ਵਾਸ਼ਿੰਗਟਨ :- ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਵੱਡੀ ਗਿਣਤੀ ‘ਚ ਭਾਰਤੀ ਵਿਦਿਆਰਥੀ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਤੇ ਗਣਿਤ ਦੀ ਪੜ੍ਹਾਈ ਲਈ ਅਮਰੀਕਾ ਆਉਂਦੇ ਹਨ ਤੇ ਭਾਰਤ ਗਿਆਨ ਦੀ ਭਾਈਵਾਲੀ ਬਣਾਉਣ ਲਈ ਅਮਰੀਕੀ ਯੂਨੀਵਰਸਿਟੀਆਂ ਨਾਲ ਨਿਰੰਤਰ ਗੱਲਬਾਤ ਕਰ ਰਿਹਾ ਹੈ।
ਸੰਧੂ ਨੇ ਚੈਪਲ ਹਿੱਲ ‘ਚ ਨੌਰਥ ਕੈਰੋਲਿਨਾ ਯੂਨੀਵਰਸਿਟੀ ‘ਚ ਆਪਣੇ ਸੰਬੋਧਨ ‘ਚ ਕਿਹਾ ਕਿ ਭਾਰਤ ਤੋਂ ਦੋ ਲੱਖ ਤੋਂ ਵੱਧ ਵਿਦਿਆਰਥੀ ਅਮਰੀਕਾ ‘ਚ ਪੜ੍ਹ ਰਹੇ ਹਨ ਤੇ ਇਨ੍ਹਾਂ ‘ਚੋਂ ਬਹੁਤੇ ਐਸ.ਟੀ.ਐਮ ਸੈਕਟਰ ਦੇ ਹਨ, ਇਸ ਲਈ ਉੱਚ ਸਿੱਖਿਆ ਦੇ ਖੇਤਰ ‘ਚ ਸਹਿਯੋਗ ਦੀਆਂ ਉਤਸ਼ਾਹਤ ਸੰਭਾਵਨਾਵਾਂ ਹਨ।
ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਦੇ ਵਟਾਂਦਰੇ, ਆਨ ਲਾਈਨ ਸਿੱਖਿਆ ਅਤੇ ਦੋਵਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ‘ਚ ਸਹਿਯੋਗ ਦੀਆਂ ਸੰਭਾਵਨਾਵਾਂ ਹਨ। ਭਾਰਤੀ ਰਾਜਦੂਤ ਨੇ ਕਿਹਾ, “ਅਸੀਂ ਉਮੀਦ ਕਰਦੇ ਹਾਂ ਕਿ ਮੁੱਖ ਤੌਰ ‘ਤੇ ਭਾਰਤ ‘ਤੇ ਧਿਆਨ ਕੇਂਦਰਤ ਕੀਤਾ ਜਾਵੇ, ਜਿਸ ਨਾਲ ਯੂ ਐਨ ਸੀ ਇਸ ਖੇਤਰ ‘ਚ ਅਗਵਾਈ ਕਰੇਗਾ।”
ਸੀਨੀਅਰ ਭਾਰਤੀ ਡਿਪਲੋਮੈਟਾਂ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਐਰੀਜ਼ੋਨਾ ਸਟੇਟ ਯੂਨੀਵਰਸਿਟੀ, ਹਾਵਰਡ ਯੂਨੀਵਰਸਿਟੀ, ਸਾਊਥ ਫਲੋਰੀਡਾ ਯੂਨੀਵਰਸਿਟੀ, ਨੌਰਥ ਕੈਰੋਲੀਨਾ ਯੂਨੀਵਰਸਿਟੀ ‘ਚ ਭਾਰਤ-ਅਮਰੀਕਾ ਸਾਂਝੇਦਾਰੀ ਸੰਵਾਦ ਸੈਸ਼ਨਾਂ ‘ਚ ਸ਼ਿਰਕਤ ਕੀਤੀ।
ਪਿਛਲੇ ਹਫ਼ਤੇ ਰਾਜਦੂਤ ਨੇ ਐਰੀਜ਼ੋਨਾ ਯੂਨੀਵਰਸਿਟੀ ਦੇ ਪ੍ਰਧਾਨ ਡਾ. ਮਾਈਕਲ ਕਰੌ ਨਾਲ ਗੱਲਬਾਤ ਕੀਤੀ। ਸੰਧੂ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਅਧੀਨ ਸਾਂਝੀਆਂ ਡਿਗਰੀਆਂ ਤੇ ਦੋਹਰੀ ਡਿਗਰੀਆਂ ਆਦਿ ਦੀ ਪੇਸ਼ਕਸ਼ ਕਰਨ ਲਈ ਭਾਰਤੀ ਤੇ ਵਿਦੇਸ਼ੀ ਉੱਚ ਸਿੱਖਿਆ ਸੰਸਥਾਵਾਂ ਵਿਚਾਲੇ ਸਹਿਯੋਗ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।