ ਲੋਕਾਂ ਨੇ ਇਨ੍ਹਾਂ ਨੂੰ ਅਸਲੀ ਥਾਂ ਦਿਖਾ ਦਿੱਤੀ ਤਾਂ ਝੂਠ ਬੋਲ, ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਬਣਨ ਦੀ ਕੋਸ਼ਿਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਐਮਪੀ ਰਵਨੀਤ ਸਿੰਘ ਬਿੱਟੂ ਵੀ ਬੋਲ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਸਮੇਤ ਐਨਡੀਏ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਸਟੈਡਿੰਗ ਕਮੇਟੀ ਵਿੱਚ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਵੱਲੋਂ ਕਾਲੇ ਕਾਨੂੰਨਾਂ ਦਾ ਸੜਕ ਤੋਂ ਲੈ ਕੇ ਸੰਸਦ ਤੱਕ ਵਿਰੋਧ ਕਰ ਰਹੀ ਹੈ ਅਤੇ ਉਦੋਂ ਤੱਕ ਵਿਰੋਧ ਲਗਾਤਾਰ ਜਾਰੀ ਰਹੇਗਾ ਜਦੋਂ ਤੱਕ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ।

Share this Article
Leave a comment