ਚੀਨ ਨਾਲ ਨਜਿੱਠਣ ਲਈ ਅਮਰੀਕੀ ਸੰਸਦ ‘ਚ ਕਈ ਬਿੱਲ ਪੇਸ਼

TeamGlobalPunjab
2 Min Read

 ਵਾਸ਼ਿੰਗਟਨ: ਵੱਧਦੇ ਚੀਨੀ ਪ੍ਰਭਾਵ ਤੇ ਦੇਸ਼ ਦੇ ਮਹੱਤਵਪੂਰਣ ਬੁਨਿਆਦੀ ਢਾਂਚੇ ਦੀ ਰੱਖਿਆ ਲਈ ਰਿਪਬਲਿਕਨ ਪਾਰਟੀ ਨਾਲ ਜੁੜੇ ਐੱਮਪੀਜ਼ ਨੇ ਬੀਤੇ ਵੀਰਵਾਰ ਨੂੰ ਅਮਰੀਕੀ ਸੰਸਦ ‘ਚ ਇਕ ਦਰਜਨ ਤੋਂ ਜ਼ਿਆਦਾ ਬਿੱਲ ਪੇਸ਼ ਕੀਤੇ। ਮੌਜੂਦਾ ਦੌਰ ‘ਚ ਅਮਰੀਕਾ ਤੇ ਚੀਨ ਵਿਚਾਲੇ ਸਬੰਧ ਬਿਲਕੁਲ ਹੇਠਲੇ ਪੱਧਰ ‘ਤੇ ਪਹੁੰਚ ਗਏ ਹਨ। ਵਪਾਰ, ਕੋਰੋਨਾ ਵਾਇਰਸ ਦੀ ਉਤਪਤੀ ਤੇ ਦੱਖਣੀ ਚੀਨ ਸਾਗਰ ‘ਚ ਬੀਜਿੰਗ ਦੀਆਂ ਹਮਲਾਵਰ ਸਰਗਰਮੀਆਂ ਨੂੰ ਲੈ ਕੇ ਵਾਸ਼ਿੰਗਟਨ ਕਈ ਵਾਰ ਇਤਰਾਜ਼ ਦਰਜ ਕਰਵਾ ਚੁੱਕਾ ਹੈ।

ਸੈਨੇਟਰ ਰਿਕ ਸਕਾਟ ਨੇ ‘ਤਾਇਵਾਨ ਇਨਵੇਸ਼ਨ ਪਿ੍ਰਵੈਂਸ਼ਨ ਐਕਟ’ ਪੇਸ਼ ਕੀਤਾ। ਇਸ ‘ਚ ਤਾਇਵਾਨ ਨੂੰ ਚੀਨ ਦੇ ਹਮਲੇ ਤੋਂ ਬਚਾਉਣ ਨਾਲ ਅਮਰੀਕਾ-ਤਾਈਪੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੀ ਗੱਲ ਕਹੀ ਗਈ ਹੈ। ਦਰਅਸਲ, ਬੀਜਿੰਗ ਤਾਇਵਾਨ ਨੂੰ ਆਪਣਾ ਹੀ ਹਿੱਸਾ ਮੰਨਦਾ ਹੈ। ਉਹ ਕਈ ਵਾਰ ਉਸ ਨੂੰ ਤਾਕਤ ਨਾਲ ਚੀਨ ‘ਚ ਮਿਲਾ ਲੈਣ ਦੀ ਧਮਕੀ ਵੀ ਦੇ ਚੁੱਕਾ ਹੈ।

ਇਸਤੋਂ ਇਲਾਵਾ ਐੱਮਪੀ ਮਾਰਕ ਗ੍ਰੀਨ ਨੇ ਪੰਜ ਬਿੱਲ ਪੇਸ਼ ਕੀਤੇ। ਗ੍ਰੀਨ ਨੇ ਕਿਹਾ ਕਿ ਫ਼ੌਜ ਤੇ ਆਰਥਿਕ ਤਾਕਤ ਵਜੋਂ ਕਮਿਊਨਿਸਟ ਚੀਨ ਦਾ ਉਦੈ ਅਮਰੀਕਾ ਲਈ ਸਭ ਤੋਂ ਵੱਡੀ ਚੁਣੌਤੀ ਹੈ। ਗ੍ਰੀਨ ਨੇ ਇਕ ਅਜਿਹਾ ਬਿੱਲ ਪੇਸ਼ ਕੀਤਾ ਹੈ ਜਿਸ ਤਹਿਤ ਚੀਨ ਅਮਰੀਕਾ ਨਾਲ ਜੁੜੀਆਂ ਕਮਜ਼ੋਰ ਰੱਖਿਆ ਕੰਪਨੀਆਂ ਨੂੰ ਖ਼ਰੀਦ ਨਹੀਂ ਸਕੇਗਾ। ਐੱਮਪੀ ਜਿਮ ਬੈਂਕਸ ਨੇ ਵੀ ਪੰਜ ਬਿੱਲ ਪੇਸ਼ ਕਰਦੇ ਹੋਏ ਕਿਹਾ ਕਿ ਅਮਰੀਕੀ ਆਜ਼ਾਦੀ ਨੂੰ ਸਭ ਤੋਂ ਵੱਡਾ ਖ਼ਤਰਾ ਚੀਨ ਦੀ ਕਮਿਊਨਿਸਟ ਪਾਰਟੀ ਤੋਂ ਹੈ।

Share this Article
Leave a comment