8 ਘੰਟੇ ਦੇ ਅੰਦਰ ਜੰਮੂ- ਕਸ਼ਮੀਰ ‘ਚ ਹੋਏ ਦੋ ਬੰਬ ਧਮਾਕੇ, NIA ਨੇ ਮੰਗੀ ਰਿਪੋਰਟ

Prabhjot Kaur
2 Min Read

ਉਧਮਪੁਰ: ਜੰਮੂ-ਕਸ਼ਮੀਰ ਦੇ ਉਧਮਪੁਰ ਜ਼ਿਲ੍ਹੇ ‘ਚ ਬੀਤੇ 8 ਘੰਟਿਆਂ ਅੰਦਰ ਹੋਏ ਦੋ ਬੰਬ ਧਮਾਕਿਆਂ ਕਾਰਨ ਦੋ ਲੋਕਾ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਪਹਿਲਾ ਧਮਾਕਾ ਬੀਤੀ ਰਾਤ 10:45 ਵਜੇ ਦੇ ਲਗਭਗ ਡੋਮੇਲ ਇਲਾਕੇ ‘ਚ ਬੈਗਰਾ ਪੈਟਰੋਲ ਪੰਪ ‘ਤੇ ਖੜ੍ਹੀ ਇੱਕ ਮਿੰਨੀ ਬੱਸ ਵਿੱਚ ਹੋਇਆ, ਜਿਸ ਵਿੱਚ ਬੱਸ ਕੰਡਕਟਰ ਸਮੇਤ ਦੋ ਲੋਕ ਜ਼ਖਮੀ ਹੋਏ। ਉੱਥੇ ਹੀ ਦੂਜਾ ਧਮਾਕਾ ਅੱਜ ਸਵੇਰੇ 5:42 ਵਜੇ ਦੇ ਲਗਭਗ ਪੁਰਾਣੇ ਬੱਸ ਅੱਡੇ ਦੇ ਅੰਦਰ ਖੜ੍ਹੀ ਬੱਸ ਵਿੱਚ ਹੋਇਆ। ਇਸ ਧਮਾਕੇ ‘ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਮਿਲੀ ਹੈ।

ਪੁਲਿਸ ਮੁਤਾਬਕ ਇਹ ਦੋਵੇਂ ਧਮਾਕੇ ਇੱਕੋ ਜਿਹੇ ਸਨ ਤੇ ਉਨ੍ਹਾਂ ਵਲੋਂ ਘਟਨਾ ਦੀ ਇਸ ਪੱਖੋਂ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਧਮਾਕੇ ਕਿਤੇ ਅੱਤਵਾਦੀ ਹਮਲੇ ਤਾਂ ਨਹੀਂ ਸਨ। NIA ਵਲੋਂ ਇਸ ਘਟਨਾ ਸਬੰਧੀ ਪੁਲਿਸ ਤੋਂ ਜਾਣਕਾਰੀ ਮੰਗੀ ਗਈ ਹੈ ਤੇ ਇਸ ਦੀ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵੀ ਸੌਂਪੀ ਜਾਵੇਗੀ।

ਧਮਾਕੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਜੰਮੂ-ਕਸ਼ਮੀਰ ਦੇ ਦੋਵਾਂ ਡਿਵੀਜ਼ਨਾਂ ਵਿੱਚ ਚੌਕਸੀ ਵਧਾ ਦਿੱਤੀ ਹੈ, ਥਾਂ-ਥਾਂ ਨਾਕੇ ਲਗਾ ਦਿੱਤੇ ਗਏ ਹਨ, ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਬੱਸ ਸਟੈਂਡ ‘ਤੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ ਹੈ। ਹਰ ਆਉਣ ਵਾਲੇ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਪਾਰਕ ਕੀਤੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ।

ਇਹ ਧਮਾਕੇ ਉਸ ਵੇਲੇ ਹੋਏ ਹਨ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਦੇ ਤਿੰਨ ਦਿਨਾਂ ਦੌਰੇ ‘ਤੇ ਆ ਰਹੇ ਹਨ। ਹਾਲਾਂਕਿ ਪਹਿਲਾਂ ਸ਼ਾਹ ਨੇ 30 ਸਤੰਬਰ ਨੂੰ ਘਾਟੀ ਪਹੁੰਚਣਾ ਸੀ, ਪਰ ਉਨ੍ਹਾਂ ਦੀ ਯਾਤਰਾ ਬਦਲ ਦਿੱਤੀ ਗਈ। ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ 3 ਅਕਤੂਬਰ ਦੀ ਸ਼ਾਮ ਨੂੰ ਜੰਮੂ-ਕਸ਼ਮੀਰ ਪਹੁੰਚਣਗੇ, ਇੱਥੇ ਸ਼ਾਹ ਦੇ ਕਈ ਪ੍ਰੋਗਰਾਮ ਵੀ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment