ਇਮਰਾਨ ਖਾਨ ਦਾ ਸਨਸਨੀਖੇਜ਼ ਇਲਜ਼ਾਮ “ਜਨਰਲ ਕਮਰ ਜਾਵੇਦ ਬਾਜਵਾ ਮੈਨੂੰ ਚਾਹੁੰਦੇ ਸਨ ਮਾਰਨਾ”

Global Team
2 Min Read

ਲਾਹੌਰ: ਪਾਕਿਸਤਾਨ ਦੇ ਬਰਖ਼ਾਸਤ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੇਵਾਮੁਕਤ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ‘ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਸਾਬਕਾ ਜਨਰਲ ਉਸ ਦੀ ਹੱਤਿਆ ਕਰਵਾ ਕੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰਨਾ ਚਾਹੁੰਦੇ ਸਨ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਨੇ ਲਾਹੌਰ ‘ਚ ਇਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਇਹ ਹੈਰਾਨ ਕਰਨ ਵਾਲਾ ਦੋਸ਼ ਲਗਾਇਆ ਹੈ।

ਜਦੋਂ ਤੋਂ ਉਨ੍ਹਾਂ ਨੂੰ ਅਪ੍ਰੈਲ ‘ਚ ਬੇਭਰੋਸਗੀ ਮਤੇ ਰਾਹੀਂ ਸੱਤਾ ਤੋਂ ਲਾਂਭੇ ਕੀਤਾ ਗਿਆ ਸੀ, ਉਦੋਂ ਤੋਂ 70 ਸਾਲਾ ਇਮਰਾਨ ਖਾਨ ਦੇ ਕਮਰ ਜਾਵੇਦ ਬਾਜਵਾ ਨਾਲ ਸਬੰਧ ਤਣਾਅਪੂਰਨ ਹੋ ਗਏ ਸਨ।

3 ਨਵੰਬਰ ਨੂੰ, ਦੋ ਬੰਦੂਕਧਾਰੀਆਂ ਨੇ ਪਾਕਿਸਤਾਨ ਵਿਚ ਛੇਤੀ ਚੋਣਾਂ ਕਰਵਾਉਣ ਲਈ ਸਰਕਾਰ ‘ਤੇ ਦਬਾਅ ਬਣਾਉਣ ਦੇ ਉਦੇਸ਼ ਨਾਲ ਲਾਹੌਰ ਤੋਂ 150 ਕਿਲੋਮੀਟਰ ਦੂਰ ਵਜ਼ੀਰਾਬਾਦ ਵਿਚ ਇਕ ਮਾਰਚ ਦੌਰਾਨ ਇਕ ਕੰਟੇਨਰ ਟਰੱਕ ‘ਤੇ ਖੜ੍ਹੇ ਇਮਰਾਨ ਖਾਨ ਅਤੇ ਹੋਰਾਂ ‘ਤੇ ਕਈ ਗੋਲੀਆਂ ਚਲਾਈਆਂ। ਇਸ ਘਟਨਾ ਵਿੱਚ ਖਾਨ ਦੀ ਸੱਜੀ ਲੱਤ ਵਿੱਚ ਗੋਲੀ ਲੱਗੀ ਸੀ।

‘ਡਾਨ’ ਅਖਬਾਰ ਨੇ ਆਪਣੀ ਰਿਪੋਰਟ ‘ਚ ਚੈਨਲ ਦੇ ਲਾਹੌਰ ਬਿਊਰੋ ਚੀਫ ਦੇ ਹਵਾਲੇ ਨਾਲ ਕਿਹਾ ਕਿ ਇਮਰਾਨ ਖਾਨ ਨੇ ਕਿਹਾ ਕਿ ਕਈ ਲੋਕਾਂ ਨੇ ਉਨ੍ਹਾਂ ਨੂੰ ਬਾਜਵਾ ‘ਤੇ ਦੋਸ਼ ਲਗਾਉਣਾ ਬੰਦ ਕਰਨ ਲਈ ਕਿਹਾ ਸੀ ਕਿਉਂਕਿ ਉਹ ਸੇਵਾਮੁਕਤ ਹੋ ਚੁੱਕੇ ਹਨ, ਪਰ ਉਹ ‘ਜਨਰਲ ਬਾਜਵਾ’ ਦਾ ਜ਼ਿਕਰ ਕਰ ਰਹੇ ਸਨ, ‘ਤੇ ਚੁੱਪ ਨਹੀਂ ਰਹਿ ਸਕੇ।

- Advertisement -

ਖਬਰਾਂ ਮੁਤਾਬਕ ਖਾਨ ਨੇ ਦਾਅਵਾ ਕੀਤਾ ਕਿ ਬਾਜਵਾ ‘ਮੈਨੂੰ ਮਾਰਨਾ ਚਾਹੁੰਦਾ ਸੀ’। ਖਾਨ ਦਾ ਇਹ ਇੰਟਰਵਿਊ ਹੁਣ ਤੱਕ ਚੈਨਲ ਨੇ ਪ੍ਰਸਾਰਿਤ ਨਹੀਂ ਕੀਤਾ ਹੈ।

ਇਮਰਾਨ ਖਾਨ ਪਹਿਲਾਂ ਵੀ ਬਾਜਵਾ ‘ਤੇ ਇਲਜ਼ਾਮ ਲਗਾ ਚੁੱਕੇ ਹਨ। ਸਾਬਕਾ ਫੌਜ ਮੁਖੀ ਹੁਣ ਇਮਰਾਨ ਖਾਨ ਦੇ ਮੁੱਖ ਨਿਸ਼ਾਨੇ ‘ਤੇ ਹਨ, ਕਿਉਂਕਿ ਉਹ ਉਨ੍ਹਾਂ ਨੂੰ ਸਰਕਾਰ ਵਿਚ ਆਪਣੀਆਂ ਸਾਰੀਆਂ ਅਸਫਲਤਾਵਾਂ ਦਾ ਇਕਮਾਤਰ ਕਾਰਨ ਮੰਨਦੇ ਹਨ। ਬਰਖਾਸਤ ਪ੍ਰਧਾਨ ਮੰਤਰੀ ਨੇ ਇਹ ਵੀ ਦੋਸ਼ ਲਾਇਆ ਕਿ ਸੇਵਾਮੁਕਤ ਜਨਰਲ ਨੇ ਅਮਰੀਕੀ ਸਾਜ਼ਿਸ਼ ਦੇ ਹਿੱਸੇ ਵਜੋਂ ਉਨ੍ਹਾਂ ਦੀ ਸਰਕਾਰ ਨੂੰ ਡੇਗ ਦਿੱਤਾ।

Share this Article
Leave a comment