ਓਨਟਾਰੀਓ ‘ਚ 12,000 ਹਜ਼ਾਰ ਬੱਚੇ ਕਰ ਰਹੇ ਨੇ ਸਰਜਰੀ ਦੀ ਉਡੀਕ

Prabhjot Kaur
2 Min Read

ਟੋਰਾਂਟੋ: ਓਨਟਾਰੀਓ ‘ਚ ਵੱਖ-ਵੱਖ ਸਿਹਤ ਸਮੱਸਿਆਵਾਂ ਕਾਰਨ ਲਗਭਗ 12,000 ਹਜ਼ਾਰ ਬੱਚੇ ਸਰਜਰੀ ਦੀ ਉਡੀਕ ਕਰ ਰਹੇ ਹਨ ਅਤੇ ਅਜਿਹੀ ਸਥਿਤੀ ‘ਚ ਬੱਚਿਆਂ ਦੇ ਹਸਪਤਾਲਾਂ ਵੱਲੋਂ ਸੂਬਾ ਸਰਕਾਰ ਦੀ ਮਦਦ ਮੰਗ ਗਈ ਹੈ। ਹਸਪਤਾਲਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਰੈਸਪੀਰੇਟਰੀ ਵਾਇਰਸ ਅਤੇ ਫਲੂ ਕਾਰਨ ਹਾਲਾਤ ਬੇਕਾਬੂ ਹੋਏ ਜਦੋਂ ਆਪਰੇਸ਼ਨ ਰੱਦ ਕਰਦਿਆਂ ਸਟਾਫ਼ ਨੂੰ ਆਈ.ਸੀ.ਯੂ. ‘ਚ ਤਾਇਨਾਤ ਕੀਤਾ ਗਿਆ।

ਟੋਰਾਂਟੋ ਦੇ ਹੌਸਪੀਟਲ ਫ਼ਾਰ ਸਿਕ ਕਿਡਜ਼, ਹੈਮਿਲਟਨ ਦੇ ਮੈਕਮਾਸਟਰ ਹਸਪਤਾਲ, ਲੰਡਨ ਹੈਲਥ ਸਾਇੰਸਿਜ਼ ਵਿਖੇ ਬੱਚਿਆਂ ਦੇ ਹਸਪਤਾਲ ਅਤੇ ਓਟਵਾ ਦੇ ਬੱਚਿਆਂ ਦੇ ਹਸਪਤਾਲਾਂ ਵਿੱਚ ਸਰਜਰੀਆਂ ਦਾ ਵੱਡਾ ਬੈਕਲਾਗ ਪੈਦਾ ਹੋ ਗਿਆ ਹੈ। ਮੈਕਮਾਸਟਰ ਹਸਪਤਾਲ ਦੇ ਪ੍ਰੈਜ਼ੀਡੈਂਟ ਬਰੂਸ ਸਕੂਆਇਰਜ਼ ਨੇ ਦੱਸਿਆ ਕਿ ਉਨ੍ਹਾਂ ਕੋਲ 2,332 ਬੱਚਿਆਂ ਦੇ ਆਪਰੇਸ਼ਨ ਪੈਂਡਿੰਗ ਹਨ ਅਤੇ ਇਨ੍ਹਾਂ ‘ਚੋਂ 69 ਫ਼ੀਸਦੀ ਦਾ ਉਡੀਕ ਸਮਾਂ ਤੈਅਸ਼ੁਦਾ ਹੱਦ ਤੋਂ ਟੱਪ ਚੁੱਕਿਆ ਹੈ। ਅਜਿਹੇ ਵਿਚ ਵਧੇਰੇ ਹੈਲਥ ਕੇਅਰ ਵਰਕਰਾਂ ਦੀ ਜ਼ਰੂਰਤ ਹੈ। ਉਧਰ ਟੋਰਾਂਟੋ ਦੇ ਸਿਕ ਕਿਡਜ਼ ਹਸਪਤਾਲ ਦਾ ਕਹਿਣਾ ਹੈ ਕਿ ਪੂਰੀ ਸਮਰੱਥਾ ਨਾਲ ਮੁੜ ਸਰਜਰੀ ਕਰਨ ਦੇ ਬਾਵਜੂਦ ਉਡੀਕ ਸੂਚੀ ਵਧਦੀ ਜਾ ਰਹੀ ਹੈ। ਟੋਰਾਂਟੋ ਦੇ ਹਸਪਤਾਲ ਵਿਚ ਸਰਜਰੀ ਬੈਕਲਾਗ 6 ਹਜ਼ਾਰ ਤੋਂ ਟੱਪ ਚੁੱਕਾ ਹੈ।

ਡਾ. ਸਾਈਮਨ ਨੇ ਕਿਹਾ ਕਿ ਬੱਚਿਆਂ ਦੇ ਮੁੱਖ ਹਸਪਤਾਲਾਂ ਤੋਂ ਬਾਹਰ ਸਰਜਰੀ ਕਰਵਾਉਣ ਦੇ ਵਸੀਲ ਤਲਾਸ਼ ਕੀਤੇ ਜਾ ਰਹੇ ਹਨ। ਉੱਧਰ ਸਿਹਤ ਮੰਤਰੀ ਸਿਲਵੀਆ ਜੌਹਨਜ਼ ਦੀ ਤਰਜਮਾਨ ਹਾਨਾਹ ਨੇ ਕਿਹਾ ਕਿ ਸਮਰੱਥਾ ਵਧਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਦੂਜੇ ਪਾਸੇ ਬਾਲਗਾਂ ਦਾ ਸਰਜਰੀ ਬੈਕਲਾਗ 2 ਲੱਖ ਦੇ ਨੇੜ੍ਹੇ ਪੁੱਜ ਗਿਆ ਹੈ ਜਿਸ ਨੂੰ ਦੇਖਦਿਆਂ ਡਗ ਫੋਰਡ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਦੀ ਮਦਦ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ। ਬੱਚਿਆਂ ਦੇ ਹਸਪਤਾਲਾਂ ਦੇ ਨੁਮਾਇੰਦੇ ਵੀ ਇਸ ਮੁੱਦੇ `ਤੇ ਸੂਬਾ ਸਰਕਾਰ ਦੇ ਸੰਪਰਕ ਵਿੱਚ ਦੱਸੇ ਜਾ ਰਹੇ ਹਨ।

Share this Article
Leave a comment