ਜਗਤਾਰ ਸਿੰਘ ਸਿੱਧੂ
ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਸੰਕਟ ਦਾ ਅੰਦਾਜ਼ਾ ਅਜਿਹੇ ਤੱਥਾਂ ਤੋਂ ਲਗਾਇਆ ਜਾ ਸਕਦਾ ਹੈ ਕਿ 2039 ਤੱਕ ਧਰਤੀ ਹੇਠਲੇ ਪਾਣੀ ਦਾ ਪੱਧਰ ਤਿੰਨ ਸੌ ਮੀਟਰ ਤੱਕ ਹੇਠਾਂ ਚਲਾ ਜਾਵੇਗਾ । ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗਾਂ ਤੋਂ ਜਨਹਿਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਜਵਾਬ ਮੰਗਿਆ ਹੈ ਕਿ ਪਾਣੀ ਦੇ ਬਚਾਅ ਲਈ ਕੀ ਉਪਰਾਲੇ ਹੋ ਰਹੇ ਹਨ। ਇਹ ਮਾਮਲਾ ਧਰਤੀ ਹੇਠਲੇ ਪਾਣੀ ਦੀ ਸਾਂਭ-ਸੰਭਾਲ ਨਾਲ ਜੁੜਿਆ ਹੋਇਆ ਹੈ । ਪਿਛਲੇ ਦਿਨੀ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਨੇ ਵੀ ਪਾਣੀ ਦੇ ਸੰਕਟ ਦੇ ਮੁੱਦੇ ਉੱਤੇ ਚੰਡੀਗੜ ਵਿੱਚ ਅਣਮਿਥੇ ਸਮੇ ਲਈ ਧਰਨਾ ਲਾਉਣ ਦਾ ਐਲਾਨ ਕੀਤਾ ਸੀ । ਜੇਕਰ ਦੇਖਿਆ ਜਾਵੇ ਤਾਂ ਪੰਜਾਬ ਨੂੰ ਪਾਣੀ ਦੇ ਮੁੱਦੇ ਉੱਤੇ ਦੂਹਰੀ ਲੜਾਈ ਲੜਨੀ ਪੈ ਰਹੀ ਹੈ । ਜਿਥੇ ਧਰਤੀ ਹੇਠਲੇ ਪਾਣੀ ਦਾ ਸੰਕਟ ਬਣਿਆ ਹੋਇਆ ਹੈ ਉਥੇ ਪੰਜਾਬ ਨਾਲ ਦਰਿਆਈ ਪਾਣੀਆਂ ਦੀ ਵੰਡ ਦੇ ਮਾਮਲੇ ਵਿੱਚ ਗੁਆਂਡੀ ਸੂਬਿਆਂ ਨੂੰ ਪਾਣੀ ਦੇਣ ਦੇ ਮਾਮਲੇ ਵਿੱਚ ਵੱਡਾ ਧੱਕਾ ਕੀਤਾ ਗਿਆ ਹੈ । ਅਸਲ ਵਿੱਚ ਦੇਖਿਆ ਜਾਵੇ ਤਾਂ ਧਰਤੀ ਹੇਠਲੇ ਪਾਣੀਆਂ ਦਾ ਦਰਿਆਈ ਪਾਣੀਆਂ ਦੀ ਵਰਤੋਂ ਨਾਲ ਨਜਦੀਕ ਦਾ ਸਬੰਧ ਹੈ । ਜੇਕਰ ਸਿੰਚਾਈ ਲਈ ਦਰਿਆਵਾਂ ਦੇ ਪਾਣੀਆਂ ਦੀ ਵਰਤੋਂ ਚੰਗੀ ਹੋਵੇਗੀ ਤਾਂ ਟਿਊਬਵੈਲਾਂ ਰਾਹੀ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ । ਇਸ ਤੋਂ ਇਲਾਵਾ ਦਰਿਆਈ ਪਾਣੀਆਂ ਦੀ ਵਰਤੋਂ ਨਾਲ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਵਿੱਚ ਵੀ ਵਾਧਾ ਹੋਵੇਗਾ । ਦਰਿਆਵਾਂ ਦੇ ਪਾਣੀਆਂ ਦੀ ਵੰਡ ਦਾ ਮਾਮਲਾ ਪਹਿਲਾਂ ਹੀ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੀ ਸੁਣਵਾਈ ਅਧੀਨ ਹੈ । ਹਾਲਾਂਕਿ ਸੁਪਰੀਮ ਕੋਰਟ ਵਲੋਂ ਕੇਂਦਰ ਸਰਕਾਰ ਨੂੰ ਮਾਮਲੇ ਵਿੱਚ ਦਖਲ ਦੇਕੇ ਨਿਪਟਾਉਣ ਲਈ ਕਿਹਾ ਗਿਆ ਹੈ ਪਰ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ । ਪੰਜਾਬ ਦਾ ਕਹਿਣਾ ਹੈ ਕਿ ਪਹਿਲਾਂ ਦਰਿਆਈ ਪਾਣੀਆਂ ਦੀ ਮੌਜੂਦਾ ਸਥਿਤੀ ਦਾ ਅਧਿਐਨ ਕੀਤਾ ਜਾਵੇ ਅਤੇ ਉਸ ਦੇ ਬਾਅਦ ਹੀ ਦਰਿਆਈ ਪਾਣੀਆਂ ਦੀ ਪਹਿਲਾਂ ਵੰਡ ਹੋਈ ਬਾਰੇ ਕੋਈ ਨਵਾਂ ਫੈਸਲਾ ਲਿਆ ਜਾਵੇ । ਉਂਝ ਵੀ ਰਿਪੇਰੀਅਨ ਸਿਧਾਂਤ ਅਨੁਸਾਰ ਪੰਜਾਬ ਦੀ ਧਰਤੀ ਉਪਰ ਵਹਿਣ ਵਾਲੇ ਦਰਿਆਵਾਂ ਉਪਰ ਪੰਜਾਬ ਦਾ ਹੱਕ ਹੈ ਪਰ ਹਰਿਆਣਾ ਲਗਾਤਾਰ ਪੰਜਾਬ ਦੇ ਪਾਣੀਆਂ ਦੀ ਨਵੇਂ ਸਿਰੇ ਤੋਂ ਵੰਡ ਕਰਨ ਦੀ ਮੰਗ ਕਰਦਾ ਆ ਰਿਹਾ ਹੈ ।
ਪੰਜਾਬ ਦੇ ਧਰਤੀ ਹੇਠਲੇ ਪਾਣੀਆਂ ਦੀ ਘਾਟ ਦਾ ਸਭ ਤੋਂ ਵੱਡਾ ਸੰਕਟ ਦਾ ਕਾਰਨ ਕਣਕ ਅਤੇ ਝੋਨੇ ਦਾ ਫਸਲੀ ਚੱਕਰ ਬਣਿਆ ਹੋਇਆ ਹੈ । ਝੋਨੇ ਕਾਰਨ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਬੇਹੱਦ ਵਰਤੋਂ ਹੋ ਰਹੀ ਹੈ । ਇਸ ਫ਼ਸਲੀ ਚੱਕਰ ਵਿਚੋਂ ਨਿਕਲਣ ਦਾ ਰਾਹ ਕੇਂਦਰ ਵੱਲ ਜਾਂਦਾ ਹੈ । ਜੇ ਕੇਂਦਰ ਝੋਨੇ ਦੀ ਥਾਂ ਬਦਲਵੀਆਂ ਫਸਲਾਂ ਲਈ ਸਹਾਇਕ ਕੀਮਤ ਤੈਅ ਕਰਕੇ ਖਰੀਦ ਦੀ ਗਰੰਟੀ ਦੇਵੇ ਤਾਂ ਝੋਨੇ ਤੋਂ ਬਾਹਰ ਆਇਆ ਜਾ ਸਕਦਾ ਹੈ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ । ਬੁਨਿਆਦੀ ਮਸਲੇ ਦੇ ਹੱਲ ਬਗੈਰ ਬਾਕੀ ਉਪਰਾਲਿਆਂ ਨਾਲ ਸਥਿਤੀ ਨੂੰ ਆਰਜੀ ਠੁੰਮ੍ਹਣਾ ਤਾਂ ਮਿਲੇਗਾ ਪਰ ਵੱਡੇ ਸੰਕਟ ਦਾ ਹੱਲ ਫਸਲੀ ਵਿਭਿੰਨਤਾ ਨਾਲ ਹੀ ਸੰਭਵ ਹੋਵੇਗਾ ।
ਸੰਪਰਕ/ 9814002186