ਕੈਨੇਡਾ ਦੇ ਇਸ ਸੂਬੇ ‘ਚ ਲੋਕਾਂ ਨੂੰ ਬਿਜਲੀ ਬਿੱਲਾਂ ਤੋਂ ਮਿਲੇਗੀ ਰਾਹਤ

Prabhjot Kaur
2 Min Read

ਟੋਰਾਂਟੋ: ਓਨਟਾਰੀਓ ਵਾਸੀਆਂ ਦੇ ਬਿਜਲੀ ਬਿੱਲ ਘਟਾਉਣ ਲਈ ਡੱਗ ਫੋਰਡ ਸਰਕਾਰ ਵੱਲੋਂ ਨਵੀਂ ਯੋਜਨਾ ਪੇਸ਼ ਕੀਤੀ ਗਈ ਹੈ ਜਿਸ ਰਾਹੀਂ 90 ਡਾਲਰ ਤੱਕ ਬਚਤ ਹੋ ਸਕੇਗੀ ਪਰ ਇੱਕ ਰਿਪੋਰਟ ਮੁਤਾਬਕ ਗੱਲਾਂ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਗਿਆ। ਊਰਜਾ ਮੰਤਰੀ ਟੋਡ ਸਮਿਥ ਨੇ ਦੱਸਿਆ ਕਿ ਨਵੀਂ ਯੋਜਨਾ 1 ਮਈ ਤੋਂ ਲਾਗੂ ਹੋਵੇਗੀ ਅਤੇ ਰਾਤ 11 ਵਜੇ ਤੋਂ ਸਵੇਰੇ 7 ਵਜੇ ਦਰਮਿਆਨ ਬਿਜਲੀ ਖਪਤ ਦਾ ਖਰਚਾ 2.4 ਸੈਂਟ ਪ੍ਰਤੀ ਕਿਲੋਵਾਟ ਘੰਟਾ ਹੋਵੇਗਾ। ਸਿਰਫ਼ ਰਾਤ ਵੇਲੇ ਬਿਜਲੀ ਖਪਤ ਦੀਆਂ ਦਰਾਂ ਵਿਚ ਤਬਦੀਲੀ ਨਹੀਂ ਕੀਤੀ ਜਾ ਰਹੀ ਸਗੋਂ ਵੀਕਐਂਡ ਅਤੇ ਛੁੱਟੀਆਂ ਵਾਲੇ ਦਿਨਾਂ ਵਾਸਤੇ ਵੀ ਨਵੀਆਂ ਦਰਾਂ ਦਾ ਐਲਾਨ ਕੀਤਾ ਗਿਆ ਹੈ।

1 ਮਈ ਤੋਂ ਲਾਗੂ ਹੋ ਰਹੀਆਂ ਦਰਾਂ ਤਹਿਤ ਜਦੋਂ ਬਿਜਲੀ ਦੀ ਮੰਗ ਸਿਖਰ ‘ਤੇ ਨਹੀਂ ਹਵੇਗੀ ਤਾਂ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ 7.4 ਸੈਂਟ ਪ੍ਰਤੀ ਕਿਲੋਵਾਟ ਘੰਟਾ ਦੇ ਹਿਸਾਬ ਨਾਲ ਬਿੱਲ ਅਦਾ ਕਰਨਾ ਹੋਵੇਗਾ। ਇਹ ਦਰ ਹਫ਼ਤੇ ਦੇ ਕੰਮਕਾਜੀ ਦਿਨਾਂ ਤੋਂ ਇਲਾਵਾ ਵੀਕਐਂਡ ਅਤੇ ਛੁੱਟੀਆਂ ਵਾਲੇ ਦਿਨਾਂ `ਤੇ ਲਾਗੂ ਹੋਵੇਗੀ। ਜਦੋਂ ਬਿਜਲੀ ਦੀ ਮੰਗ ਦਰਮਿਆਨੇ ਆਧਾਰ ‘ਤੇ ਵਧੇਗੀ ਤਾਂ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਦਰਮਿਆਨ ਬਿਜਲੀ ਦਾ ਖਰਚਾ 10.2ਸੈਂਟ ਪ੍ਰਤੀ ਕਿਲੋਵਾਟ ਘੰਟਾ ਹੋਵੇਗਾ। ਬਿਜਲੀ ਦੀ ਮੰਗ ਸਿਖਰ ‘ਤੇ ਹੋਣ ਦਰਮਿਆਨ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ 15.1 ਸੈਂਟ ਪ੍ਰਤੀ ਕਿਲੋਵਾਟ ਘੰਟਾ ਦੇ ਹਿਸਾਬ ਨਾਲ ਬਿੱਲ ਬਣੇਗਾ।

ਊਰਜਾ ਮੰਤਰੀ ਟੋਡ ਸਮਿਥ ਨੇ ਕਿਹਾ ਕਿ ਖਪਤਕਾਰਾਂ ਦੀਆਂ ਤਰਜੀਹਾਂ ਲਗਾਤਾਰ ਬਦਲ ਰਹੀਆਂ ਹਨ ਅਤੇ ਸਾਡੀ ਸਰਕਾਰ ਇਨ੍ਹਾਂ ਨੂੰ ਸਮਝਦਿਆਂ ਨਵੇਂ ਫੈਸਲੇ ਲੈ ਰਹੀ ਹੈ। ਜ਼ਿਆਦਾਤਰ ਰਿਹਾਇਸ਼ੀ, ਕਾਰੋਬਾਰੀ ਅਤੇ ਖੇਤੀ ਖਪਤਕਾਰਾਂ ਨਵੀਆਂ ਦਰਾਂ ਅਪਨਾਉਣ ਦੇ ਯੋਗ ਹੋਣਗੇ। ਵਧੇਰੇ ਜਾਣਕਾਰੀ ਲਈ ਓਨਟਾਰੀਓ ਐਨਰਜੀ ਬੋਰਡ ਦੀ ਵੈਬਸਾਈਟ `ਤੇ ਵਿਜ਼ਟ ਕੀਤਾ ਜਾ ਸਕਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment