ਓਲੰਪਿਕ ਖੇਡਾਂ: ਤਮਗੇ ਜਿੱਤਣ ਵਾਲਿਆਂ ਦੀਆਂ ਰੌਚਿਕ ਬਾਤਾਂ

TeamGlobalPunjab
5 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;

ਸੰਸਾਰ ਦੇ ਸਭ ਤੋਂ ਵੱਡੇ ਤੇ ਸਭ ਤੋਂ ਪ੍ਰਸਿੱਧ ਖੇਡ ਮੁਕਾਬਲਿਆਂ ਦਾ ਨਾਂ ਓਲੰਪਿਕ ਖੇਡਾਂ ਹੈ ਜੋ ਇਸ ਸਾਲ 23 ਜੁਲਾਈ ਤੋਂ ਜਾਪਾਨ ਦੇ ਟੋਕੀਓ ਵਿਖੇ ਕਰਵਾਈਆਂ ਜਾ ਰਹੀਆਂ ਹਨ। ਯੂਨਾਨ ਵਿੱਚ ਸੰਨ 1896 ਤੋਂ ਅਰੰਭ ਹੋਈਆਂ ਇਨ੍ਹਾ ਖੇਡਾਂ ਨੂੰ ਅੱਜ ਪੂਰੇ 125 ਸਾਲ ਮੁਕੰਮਲ ਹੋ ਚੁੱਕੇ ਹਨ ਤੇ ਇਸ ਦੌਰਾਨ ਲੱਖਾਂ ਹੀ ਖਿਡਾਰੀਆਂ ਨੇ ਹੁਣ ਤੱਕ ਇਨ੍ਹਾ ਖੇਡਾਂ ਵਿੱਚ ਭਾਗ ਲਿਆ ਹੈ ਤੇ ਹਜ਼ਾਰਾਂ ਹੀ ਖਿਡਾਰੀ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਮੁਜ਼ਾਹਰਾ ਕਰਦਿਆਂ ਹੋਇਆਂ ਵੱਖ ਵੱਖ ਪ੍ਰਕਾਰ ਦੇ ਦਰਜਾ-ਬ-ਦਰਜਾ ਤਗ਼ਮੇ ਹਾਸਿਲ ਕਰਨ ਦਾ ਸ਼ਰਫ਼ ਹਾਸਿਲ ਕਰ ਚੁੱਕੇ ਹਨ। ਆਓ ਅੱਜ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ ਅਤੇ ਤਗ਼ਮੇ ਜਿੱਤਣ ਵਾਲੇ ਉਨ੍ਹਾਂ ਚੋਣਵੇਂ ਖਿਡਾਰੀਆਂ ਬਾਰੇ ਰੌਚਿਕ ਜਾਣਕਾਰੀ ਹਾਸਲ ਕਰੀਏ ਜੋ ਭਾਗ ਲੈਣ ਸਮੇਂ ਭਾਵੇਂ ਬਹੁਤ ਹੀ ਵਡੇਰੀ ਉਮਰ ਦੇ ਸਨ :-

* ਸਵੀਡਨ ਦੇਸ਼ ਦਾ ਵਾਸੀ ਆਸਕਰ ਸਵੈਮ ਨਾਂ ਦੇ ਨਿਸ਼ਾਨੇਬਾਜ਼ ਖਿਡਾਰੀ ਨੂੰ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ ਸਭ ਤੋਂ ਉਮਰ ਦਰਾਜ਼ ਭਾਵ ਵਡੇਰੀ ਉਮਰ ਦਾ ਦੂਜਾ ਪ੍ਰਤੀਯੋਗ ਹੋਣ ਦਾ ਮਾਣ ਹਾਸਿਲ ਹੈ। ਸੰਨ 1920 ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਜਦ ਉਸਨੇ ਭਾਗ ਲਿਆ ਸੀ ਤਾਂ ਉਸਦੀ ਉਮਰ 72 ਸਾਲ, 281 ਦਿਨ ਭਾਵ ਲਗਪਗ 73 ਸਾਲ ਦੀ ਸੀ। ਬੜੀ ਮਜ਼ੇਦਾਰ ਗੱਲ ਹੈ ਕਿ ਲਗਪਗ 77 ਸਾਲ ਦੀ ਉਮਰ ਵਿੱਚ ਵੀ ਉਸਨੇ ਸੰਨ 1924 ਵਿੱਚ ਹੋਈਆਂ ਓਲੰਪਿਕ ਖੇਡਾਂ ਲਈ ਕੁਆਲੀਫ਼ਾਈ ਕਰ ਲਿਆ ਸੀ ਪਰ ਫਿਰ ਕਿਸੇ ਨਿਜੀ ਕਾਰਨ ਕਰਕੇ ਖੇਡਾਂ ਵਿੱਚ ਭਾਗ ਨਹੀਂ ਲਿਆ ਸੀ ਤੇ ਆਪਣਾ ਨਾਂ ਵਾਪਿਸ ਲੈ ਲਿਆ ਸੀ। ਸਵੈਮ ਨੇ ਸੰਨ 1912 ਵਿੱਚ ਹੋਈਆਂ ਓਲੰਪਿਕ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਜਦੋਂ ਸੋਨ ਤਗ਼ਮਾ ਹਾਸਿਲ ਕੀਤਾ ਸੀ ਤਾਂ ਉਸ ਵੇਲੇ ਉਸਦੀ ਉਮਰ ਲਗਪਗ 65 ਸਾਲ ਸੀ ਅਤੇ ਸੰਨ 1920 ਦੀਆਂ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਹਾਸਿਲ ਕਰਨ ਵੇਲੇ ਉਹ ਸਭ ਤੋਂ ਵੱਧ ਉਮਰ ਦਾ ਜੇਤੂ ਖਿਡਾਰੀ ਸੀ ਤੇ ਉਸਦੀ ਉਮਰ ਤਕਰੀਬਨ 72 ਸਾਲ ਤੋਂ ਵੱਧ ਸੀ। ਉਸਨੇ ਵੱਖ ਵੱਖ ਸਮਿਆਂ ‘ਤੇ ਹੋਏ ਖੇਡ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ ਹੋਇਆਂ ਕੁੱਲ ਛੇ ਤਗ਼ਮੇ ਹਾਸਿਲ ਕਰਕੇ ਆਪਣੇ ਮੁਲਕ ਦਾ ਮਾਣ ਵਧਾਇਆ ਸੀ।

* ਕੋਈ ਵੇਲਾ ਸੀ ਜਦੋਂ ਓਲੰਪਿਕ ਖੇਡਾਂ ਵਿੱਚ ਚਿੱਤਰਕਾਰੀ ਜਿਹੀਆਂ ਕਲਾਵਾਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਸਨ ਤੇ ਇਹ ਮੁਕਾਬਲੇ ਸੰਨ 1912 ਤੋਂ ਲੈ ਕੇ ਸੰਨ 1948 ਤੱਕ ਹੋਈਆਂ ਓਲੰਪਿਕ ਖੇਡਾਂ ਦੌਰਾਨ ਕਰਵਾਏ ਗਏ ਸਨ ਤੇ ਬਰਤਾਨਵੀ ਚਿੱਤਰਕਾਰ ਜੌਹਨ ਕੋਪਲੇ ਨੇ ਜਦੋਂ ਚਿੱਤਰਕਾਰੀ ਮੁਕਾਬਲਿਆਂ ਵਿੱਚ ਚਾਂਦੀ ਦਾ ਤਗ਼ਮਾ ਪ੍ਰਾਪਤ ਕੀਤਾ ਸੀ ਉਦੋਂ ਉਸਦੀ ਉਮਰ 74 ਵਰਿ੍ਹਆਂ ਦੀ ਸੀ ਤੇ ਸਰਕਾਰੀ ਤੌਰ ‘ਤੇ ਉਹ ਦੁਨੀਆਂ ਦਾ ਸਭ ਤੋਂ ਵੱਧ ਵਡੇਰੀ ਉਮਰ ਦਾ ਤਗ਼ਮਾ ਜੇਤੂ ਓਲੰਪੀਅਨ ਮੰਨਿਆ ਜਾਂਦਾ ਹੈ।

- Advertisement -

* ਆਸਟਰੀਆ ਵਾਸੀ ਆਰਥਰ ਵਾੱਨ ਪੌਂਗਰਜ਼ ਦੂਜਾ ਐਸਾ ਉਮਰ ਦਰਾਜ਼ ਖਿਡਾਰੀ ਸੀ ਜਿਸਨੇ 12 ਅਤੇ 13 ਅਗਸਤ, ਸੰਨ 1936 ਵਿੱਚ ਜਦ ਓਲੰਪਿਕ ਖੇਡਾਂ ਦੇ ਡ੍ਰੈਸੇਜ਼
ਮੁਕਾਬਲਿਆਂ ਵਿੱਚ ਭਾਗ ਲਿਆ ਸੀ ਤਾਂ ਉਸ ਵੇਲੇ ਉਸਦੀ ਉਮਰ 72 ਸਾਲ ਅਤੇ 49 ਦਿਨ ਸੀ।

* ਡੈ੍ਰਸੇਜ਼ ਭਾਵ ਘੋੜੇ ਤੇ ਘੋੜਸਵਾਰ ਦੇ ਕਰਤਬਾਂ ਦੀ ਖੇਡ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਹੀਰੋਸ਼ੀ ਹੋਕੇਸੂ 71 ਸਾਲ ਦਾ ਸੀ ਜਦੋਂ ਉਸਨੇ ਸਾਲ 2012 ਦੀਆਂ ਓਲੰਪਿਕ ਖੇਡਾਂ ਵਿੱਚ ਸ਼ਮੂਲੀਅਤ ਕੀਤੀ ਸੀ।

* 27 ਫ਼ਰਵਰੀ, ਸੰਨ 1831 ਨੂੰ ਪੈਦਾ ਹੋਏ ਲੁਈਸ ਗ੍ਰੈਵਿਲ ਨੇ ਜਦ ਸੰਨ 1900 ਵਿੱਚ ਹੋਏ ਓਲੰਪਿਕ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ ਉਦੋਂ ਉਸਦੀ ਉਮਰ 69 ਸਾਲ ਤੋਂ ਵੱਧ ਸੀ।

* ਅਮਰੀਕੀ ਤੀਰੰਦਾਜ਼ ਗੇਲਨ ਕਾਰਟਰ ਸਪੈਂਸਰ ਉਸ ਵਕਤ 64 ਸਾਲ ਦਾ ਸੀ ਜਦੋਂ ਉਸਨੇ ਸੰਨ 1904 ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਹਾਸਿਲ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਸੀ।

* ਸੰਨ 1908 ਦੀਆਂ ਓਲੰਪਿਕ ਖੇਡਾਂ ਵਿੱਚ ਬਰਤਾਨੀਆ ਅਤੇ ਆਇਰਲੈਂਡ ਵੱਲੋਂ ਭਾਗ ਲੈਣ ਆਏ ਨਿਸ਼ਾਨੇਬਾਜ਼ ਜੈਰੀ ਮਿਲਰ ਨੇ 1000 ਗ਼ਜ਼ ਦੀ ਦੂਰੀ ਤੋਂਂ ਰਾਈਫ਼ਲ ਨਾਲ ਨਿਸ਼ਾਨਾ ਲਗਾਉਣ ਦੇ ਮੁਕਾਬਲੇ ਵਿੱਚ ਜਦੋਂ ਸੋਨ ਤਗ਼ਮਾ ਹਾਸਿਲ ਕੀਤਾ ਸੀ ਤਾਂ ਉਸਦੀ ਉਮਰ 61 ਸਾਲ ਸੀ।

- Advertisement -

* ਪੁਰਸ਼ਾਂ ਦੇ ਨਾਲ ਨਾਲ ਜੇਕਰ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੀਆਂ ਜਾਂ ਤਗ਼ਮੇ ਜਿੱਤਣ ਵਾਲੀਆਂ ਉਮਰ-ਦਰਾਜ਼ ਔਰਤਾਂ ਦੀ ਗੱਲ ਕੀਤੀ ਜਾਵੇ ਤਾਂ ਬਰਤਾਨਵੀ ਘੋੜਸਵਾਰੀ ਮਾਹਿਰ ਲੌਰਨਾ ਜੌਹਨਸਟੋਨ ਨੇ ਜਦ ਸੰਨ 1972 ਦੀਆਂ ਓੰਲਪਿਕ ਖੇਡਾਂ ਵਿੱਚ ਭਾਗ ਲਿਆ ਸੀ ਤਾਂ ਵੁਸਦੀ ਉਮਰ 70 ਸਾਲ ਸੀ। ਉਧਰ ਐਲਿਜ਼ਾ ਪੋਲੌਕ ਨਾਮਕ ਅਮਰੀਕੀ ਤੀਰੰਦਾਜ਼ ਮਹਿਲਾ ਨੇ ਸੰਨ 1904 ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਇੱਕ ਸੋਨੇ ਦਾ ਅਤੇ ਇੱਕ ਕਾਂਸੀ ਦਾ ਜਦ ਤਮਗ਼ਾ ਹਾਸਿਲ ਕੀਤਾ ਸੀ ਤਾਂ ਉਸ ਵੇਲੇ ਉਹ ਆਪਣੀ ਜ਼ਿੰਦਗੀ ਦੇ 64 ਬਸੰਤ ਹੰਢਾਅ ਚੁੱਕੀ ਸੀ।

Share this Article
Leave a comment