ਟੋਰਾਂਟ: ਓਨਟਾਰੀਓ ‘ਚ ਘੱਟੋ-ਘੱਟ ਉਜਰਤ ਦਰ 15 ਡਾਲਰ ਪ੍ਰਤੀ ਘੰਟਾ ਹੋ ਗਈ ਹੈ ਅਤੇ ਹੁਣ 20 ਕਿਰਤੀਆਂ ਨੂੰ ਵਧਿਆ ਹੋਇਆ ਮਿਹਨਤਾਨਾ ਮਿਲੇਗਾ। ਡਗ ਫੋਰਡ ਸਰਕਾਰ ਨੇ ਜੂਨ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਹਿਲੀ ਜਨਵਰੀ ਤੋਂ ਉਜਰਤ ਦਰ ਵਧਾਉਣ ਦਾ ਐਲਾਨ ਕੀਤਾ ਸੀ।
31 ਦਸੰਬਰ ਤੱਕ ਓਨਟਾਰੀਓ ਦੇ ਕਿਰਤੀਆਂ ਨੂੰ ਘੱਟੋ-ਘੱਟ ਉਜਰਤ ਦੇ ਰੂਪ ਵਿਚ 14 ਡਾਲਰ 35 ਸੈਂਟ ਪ੍ਰਤੀ ਘੰਟਾ ਮਿਲ ਰਹੇ ਸਨ ਜਦਕਿ ਸ਼ਰਾਬ ਪਰੋਸਣ ਵਾਲਿਆਂ ਨੂੰ 12 ਡਾਲਰ 55 ਸੈਂਟ ਹੀ ਮਿਲ ਰਹੇ ਸਨ। ਹੁਣ ਦੋਹਾਂ ਸ਼੍ਰੇਣੀਆਂ ਵਿਚ ਪ੍ਰਤੀ ਘੰਟਾ 15 ਡਾਲਰ ਦਾ ਮਿਹਨਤਾਨਾ ਕਰ ਦਿਤਾ ਗਿਆ ਹੈ। ਹਫ਼ਤੇ ‘ਚ 28 ਘੰਟੇ ਕੰਮ ਕਰਨ ਵਾਲੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਘੱਟੋ-ਘੱਟ ਉਜਤਰ ਦਰ ਵਧਾ ਕੇ 14 ਡਾਲਰ 10 ਸੈਂਟ ਕਰ ਦਿੱਤੀ ਗਈ ਹੈ ਜੋ ਇਸ ਤੋਂ ਪਹਿਲਾਂ 13 ਡਾਲਰ 50 ਸੇਂਟ ਚੱਲ ਰਹੀ ਸੀ।
ਸਰਕਾਰ ਦੇ ਅੰਕੜਿਆਂ ਮੁਤਾਬਕ 2021 ‘ਚ ਜਨਵਰੀ ਤੋਂ ਨਵੰਬਰ ਤੱਕ 1 ਲੱਖ 67 ਹਜ਼ਾਰ ਕਿਰਤੀ ਘੱਟੋ-ਘੱਟ ਉਜਰਤ ਦਰ ਜਾਂ ਇਸ ਤੋਂ ਵੀ ਘੱਟ ਮਿਹਨਤਾਨ ‘ਤੇ ਕੰਮ ਕਰ ਰਹੇ ਸਨ। ਦੱਸਣਯੋਗ ਹੈ ਕਿ ਘੱਟੋਂ-ਘੱਟ ਉਜਰਤ ਦੇ ਮਸਲੇ ‘ਤੇ ਵਿਰੋਧੀ ਧਿਰ ਡਗ ਫ਼ੋਰਡ ਸਰਕਾਰ ਨੂੰ ਕਰੜੇ ਹੱਥੀਂ ਲੈ ਚੁੱਕੀ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਅਸਲ ਵਿਚ ਇਹ ਵਾਧਾ ਪਹਿਲੀ ਜਨਵਰੀ 2019 ਤੋਂ ਲਾਗੂ ਹੋਣਾ ਸੀ ਜਿਸ ਨੂੰ ਜਾਣ-ਬੁੱਝ ਕੇ ਟਾਲ ਦਿੱਤਾ ਗਿਆ ਪਰ ਹੁਣ ਚੋਣਾਂ ਸਿਰ ‘ਤੇ ਵੇਖ ਪ੍ਰੀਮੀਅਰ ਫੋਰਡ ਨੇ ਇਹ ਕਦਮ ਚੁੱਕਿਆ।