Breaking News

ਅੰਮ੍ਰਿਤਪਾਲ ਸਿੰਘ ਦੇ ਸੱਦੇ ‘ਤੇ ‘ਖਾਲਸਾ ਵਹੀਰ’ ਨੂੰ ਨੌਜਵਾਨਾਂ ਦਾ ਭਰਵਾਂ ਹੁੰਗਾਰਾ

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

ਅੰਮ੍ਰਿਤਪਾਲ ਸਿੰਘ ਦੇ ‘ਖਾਲਸਾ ਵਹੀਰ’ ਨੂੰ ਲੈ ਕੇ ਪੰਜਾਬ ‘ਚ ਧਾਰਮਿਕ ਅਤੇ ਰਾਜਸੀ ਹਲਕਿਆਂ ‘ਚ ਤਕੜੀ ਹੱਲਚਲ ਮਚੀ ਹੋਈ ਹੈ।ਅਜਿਹਾ ਨਹੀਂ ਹੈ ਕਿ ਪੰਜਾਬ ‘ਚ ਪਹਿਲਾਂ ਕਦੇ ਖਾਲਸਾ ਮਾਰਚ ਨਹੀਂ ਹੋਏ ਪਰ ਮੌਜੂਦਾ ਸਥਿਤੀਆਂ ‘ਚ ਅੰਮ੍ਰਿਤਪਾਲ ਦੀ ਅਗਵਾਈ ਹੇਠ ਹੋ ਰਹੇ ‘ਖਾਲਸਾ ਵਹੀਰ’ ਦੀ ਵਿਲੱਖਣ ਪਹਿਚਾਨ ਹੈ। ਪੰਜਾਬ ‘ਚ ਪਹਿਲਾਂ ਵੀ ਇਸ ਧਿਰ ਵਲੋਂ ਕੁਝ ਪ੍ਰੋਗਰਾਮ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਅੱਜ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਵਲੋਂ ਅਕਾਲ ਤਖ਼ਤ ਸਾਹਿਬ ‘ਤੇ ਪਹਿਲਾਂ ਅਰਦਾਸ ਕੀਤੀ ਗਈ ਅਤੇ ਉਸ ਤੋਂ ਬਾਅਦ ਇਹ ਕਾਫ਼ਲਾ ਮਾਝੇ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ‘ਚ ਪ੍ਰੋਗਰਾਮ ਦੇਣ ਦਾ ਮੁੱਦਾ ਲੈ ਕੇ ਰਵਾਨਾ ਹੋਇਆ। ਇਸ ਕਾਫ਼ਲੇ ਵਲੋਂ ਗੁਰਦੁਆਰਾ ਸਾਹਿਬਾਨ ‘ਚ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ‘ਖਾਲਸਾ ਵਹੀਰ’ ਦੀ ਸਮਾਪਤੀ ਸ੍ਰੀ ਅੰਨਦਪੁਰ ਸਾਹਿਬ ਜਾ ਕੇ ਹੋਵੇਗੀ ਪਰ ਉਸ ਤੋਂ ਪਹਿਲਾਂ ਅਗਲੇ ਦਿਨ੍ਹਾਂ ‘ਚ ਅੰਮ੍ਰਿਤ ਸੰਚਾਰ ਮੁਹਿਮ ਚਲਾਈ ਜਾਵੇਗੀ। ਅੱਜ ਦੇ ‘ਖਾਲਸਾ ਵਹੀਰ’ ਪ੍ਰੋਗਰਾਮ ‘ਚ ਨੌਜਵਾਨ ਵਲੋਂ ਵੱਡੀ ਗਿਣਤੀ ‘ਚ ਸ਼ਮੁਲੀਅਤ ਕੀਤੀ ਗਈ। ਜਾਣਕਾਰੀ ਮੁਤਾਬਿਕ ਰਸਤੇ ‘ਚ ਵੀ ਸੰਗਤਾਂ ਵੱਡੀ ਗਿਣਤੀ ‘ਚ ‘ਖਾਲਸਾ ਵਹੀਰ’ ਨਾਲ ਜੁੜਦੀਆਂ ਜਾਣਗੀਆਂ। ਦਿਤੇ ਗਏ ਸੱਦੇ ਮੁਤਾਬਿਕ ਇਹ ਪ੍ਰੋਗਰਾਮ ਪੂਰੀ ਤਰ੍ਹਾਂ ਧਾਰਮਿਕ ਰੱਖਿਆ ਗਿਆ ਹੈ।ਰਸਤੇ ‘ਚ ਥਾਂ-ਥਾਂ ਸੰਗਤਾਂ ‘ਖਾਲਸਾ ਵਹੀਰ’ ਦੀ ਉਡੀਕ ਲਈ ਪਹਿਲਾਂ ਹੀ ਪੁਜੀਆਂ ਹੋਈਆਂ ਹਨ। ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਅਧੀਨ ਨੌਜਵਾਨ ਵੱਡੀ ਗਿਣਤੀ ‘ਚ ਅਗਲੇ ਦਿਨ੍ਹਾਂ ਅੰਦਰ ਅੰਮ੍ਰਿਤ ਸੰਚਾਰ ਦਾ ਅਮਲੀ ਰੂਪ ‘ਚ ਹਿੱਸਾ ਬਣਨਗੇ।

ਪੰਜਾਬ ਦੀਆਂ ਵੱਖ-ਵੱਖ ਧਾਰਮਿਕ ਜੱਥੇਬੰਦੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ ਪਰ ਅਕਸਰ ਇਹ ਸਵਾਲ ਉਠਦੇ ਰਹਿੰਦੇ ਹਨ ਕਿ ਪੰਜਾਬ ਦਾ ਨੌਜਵਾਨ ਨਸ਼ਿਆਂ ਦੇ ਰਾਹ ਕਿਉਂ ਪੈ ਗਿਆ ਹੈ? ਨੌਜਵਾਨ ਆਪਣੇ ਵਿਰਸੇ ਨਾਲੋਂ ਕਿਉਂ ਟੁੱਟ ਰਹੇ ਹਨ? ਕੀ ਪਿਛਲੇ ਸਮਿਆਂ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨੌਜਵਾਨਾਂ ਨੂੰ ਸਿੱਖੀ ਦੇ ਰਾਹ ‘ਤੇ ਲਿਆਉਣ ਲਈ ਵੱਡੇ ਪ੍ਰੋਗਰਾਮ ਉਲੀਕੇ ਗਏ ਅਤੇ ਉਨ੍ਹਾਂ ਪ੍ਰੋਗਰਾਮਾਂ ਨੂੰ ਕਿਹੋ ਜਿਹਾ ਹੁੰਗਾਰਾ ਮ ਲਿਆ ? ਇਹ ਸਵਾਲ ਵੀ ਉਠਦੇ ਹਨ ਕਿ ਸਿੱਖਾਂ ਦੀ ਅਗਵਾਈ ਦਾ ਦਾਅਵਾ ਕਰਨ ਵਾਲਾ ਅਕਾਲੀ ਦਲ ਹਾਸ਼ੀਏ ‘ਤੇ ਕਿਉਂ ਚਲਾ ਗਿਆ ਹੈ।ਸਿਖਾਂ ਦੀ ਪ੍ਰਵਾਨਿਤ ਲੀਡਰਸ਼ਿਪ ਨੂੰ ਲੈ ਕੇ ਵੀ ਸਵਾਲ ਉਠਦੇ ਰਹਿੰਦੇ ਹਨ ।ਇਨ੍ਹਾਂ ਸਾਰੀਆਂ ਪ੍ਰਸਿਥੀਤੀਆਂ ‘ਚ ਨੌਜਵਾਨ ਸਹੀ ਸੇਧ ਵਾਲੀ ਲੀਡਰਸ਼ਿਪ ਦੀ ਤਲਾਸ਼ ‘ਚ ਹਨ।ਹੁਣ ਅੰਮ੍ਰਿਤਪਾਲ ਸਿੰਘ ਇਕ ਅਗਵਾਈ ਦੇ ਰੂਪ ‘ਚ ਨੌਜਵਾਨਾਂ ਦੇ ਸਾਹਮਣੇ ਆਇਆ ਹੈ ਤਾਂ ਯੁਵਾ ਵਰਗ ਵਲੋਂ ਇਨ੍ਹਾਂ ਦੇ ਦਿਤੇ ਪ੍ਰੋਗਰਾਮਾ ਨੂੰ ਭਰਵਾਂ ਹੁੰਗਾਰਾ ਦਿਤਾ ਜਾ ਰਿਹਾ ਹੈ।ਕਈ ਧਿਰਾਂ ਵਲੋਂ ਅੰਮ੍ਰਿਤਪਾਲ ਸਿੰਘ ਉਪਰ ਵੀ ਸਵਾਲ ਚੁੱਕੇ ਜਾ ਰਹੇ ਹਨ।ਇਹ ਸਵਾਲ ਵੀ ਪੁੱਛੇ ਜਾ ਰਹੇ ਹਨ ਕਿ ਅੰਮ੍ਰਿਤਪਾਲ ਦੀਆਂ ਸਰਗਰਮੀਆਂ ਪੰਜਾਬ ਦੇ ਮਾਹੋਲ ਨੂੰ ਖਰਾਬ ਕਰਨ ਵਾਲੀਆਂ ਹਨ ਪਰ ਆਉਣ ਵਾਲਾ ਸਮਾਂ ਦਸੇਗਾ ਜੇਕਰ ਪੰਜਾਬ ਦਾ ਮਾਹੋਲ ਵਿਗੜਦਾ ਹੈ ਤਾਂ ਇਸ ਲਈ ਕਿਹੜੀਆਂ ਧਿਰਾਂ ਜ਼ਿੰਮੇਵਾਰ ਹਨ।ਕੇਵਲ ਦੋਸ਼ ਲਗਾਉਣ ਨਾਲ ਨਾ ਤਾਂ ਦੋਸ਼ ਲਗਾਉਣ ਵਾਲੀਆਂ ਧਿਰਾਂ ਸਹੀ ਸਾਬਿਤ ਹੋ ਜਾਂਦੀਆਂ ਅਤੇ ਨਾ ਹੀ ਕੋਈ ਵਿਅਕਤੀ ਦੋਸ਼ੀ ਸਿੱਧ ਹੋ ਜਾਂਦਾ ਹੈ।ਇਹ ਸਹੀ ਹੈ ਕਿ ‘ਖਾਲਸਾ ਵਹੀਰ’ ਨਾਲ ਜੁੜੀਆਂ ਧਿਰਾਂ ਦੇ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਨੂੰ ਮਿਥੀ ਦਿਸ਼ਾ ਅਨੁਸਾਰ ਨੇਪਰੇ ਚੜਾਇਆ ਜਾਂਦਾ ਹੈ ਤਾਂ ਨੌਜਵਾਨਾਂ ਲਈ ਇਹ ਪ੍ਰੋਗਰਾਮ ਇਕ ਵੱਡੀ ਸੇਧ ਸਾਬਿਤ ਹੋਵੇਗਾ।ਇਥੇ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਕੁਝ ਅਜਿਹੇ ਅਨਸਰਾਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ ਜਿਹੜੇ ਕਿ ਕਿਸੇ ਨਾ ਕਿਸੇ ਬਹਾਨੇ ਟਕਰਾਅ ਦੀ ਤਲਾਸ਼ ‘ਚ ਰਹਿੰਦੇ ਹਨ।

Check Also

ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਵਿਰੋਧੀ ਆਗੂਆਂ ਦੀਆਂ ਮੁਸੀਬਤਾਂ ਵਧੀਆਂ

ਪੰਜਾਬ ਵਿਚ ਭ੍ਰਿਸ਼ਟਾਚਾਰ ਦਾ ਮੁੱਦਾ ਹਾਕਮ ਧਿਰ ਅਤੇ ਵਿਰੋਧੀ ਧਿਰਾਂ ਵਿਚਕਾਰ ਇਸ ਵੇਲੇ ਟਕਰਾਅ ਦਾ …

Leave a Reply

Your email address will not be published. Required fields are marked *