ਚੰਡੀਗੜ੍ਹ : ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਦਰਮਿਆਨ ਮਾਹੌਲ ਹੋਰ ਤਲਖੀ ਹੁੰਦਾ ਜਾਪਦਾ ਹੈ। ਜਿਸ ਤੋੋਂ ਬਾਅਦ ਅੱਜ ਇੱਕ ਵਾਰ ਫਿਰ ਗਾਇਕ ਦਿਲਜੀਤ ਦੋਸਾਂਝ ਇਸ ਮੁੱਦੇ ‘ਤੇ ਰਵਨੀਤ ਸਿੰਘ ਬਿੱਟੂ ‘ਤੇ ਭੜਕਦੇ ਨਜ਼ਰ ਆਏ। ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੈਂਸਰ ਬੋਰਡ ਵੱਲੋਂ ਜਾਰੀ ‘ਪੰਜਾਬ 1984’ ਫਿਲਮ ਦਾ ਸਰਟੀਫਿਕੇਟ ਸਾਂਝਾ ਕੀਤਾ ਗਿਆ ਹੈ। ਇਸ ਦੀ ਕੈਪਸ਼ਨ ‘ਚ ਦਿਲਜੀਤ ਲਿਖਦੇ ਹਨ ‘ਗੌਰਮਿੰਟ ਆਫ ਇੰਡੀਆ.. ਗੌਰਮਿੰਟ ਦੇ ਬੰਦੇ ਹੀ ਗੌਰਮਿੰਟ ਦੀ ਨੀ ਮਨ ਰਹੇ.. ਇੰਡੀਆ ਗੌਰਮਿੰਟ ਤੋਂ ਸਰਟੀਫਾਇਡ ਫਿਲਮ ‘ਤੇ ਹੀ ਪਰਚਾ ਕਰਵਾ ਰਹੇ ਆ?’ ਦਿਲਜੀਤ ਨੇ ਅੱਗੇ ਲਿਖਿਆ ‘ਜੇ ਤੁਹਾਡੀ ਫਿਲਮ, ਤੁਹਾਡੇ ਗੀਤ ਸੈਂਸਰ ਬੋਰਡ ਤੋਂ ਪਾਸ ਨੇ.. ਬੇਸ਼ੱਕ ਤੁਹਾਡੇ ਕੰਮ ਨੂੰ ਨੈਸ਼ਨਲ ਐਵਾਰਡ ਵੀ ਮਿਲਿਆ..ਫੇਰ ਵੀ ਤੁਹਾਡੇ ਨੈਸ਼ਨਲ ਐਵਾਰਡ ਹਾਸਲ ਕੰਮ ‘ਤੇ ਪਰਚਾ ਹੋ ਸਕਦਾ ਸਾਬਾਸ਼’। ਦੱਸ ਦਈਏ ਕਿ ਦਿਲਜੀਤ ਸਿੰਘ ਦੋਸਾਂਝ ਵੱਲੋਂ ਇਹ ਪੋਸਟ ਕੁਝ ਹੀ ਸਮੇਂ ਬਾਅਦ ਡਿਲੀਟ ਕਰ ਦਿੱਤੀ ਗਈ।
ਦਰਅਸਲ ਪੰਜਾਬੀ ਗਾਇਕ ਦਲਜੀਤ ਦੋਸਾਂਝ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਆਪਣੀ ਫਿਲਮ ‘ਪੰਜਾਬ 1984’ ਦੇ ਗੀਤ ‘ਰੰਗਰੂਟ’ ਨੂੰ ਗਾ ਕੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਸੀ। ਜਿਸ ‘ਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋਂ ਇਤਰਾਜ਼ ਜਤਾਇਆ ਗਿਆ ਸੀ। ਬਿੱਟੂ ਨੇ ਦੋਸ਼ ਲਗਾਇਆ ਸੀ ਕਿ ਦਲਜੀਤ ਦੋਸਾਂਝ ਅਜਿਹੇ ਗੀਤ ਗਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਭੜਕਾ ਰਹੇ ਹਨ। ਇਸ ਸਬੰਧ ‘ਚ ਰਵਨੀਤ ਸਿੰਘ ਬਿੱਟੂ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਸੀ ਜਿਸ ‘ਚ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਦਿਲਜੀਤ ਦੋਸਾਂਝ ਅਤੇ ਜੈਜ਼ੀ ਬੀ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ।
ਇਸ ਤੋੋਂ ਕੁਝ ਦਿਨ ਬਾਅਦ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਰਾਹੀਂ ਇਸ ਮਾਮਲੇ ‘ਤੇ ਆਪਣਾ ਸਪਸ਼ਟੀਕਰਨ ਦਿੱਤਾ ਸੀ। ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਜਿਸ ਫਿਲਮ ਅਤੇ ਉਸ ਦੇ ਗੀਤ ਸੈਂਸਰ ਬੋਰਡ ਤੋਂ ਪਾਸ ਹੋਣ ਅਤੇ ਜਿਸ ਫਿਲਮ ਨੂੰ ਨੈਸ਼ਨਲ ਐਵਾਰਡ ਮਿਲ ਚੁੱਕਿਆ ਹੋਵੇ ਉਸ ‘ਤੇ ਮਾਮਲੇ ਦਰਜ ਕਰਨ ਦੀ ਮੰਗ ਕਿਉਂ ਕੀਤੀ ਜਾ ਰਹੀ ਹੈ?