ਟੋਰਾਂਟੋ: ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਨਟਾਰੀਓ ‘ਚ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਅੱਲ੍ਹੜਾਂ ਦੀਆਂ ਮੌਤਾਂ ਤਿੰਨ ਗੁਣਾ ਵਧ ਚੁੱਕੀਆਂ ਹਨ। ਇਹ ਹੈਰਾਨਜਨਕ ਖੁਲਾਸਾ ਓਨਟਾਰੀਓ ਡਰੱਗ ਪੌਲਿਸੀ ਰਿਸਰਚ ਨੈਟਵਰਕ ਦੀ ਤਾਜ਼ਾ ਰਿਪੋਰਟ ‘ਚ ਕੀਤਾ ਗਿਆ ਹੈ।
ਉਥੇ ਈ ਦੂਜੇ ਪਾਸੇ ਐਲਬਰਟਾ ‘ਚ ਓਵਰਡੋਜ਼ ਕਾਰਨ ਪਿਛਲੇ ਸੱਤ ਸਾਲ ‘ਚ ਸਭ ਤੋਂ ਵੱਧ ਮੌਤਾਂ ਹੋਣ ਦੀ ਰਿਪੋਰਟ ਹੈ। ਓਨਟਾਰੀਓ ਨਾਲ ਸਬੰਧਤ ਰਿਪੋਰਟ ਮੁਤਾਬਕ 15 ਸਾਲ ਤੋਂ 24 ਸਾਲ ਉਮਰ ਵਾਲੇ ਨਸ਼ੇ ਦੇ ਆਦੀ ਜਿਨ੍ਹਾਂ ਦੀ ਮੌਤ ਓਵਰਡੋਜ਼ ਕਾਰਨ ਹੋਈ, ਇਹਨਾਂ ‘ਚੋਂ ਸਿਰਫ 37 ਫੀਸਦੀ ਨੂੰ ਹੀ ਕੋਈ ਡਾਕਟਰੀ ਸਹਾਇਤਾ ਮਿਲ ਸਕੀ ਜਦਕਿ 25 ਸਾਲ ਤੋਂ 44 ਸਾਲ ਉਮਰ ਵਰਗ ‘ਚ ਇਹ ਅੰਕੜਾ 48.6 ਫ਼ੀਸਦੀ ਦਰਜ ਕੀਤਾ ਗਿਆ। ਨਸ਼ਿਆਂ ਦੀ ਓਵਰਡੋਜ਼ ਨਾਲ ਦੇ ਸਬੰਧਤ ਮਾਮਲੇ ਹਸਪਤਾਲਾਂ ਦੇ ਐਮਰਜੈਂਸੀ ਰੂਮ ‘ਚ ਪਹੁੰਚਣ ਦੀ ਦਰ ਚਾਰ ਗੁਣਾ ਤੱਕ ਵਧ ਚੁੱਕੀ ਹੈ। ਓਨਟਾਰੀਓ ਦੇ ਚੀਫ਼ ਕੌਰੋਨਰ ਦੇ ਦਫ਼ਤਰ, ਪਬਲਿਕ ਹੈਲਥ ਓਨਟਾਰੀਓ, ਉਨਟਾਰੀਓ ਫੌਰੈਂਸਿਕ ਪੈਥਾਲੋਜੀ ਸਰਵਿਸ ਅਤੇ ਗੈਰ ਮੁਨਾਫ਼ੇ ਵਾਲੀ ਸੰਸਥਾ ਆਈ.ਸੀ.ਈ.ਐਸ. ਦੀ ਮਦਦ ਨਾਲ ਇਹ ਰਿਪੋਰਟ ਤਿਆਰ ਕੀਤੀ ਗਈ ਹੈ।
2014 ਤੋਂ 2021 ਦਰਮਿਆਨ 752 ਅੱਲ੍ਹੜਾਂ ਦੀ ਮੌਤ ਹੋਈ ਅਤੇ 711 ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਤੋਂ ਇਲਾਵਾ 5,400 ਮਰੀਜ਼ਾਂ ਨੂੰ ਐਮਰਜੈਂਸੀ ਵਿਭਾਗ ਵਿੱਚ ਲਿਜਾਇਆ ਗਿਆ। ਯੂਨਿਟੀ ਹੈਲਥ ਟੋਰਾਂਟੋ ਵੱਲੋਂ ਪੇਸ਼ ਰਿਪੋਰਟ ਕਹਿੰਦੀ ਹੈ ਕਿ ਓਵਰਡੋਜ਼ ਕਾਰਨ ਮਰਨ ਵਾਲਿਆਂ ‘ਚੋਂ 94 ਫ਼ੀਸਦੀ ਨੇ ਫੈਂਟਾਨਿਲ ਕਰ ਕੇ ਜਾਨ ਗਵਾਈ। ਇਹ ਅੰਕੜਾ ਕੋਰੋਨਾ ਮਹਾਂਮਾਰੀ ਦੌਰਾਨ 10 ਫੀਸਦੀ ਵਧ ਗਿਆ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਨਸ਼ਿਆਂ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ‘ਚੋਂ ਸਿਰਫ਼ ਅੱਧੇ ਹੀ ਪੱਕੇ ਨਸ਼ੇੜੀ ਸਨ ਅਤੇ ਬਾਕੀਆਂ ਨੇ ਨਸ਼ਾ ਕਰਕੇ ਦੇਖਣ ‘ਚ ਜਾਨ ਗਵਾਈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.