ਟੋਰਾਂਟੋ: ਕੈਨੇਡਾ ‘ਚ ਭਾਰਤੀ ਪਰਿਵਾਰ ਨਾਲ ਸਬੰਧਤ ਮਾਮਲੇ ‘ਚ ਇੱਕ ਨਵਾਂ ਮੋੜ ਆ ਗਿਆ ਜਦੋਂ ਓਨਟਾਰੀਓ ਸਰਕਾਰ ਨੇ ਅਦਾਲਤ ‘ਚ ਦਾਅਵਾ ਕੀਤਾ ਕਿ ਸੰਜੇ ਮਦਾਨ ਨੇ 9 ਜਣਿਆਂ ਨਾਲ ਮਿਲ ਕੇ 7.5 ਕਰੋੜ ਡਾਲਰ ਦਾ ਇੱਕ ਹੋਰ ਘਪਲਾ ਵੀ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤੀ ਮੂਲ ਦੇ ਪਰਿਵਾਰ `ਤੇ ਸਰਕਾਰੀ ਖ਼ਜ਼ਾਨੇ ‘ਚੋਂ ਇੱਕ ਕਰੋੜ 10 ਲੱਖ ਡਾਲਰ ਕਢਵਾਉਣ ਦੇ ਦੋਸ਼ ਲੱਗੇ ਸਨ ਪਰ ਹੁਣ ਕੰਪਿਊਟਰ ਠੇਕਿਆਂ ‘ਚੋਂ ਕਮਿਸ਼ਨ ਖਾਣ ਦੇ ਦੋਸ਼ ਵੀ ਜੁੜ ਗਏ।
ਇੱਕ ਰਿਪੋਰਟ ਮੁਤਾਬਕ ਓਨਟਾਰੀਓ ਸਰਕਾਰ ਨੇ ਸੰਜੇ ਮਦਾਨ ਅਤੇ 9 ਹੋਰ ਖਿਲਾਫ ਅਦਾਲਤ ‘ਚ ਦਾਇਰ ਤਾਜ਼ਾ ਦਸਤਾਵੇਜ਼ਾਂ ‘ਚ ਦੋਸ਼ ਲਾਇਆ ਹੈ ਕਿ ਕੰਪਿਊਟਰ ਠੇਕਿਆਂ ਦੀ ਅਲਾਟਮੈਂਟ ਦੌਰਾਨ ਵੱਡੇ ਪੱਧਰ ‘ਤੇ ਘਪਲਾ ਹੋਇਆ ਅਤੇ ਸਰਕਾਰੀ ਖ਼ਜ਼ਾਨੇ ਨੂੰ 75 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ। ਓਨਟਾਰੀਓ ਸਰਕਾਰ ਦੇ ਵਕੀਲਾਂ ਵੱਲੋਂ ਸੁਪੀਰੀਅਰ ਕੋਰਟ ਵਿੱਚ ਦਾਇਰ ਦਸਤਾਵੇਜ਼ਾਂ ਮੁਤਾਬਕ ਸੂਬਾ ਸਰਕਾਰ ਨੇ ਸਰਵਿਸ ਕਾਂਟਰੈਕਟਸ ਦੀ ਫ਼ੀਸ ਵਜੋਂ 40 ਮਿਲੀਅਨ ਡਾਲਰ ਅਦਾ ਕੀਤੇ ਜੋ ਸਿੱਧੇ ਤੌਰ ‘ਤੇ ਰਿਸ਼ਵਤ ਲੈ ਕੇ ਦਿੱਤੇ ਗਏ।
ਠੇਕੇ ਹਾਸਲ ਕਰਨ ਵਾਲਿਆਂ ਨੇ ਲਗਭਗ 35 ਮਿਲੀਅਨ ਡਾਲਰ ਦਾ ਕਮਿਸ਼ਨ ਅਦਾ ਕੀਤਾ ਜਿਸ ਦੇ ਨਤੀਜੇ ਵਜੋਂ ਸਰਕਾਰ ਨੂੰ ਕੁੱਲ 75 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ। ਇਸ ਤੋਂ ਪਹਿਲਾਂ ਓਨਟਾਰੀਓ ਸਰਕਾਰ ਨੇ ਦੋਸ਼ ਲਾਏ ਸਨ ਕਿ ਸੰਜੇ ਮਦਾਨ ਅਤੇ ਉਸ ਦੀ ਪਤਨੀ ਨੇ ਸਰਕਾਰੀ ਨੌਕਰੀ ਦੌਰਾਨ ਪਰਿਵਾਰ ਭਲਾਈ ਯੋਜਨਾ ਲਈ ਰੱਖੀ ਰਕਮ ‘ਚੋਂ ਇੱਕ ਕਰੋੜ 10 ਲੱਖ ਡਾਲਰ ਫ਼ਰਜ਼ੀ ਖਾਤਿਆਂ ਵਿਚ ਜਮ੍ਹਾਂ ਕਰਵਾਏ। ਅਦਾਲਤੀ ਦਸਤਾਵੇਜ਼ਾਂ ‘ਚ ਸੰਜੇ ਮਦਾਨ, ਸ਼ਾਲਿਨੀ ਮਦਾਨ, ਇਨ੍ਹਾਂ ਦੇ ਬੇਟਿਆਂ ਚਿਨਮਯ ਅਤੇ ਉਜਵਲ ਤੋਂ ਇਲਾਵਾ ਇੱਕ ਹੋਰ ਸਾਥੀ ਵਿਧਾਨ ਸਿੰਘ ਦਾ ਨਾਂ ਵੀ ਸ਼ਾਮਲ ਹੈ ਜਿਨ੍ਹਾਂ ਨੇ ਕਥਿਤ ਤੌਰ ‘ਤੇ ਬੈਂਕ ਆਫ਼ ਮੋਂਟਰੀਅਲ, ਰਾਇਲ ਬੈਂਕ ਆਫ਼ ਕੈਨੇਡਾ, ਟੀ.ਡੀ. ਅਤੇ ਭਾਰਤ ਦੇ ਆਈ.ਸੀ.ਆਈ. ਸੀ.ਆਈ. ਬੈਂਕ ਦੇ ਹਜ਼ਾਰਾਂ ਖਾਤਿਆਂ ਰਾਹੀਂ ਰਕਮ ਖੁਰਦ-ਬੁਰਦ ਕੀਤੀ। ਸੰਜੇ ਅਤੇ ਸ਼ਾਲਿਨੀ ਨੂੰ ਸਰਕਾਰੀ ਨੌਕਰੀ ਤੋਂ ਬਰਖਾਸਤ ਕਰ ਦਿਤਾ ਗਿਆ। ਸੰਜੇ ਵਿਰੁੱਧ ਧੋਖਾਧੜੀ ਦੇ ਦੋ ਅਤੇ ਭਰੋਸਾ ਤੋੜਨ ਦੇ ਦੋ ਦੋਸ਼ਾਂ ਅਧੀਨ ਮੁਕੱਦਮਾ ਚੱਲ ਰਿਹਾ ਹੈ। ਇਸ ਤੋਂ ਇਲਾਵਾ ਸੰਜੇ ਅਤੇ ਸ਼ਾਲਿਨੀ ਵਿਰੁੱਧ ਚੋਰੀ ਰਾਹੀਂ ਹਾਸਲ ਜਾਇਦਾਦ ਰੱਖਣ ਅਤੇ ਕਾਲੇ ਧਨ ਨੂੰ ਚਿੱਟਾ ਬਣਾਉਣ ਦੇ ਦੋਸ਼ ਆਇਦ ਕੀਤੇ ਗਏ।