ਝਾੜ ਕਰੇਲੇ ਦੀ ਸਫ਼ਲ ਕਾਸ਼ਤ ਲਈ ਜ਼ਰੂਰੀ ਨੁਕਤੇ

TeamGlobalPunjab
7 Min Read

ਰੂਮਾ ਦੇਵੀ ਅਤੇ ਮਮਤਾ ਪਾਠਕ 

ਝਾੜ ਕਰੇਲਾ ਸਿਹਤ ਪੱਖੋਂ ਗੁਣਕਾਰੀ ਹੋਣ ਕਾਰਨ ਲੋਕਾਂ ਵਿੱਚ ਇਸ ਦੀ ਕਾਫੀ ਮੰਗ ਹੈ। ਇਸ ਵਿੱਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਸ਼ੂਗਰ ਦੇ ਮਰੀਜਾਂ ਲਈ ਚੰਗਾ ਮੰਨਿਆ ਜਾਂਦਾ ਹੈ। ਇਸ ਦੇ ਫ਼ਲ ਮਾਰਕੀਟ ਵਿੱਚ 50-100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦੇ ਹਨ ਅਤੇ ਇਹ ਫ਼ਸਲ ਵਪਾਰਕ ਪੱਧਰ ਤੇ ਬਹੁਤ ਲਾਹੇਵੰਦ ਹੋ ਸਕਦੀ ਹੈ। ਇਸ ਦੀ ਖੇਤੀ ਦੂਸਰੀਆਂ ਸਬਜ਼ੀਆਂ ਦੇ ਮੁਕਾਬਲੇ ਸੌਖੀ ਕੀਤੀ ਜਾ ਸਕਦੀ ਹੈ। ਝਾੜ ਕਰੇਲਾ ਵੇਲ ਦੇ ਰੂਪ ਵਿੱਚ ਵੱਧਦਾ-ਫੁੱਲਦਾ ਹੈ ਇਸ ਲਈ ਇਸ ਦੀ ਵੇਲਾਂ ਨੂੰ ਕੰਧਾਂ, ਤੂੜੀ ਵਾਲੇ ਕੁੱਪਾਂ, ਪਾਥੀਆਂ ਵਾਲੇ ਗੀਰੇ ਅਤੇ ਝਾੜੀਆਂ ਦੇ ਨੇੜੇ ਵੀ ਬੀਜਿਆ ਜਾ ਸਕਦਾ ਹੈ ਜੋ ਕਿ ਆਮ ਤੌਰ ‘ਤੇ ਖਾਲ਼ੀ ਪਈਆਂ ਰਹਿੰਦੀਆਂ ਹਨ। ਸਾਲ 2017 ਦੌਰਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਝਾੜ ਕਰੇਲੇ ਦੀ ਪਹਿਲੀ ਸੁਧਰੀ ਕਿਸਮ, ਪੰਜਾਬ ਝਾੜ ਕਰੇਲਾ-1 ਦੀ ਸਿਫਾਰਿਸ਼ ਕੀਤੀ ਗਈ ਹੈ ਜਿਸ ਦੇ ਗੁਣ ਇਸ ਪ੍ਰਕਾਰ ਹਨ:

ਪੰਜਾਬ ਝਾੜ ਕਰੇਲਾ-1: ਇਸ ਕਿਸਮ ਦੀਆਂ ਵੇਲਾਂ ਦਰਮਿਆਨੀਆਂ ਲੰਮੀਆਂ ਅਤੇ ਪੱਤੇ ਹਰੇ ਰੰਗ ਦੇ ਕਿੰਗਰਿਆਂ ਵਾਲੇ ਹੁੰਦੇ ਹਨ। ਇਸ ਦੇ ਫ਼ਲ ਹਰੇ, ਨਰਮ ਅਤੇ ਬਿਨਾਂ ਛਿੱਲੇ, ਕੱਟ ਕੇ ਸਬਜ਼ੀ ਬਣਾਉਣ ਲਈ ਢੁੱਕਵੇਂ ਹਨ। ਇੱਕ ਵੇਲ ਨੂੰ ਔਸਤਨ 47 ਤੋਂ 52 ਫ਼ਲ ਲੱਗਦੇ ਹਨ। ਇਸ ਕਿਸਮ ਵਿੱਚ ਜੜ੍ਹ-ਗੰਢ ਅਤੇ ਵਿਸ਼ਾਣੂੰ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਹੈ। ਇਸ ਦਾ ਔਸਤ ਝਾੜ 35 ਕੁਇੰਟਲ ਪ੍ਰਤੀ ਏਕੜ ਹੈ।

ਕਾਸ਼ਤ ਦੇ ਢੰਗ: ਬਿਜਾਈ ਦਾ ਸਮਾਂ : ਬਿਜਾਈ ਸਾਲ ਵਿੱਚ ਦੋ ਵਾਰ ਕੀਤੀ ਜਾ ਸਕਦੀ ਹੈ, 1. ਮਾਰਚ 2. ਜੂਨ ਤੋਂ ਜੁਲਾਈ

- Advertisement -

ਬੀਜ ਦੀ ਮਾਤਰਾ : ਇਕ ਏਕੜ ਲਈ 2 ਕਿਲੋ ਬੀਜ ਦੀ ਵਰਤੋਂ ਕਾਫ਼ੀ ਹੈ।

ਬੀਜ ਦੀ ਸੋਧ : ਝਾੜ ਕਰੇਲੇ ਦੇ ਬੀਜਾਂ ਦਾ ਛਿਲੜ ਮੋਟਾ ਹੋਣ ਕਰਕੇ ਬੀਜ ਦੀ ਪੁੰਗਰਣ ਸਮਰੱਥਾ ਘੱਟ ਹੁੰਦੀ ਹੈ। ਪੁੰਗਰਣ ਸਮਰੱਥਾ ਵਧਾਉਣ ਲਈ ਬੀਜ ਨੂੰ 24 ਘੰਟੇ ਲਈ ਪੋਟਾਸ਼ੀਅਮ ਡਾਈਹਾਈਡ੍ਰੋਜਨ ਔਰਥੋਫੌਸਫੇਟ (13.6 ਗ੍ਰਾਮ ਪ੍ਰਤੀ ਲਿਟਰ ਪਾਣੀ) ਵਿੱਚ ਡੁਬੋ ਕੇ ਰੱਖਣਾ ਚਾਹੀਦਾ ਹੈ। ਉਸ ਤੋਂ ਬਾਅਦ 72 ਘੰਟੇ ਲਈ ਜੂਟ ਦੀ ਗਿੱਲੀ ਬੋਰੀ ਦੀ ਤਹਿ ਵਿੱਚ ਰੱਖਣਾ ਚਾਹੀਦਾ ਹੈ ਜਿਸ ਦੇ ਨਾਲ ਇਸ ਦੀ ਪੁੰਗਰਣ ਸਮਰੱਥਾ ਵਿੱਚ ਵਾਧਾ ਹੁੰਦਾ ਹੈ।

ਬਿਜਾਈ ਦਾ ਢੰਗ : ਬੁਟਿਆਂ ਨੂੰ 1.35 ਮੀਟਰ ਚੌੜੀਆਂ ਕਿਆਰੀਆਂ ਵਿੱਚ ਬੂਟੇ ਤੋਂ ਬੂਟੇ ਵਿਚਕਾਰ 30 ਸੈਂਟੀਮੀਟਰ ਦਾ ਫ਼ਾਸਲਾ ਰੱਖ ਕੇ ਬੀਜਣਾ ਚਾਹੀਦਾ ਹੈ । ਬਿਜਾਈ ਕਿਆਰੀਆਂ ਦੇ ਇੱਕੋ ਪਾਸੇ ਕਰਨੀ ਚਾਹੀਦੀ ਹੈ। ਜਦੋਂ ਵੇਲਾਂ ਲਗਭਗ ਇਕ ਫੁੱਟ ਦੀਆਂ ਹੋ ਜਾਣ ਤਾਂ ਉਨ੍ਹਾਂ ਨੂੰ ਬਾਂਸਾਂ ਦੀ ਮਦਦ ਨਾਲ ਨਾਈਲੋਨ ਦੀਆਂ ਰੱਸੀਆਂ ਦੇ ਉਪਰ ਚੜ੍ਹਾਉਣਾ ਚਾਹੀਦਾ ਹੈ। ਜਿਸ ਨਾਲ ਵੇਲਾਂ ਨੂੰ ਸਹਾਰਾ ਮਿਲ ਜਾਂਦਾ ਹੈ। ਜਿਸ ਨਾਲ ਝਾੜ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਫ਼ਲਾਂ ਦਾ ਮਿਆਰ ਵੀ ਚੰਗਾ ਹੋ ਜਾਂਦਾ ਹੈ। ਅਗੇਤੀ ਫ਼ਸਲ ਲੈਣ ਲਈ ਪਨੀਰੀ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਤਿਆਰ ਕਰਨਾ ਚਾਹੀਦਾ ਹੈ ਜਿਸ ਨਾਲ ਸਿੱਧੀ ਬਿਜਾਈ ਨਾਲੋਂ ਫ਼ਲ 15-20 ਦਿਨ ਅਗੇਤਾ ਤਿਆਰ ਹੋ ਜਾਂਦਾ ਹੈ। ਇਸ ਲਈ 100 ਗੇਜ਼ ਵਾਲੇ ਅਤੇ 15ਣ10 ਸੈਂਟੀਮੀਟਰ ਆਕਾਰ ਪੌਲੀਥੀਨ ਦੇ ਲਿਫ਼ਾਫ਼ੇ ਲੈਣੇ ਚਾਹੀਦੇ ਹਨ। ਇਹਨਾਂ ਨੂੰ ਰੂੜੀ ਦੀ ਖਾਦ, ਮਿੱਟੀ ਅਤੇ ਭੱਲ ਦੀ ਬਰਾਬਰ ਮਾਤਰਾ ਨਾਲ ਭਰ ਲੈਣਾ ਚਾਹੀਦਾ ਹੈ। ਬੀਜ, ਜਨਵਰੀ ਦੇ ਅਖੀਰ ਜਾਂ ਫ਼ਰਵਰੀ ਦੇ ਪਹਿਲੇ ਹਫ਼ਤੇ ਲਿਫ਼ਾਫ਼ਿਆਂ ਵਿਚ 1.5 ਸੈਂਟੀਮੀਟਰ ਡੂੰਘਾ ਬੀਜਣਾ ਚਾਹੀਦਾ ਹੈ। ਲਿਫ਼ਾਫੇ ਕੰਧ ਨੇੜੇ ਧੁੱਪ ਵਾਲੇ ਪਾਸੇ ਰੱਖਣੇ ਚਾਹੀਦੇ ਹਨ। ਬੀਜ ਬੀਜਣ ਪਿੱਛੋਂ ਹਰ ਰੋਜ਼ ਬਾਅਦ ਦੁਪਹਿਰ ਫੁਆਰੇ ਨਾਲ ਪਾਣੀ ਦੇਣਾ ਚਾਹੀਦਾ ਹੈ।

ਫ਼ਰਵਰੀ ਦੇ ਅਖੀਰ ਜਾਂ ਮਾਰਚ ਦੇ ਪਹਿਲੇ ਹਫ਼ਤੇ ਜਦੋਂ ਬੂਟਿਆਂ ਵਿੱਚ ਦੋ ਤੋਂ ਤਿੰਨ ਅਸਲੀ ਪੱਤੇ ਨਿਕਲੇ ਹੋਣ ਤਾਂ ਖੇਤ ਵਿੱਚ ਲਗਾ ਦੇਣਾ ਚਾਹੀਦਾ ਹੈ । ਬੂਟੇ ਲਾਉਣ ਤੋਂ ਦੋ ਦਿਨ ਪਹਿਲਾਂ ਲਿਫ਼ਾਫ਼ਿਆਂ ਨੂੰ ਪਾਣੀ ਲਾਉਣਾ ਬੰਦ ਕਰ ਦੇਣਾ ਚਾਹੀਦਾ ਹੈ । ਬੂਟੇ ਲਾਉਣ ਤੋਂ ਪਹਿਲਾਂ ਲਿਫ਼ਾਫ਼ਾ ਚਾਕੂ ਨਾਲ ਚੀਰ ਕੇ ਵੱਖ ਕਰ ਦਿਓ। ਫੇਰ ਬੂਟੇ ਦੀ ਗਾਚੀ ਬਿਨਾਂ ਟੁੱਟਣ ਤੋਂ ਧਿਆਨ ਨਾਲ ਟੋਏ ਵਿਚ ਰੱਖ ਕੇ ਬੂਟਿਆਂ ਨੂੰ ਪਾਣੀ ਲਾ ਦਿਓ ।

ਖਾਦਾਂ : ਇਸ ਫ਼ਸਲ ਦੇ ਚੰਗੇ ਵਾਧੇ ਲਈ ਖੇਤ ਵਿੱਚ 10-15 ਟਨ ਗਲੀ ਸੜੀ ਰੂੜੀ ਬਿਜਾਈ ਤੋਂ ਪਹਿਲਾਂ ਪਾਣੀ ਚਾਹੀਦੀ ਹੈ । ਇਸ ਤੋਂ ਇਲਾਵਾ 90 ਕਿਲੋ ਯੂਰੀਆ, 125 ਕਿਲੋ ਸੁਪਰਫ਼ਾਸਫ਼ੇਟ ਅਤੇ 35 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਖੇਤ ਵਿਚ ਪਾਓ । ਸਾਰੀ ਫ਼ਾਸਫ਼ੋਰਸ, ਪੋਟਾਸ਼ ਅਤੇ ਤੀਜਾ ਹਿੱਸਾ ਨਾਈਟ੍ਰੋਜਨ 30 ਸੈਂਟੀਮੀਟਰ ਦੂਰੀ ਤੇ ਸਮਾਂਨਅੰਤਰ ਕਤਾਰਾਂ ਵਿਚ ਪਾਓ ਅਤੇ ਦੋ ਕਤਾਰਾਂ ਦੇ ਵਿਚਕਾਰ ਬੀਜ ਬੀਜਣ ਤੋਂ ਪਹਿਲਾਂ ਖਾਲ ਬਣਾ ਲਉ। ਬਿਜਾਈ ਤੋਂ 25-30 ਦਿਨਾਂ ਬਾਅਦ ਬਾਕੀ ਨਾਈਟ੍ਰੋਜਨ ਦੀ ਖਾਦ ਵੀ ਪਾ ਦੇਣੀ ਚਾਹੀਦੀ ਹੈ।

- Advertisement -

ਸਿੰਚਾਈ: ਪਹਿਲਾ ਪਾਣੀ ਬਿਜਾਈ ਤੋਂ ਤੁਰੰਤ ਬਾਅਦ ਲਾਓ। ਗਰਮੀਆਂ ਵਿਚ ਪਾਣੀ 6-7 ਦਿਨ ਬਾਅਦ ਅਤੇ ਬਰਸਾਤ ਰੁੱਤ ਵਿਚ ਜ਼ਰੂਰਤ ਮੁਤਾਬਕ ਲਾਓ। ਬਰਸਾਤ ਦੇ ਮੌਸਮ ਦੌਰਾਨ ਖੇਤ ਵਿੱਚ ਪਾਣੀ ਨਾ ਖੜਨ ਦਿਉ ਕਿਉਂਕਿ ਖੇਤ ਵਿੱਚ ਪਾਣੀ ਖੜ੍ਹਨ ਨਾਲ ਬੂਟੇ ਪੀਲੇ ਪੈ ਜਾਂਦੇ ਹਨ।

ਤੁੜਾਈ: ਇਹ ਫ਼ਸਲ ਬਿਜਾਈ ਤੋਂ ਲੱਗਭੱਗ 65-70 ਦਿਨ ਬਾਅਦ ਤੁੜਾਈ ਲਈ ਤਿਆਰ ਹੋ ਜਾਂਦੀ ਹੈ ।ਮੰਡੀ ਵਿੱਚ ਚੰਗੀ ਕੀਮਤ ਲੈਣ ਲਈ ਇਸ ਫ਼ਸਲ ਦੀ ਤੁੜਾਈ ਸਮੇਂ ਸਿਰ ਕਰਨੀ ਬਹੂਤ ਜ਼ਰੂਰੀ ਹੈ। ਜੇਕਰ ਤੁੜਾਈ ਸਮੇਂ ਤੇ ਨਾ ਕੀਤੀ ਜਾਵੇ ਤਾਂ ਫਲਾਂ ਦੇ ਬੀਜ ਸ਼ਖਤ ਹੋ ਜਾਂਦੇ ਹਨ ਅਤੇ ਖਾਣ ਯੋਗ ਨਹੀਂ ਰਹਿੰਦੇ ਅਤੇ ਮੰਡੀਕਰਨ ਵਿੱਚ ਸਮਸਿਆ ਆਉਂਦੀ ਹੈ। ਇਸ ਤੋਂ ਇਲਾਵਾ ਕੁੱਲ ਝਾੜ ਅਤੇ ਮਿਆਰ ਤੇ ਵੀ ਮਾੜਾ ਅਸਰ ਪੈਂਦਾ ਹੈ। ਫ਼ਲਾਂ ਦੀ ਤੁੜਾਈ ਲਗਾਤਾਰ 2-3 ਦਿਨਾਂ ਦੇ ਵਕਫੇ ਤੇ ਕਰਦੇ ਰਹਿਣਾ ਚਾਹੀਦਾ ਹੈ ।

ਬੀਜ ਉਤਪਾਦਨ: ਬੀਜ ਪੈਦਾ ਕਰਨ ਵਾਲੀ ਫ਼ਸਲ ਨੂੰ ਮੰਡੀਕਰਨ ਕਰਨ ਵਾਲੀ ਫ਼ਸਲ ਦੀ ਤਰ੍ਹਾਂ ਹੀ ਬੀਜਣਾ ਚਾਹੀਦਾ ਹੈ। ਸ਼ੁੱਧ ਬੀਜ ਦੀ ਪੈਦਾਵਾਰ ਵਾਸਤੇ ਕਿਸਮ ਦੀ ਅਨੁਵਾਨਸ਼ਿਕ ਸ਼ੁਧਤਾ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ। ਓਪਰੇ ਬੂਟਿਆਂ ਨੂੰ ਖੇਤ ਵਿਚੋਂ ਤਿੰਨ ਵਾਰੀ ਬੂਟੇ ਦੇ ਵਾਧੇ ਸਮੇਂ, ਫੁੱਲ ਆਉਣ ਸਮੇਂ ਅਤੇ ਫ਼ਲ ਆਉਣ ਸਮੇਂ ਕੱਢ ਦਿਓ। ਇਸ ਫ਼ਸਲ ਦੀਆਂ ਵੱਖ-ਵੱਖ ਕਿਸਮਾਂ ਵਿੱਚ ਘੱਟੋ ਘੱਟ 1000 ਮੀਟਰ ਦਾ ਫ਼ਾਸਲਾ ਹੋਣਾ ਚਾਹੀਦਾ ਹੈ। ਬੀਜ ਦੇ ਵਧੀਆ ਉਤਪਾਦਨ ਵਾਸਤੇ ਇੱਕ ਏਕੜ ਵਿੱਚ ਸ਼ਹਿਦ ਦੀਆਂ ਮੱਖੀਆਂ ਦੀ ਇੱਕ ਕਲੋਨੀ ਰੱਖਣੀ ਚਾਹੀਦੀ ਹੈ। ਫ਼ਲਾਂ ਦੇ ਗੂੜ੍ਹੇ ਪੀਲੇ ਰੰਗ ਵਿੱਚ ਤਬਦੀਲ ਹੋਣ ‘ਤੇ ਉਨ੍ਹਾਂ ਦੀ ਤੁੜਾਈ ਕਰ ਲਓ। ਬੀਜ ਨੂੰ ਫ਼ਲਾਂ ਦੇ ਗੁੱਦੇ ਤੋਂ ਅਲੱਗ ਕਰ ਕੇ ਸਾਫ਼ ਕਰਨ ਤੋਂ ਬਾਅਦ ਛਾਂ ਵਿੱਚ ਸੁਕਾ ਲਓ।

Share this Article
Leave a comment