ਕਿਸਾਨਾਂ ਲਈ ਮੁੱਲਵਾਨ ਗੱਲਾਂ – ਹਾੜ੍ਹੀ ਦੀਆਂ ਫ਼ਸਲਾਂ ਵਿੱਚ ਸਰਵਪੱਖੀ ਖੁਰਾਕੀ ਤੱਤ ਪ੍ਰਬੰਧਨ

TeamGlobalPunjab
10 Min Read

-ਵਿਵੇਕ ਕੁਮਾਰ ਅਤੇ ਵਜਿੰਦਰ ਪਾਲ

ਫ਼ਸਲਾਂ ਦਾ ਪੂਰਾ ਝਾੜ ਲੈਣ ਲਈ ਖੁਰਾਕੀ ਤੱਤ ਪ੍ਰਬੰਧਨ ਦਾ ਬਹੁਤ ਅਹਿਮ ਯੋਗਦਾਨ ਹੁੰਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਪੌਦੇ ਦੇ ਸਹੀ ਵਾਧੇ ਅਤੇ ਵਿਕਾਸ ਲਈ ਜਿਹੜੇ ਖੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ, ਉਹਨਾਂ ਦੀ ਪੂਰਤੀ ਖੁਰਾਕੀ ਤੱਤ ਪ੍ਰਬੰਧਨ ਦੁਆਰਾ ਹੀ ਕੀਤੀ ਜਾਂਦੀ ਹੈ। ਫ਼ਸਲਾਂ ਦੇ ਖੁਰਾਕੀ ਤੱਤਾਂ ਦੀ ਪੂਰਤੀ ਸੰਬੰਧੀ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਤੱਤ ਸਹੀ ਮਾਤਰਾ ਵਿੱਚ, ਸਹੀ ਸਮੇਂ ਤੇ, ਸਹੀ ਤਰੀਕੇ ਨਾਲ ਅਤੇ ਸਹੀ ਸਰੋਤ ਦੁਆਰਾ ਹੀ ਪਾਏ ਜਾਣ। ਖਾਦਾਂ ਦੀ ਬੇਲੋੜੀ ਵਰਤੋਂ ਜਿਥੇ ਖੇਤੀ ਦੇ ਖਰਚ ਵਧਾਉਂਦੀ ਹੈ, ਉਥੇ ਹੀ ਇਸ ਨਾਲ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਅਤੇ ਵਾਤਾਵਰਨ ਪ੍ਰਦੂਸ਼ਣ ਦਾ ਖਤਰਾ ਵੀ ਵਧਦਾ ਹੈ। ਇਸ ਲਈ ਫ਼ਸਲਾਂ ਨੂੰ ਲੋੜ ਅਨੁਸਾਰ ਅਤੇ ਸੁਚੱਜੇ ਤਰੀਕੇ ਨਾਲ ਖੁਰਾਕੀ ਤੱਤ ਦੇਣ ਲਈ ਸਰਵਪੱਖੀ ਖੁਰਾਕੀ ਤੱਤ ਪ੍ਰਬੰਧਨ ਅਪਣਾਉਣਾ ਚਾਹੀਦਾ ਹੈ। ਖਾਦਾਂ ਦੀ ਸੁਚੱਜੀ ਵਰਤੋਂ ਲਈ ਜ਼ਰੂਰੀ ਹੈ ਕਿ ਖਾਦਾਂਮਿੱਟੀ ਪਰਖ ਅਧਾਰ ਤੇ ਹੀ ਪਾਈਆਂ ਜਾਣ। ਮਿੱਟੀ ਪਰਖ ਨਾ ਕਰਵਾਉਣ ਦੀ ਸੂਰਤ ਵਿੱਚ ਹਾੜ੍ਹੀ ਰੁੱਤ ਦੀਆਂ ਮੁੱਖ ਫ਼ਸਲਾਂ ਵਿੱਚ ਖੁਰਾਕੀ ਤੱਤਾਂ ਦੀ ਸਰਵਪੱਖੀ ਪੂਰਤੀ ਹੇਠ ਲਿਖੇ ਢੰਗਾਂ ਨਾਲ ਕਰਨੀ ਚਾਹੀਦੀ ਹੈ।

ਅਨਾਜ ਵਾਲੀਆਂ ਫ਼ਸਲਾਂ

ਕਣਕ: ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦਾ ਵਧੀਆ ਝਾੜ ਲੈਣ ਲਈ ਅਤੇ ਜ਼ਮੀਨ ਦੀ ਸਿਹਤ ਨੂੰ ਬਰਕਰਾਰ ਰੱਖਣ ਵਾਸਤੇ ਜੈਵਿਕ, ਜੀਵਾਣੂੰ ਅਤੇ ਰਸਾਇਣਿਕ ਖਾਦਾਂ ਦੇ ਸੁਮੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਜ਼ਮੀਨ ਦੀ ਤਿਆਰੀ ਸਮੇਂ ਰੂੜੀ ਦੀ ਖਾਦ ਪਾਉਣ ਨਾਲ ਹਰ ੧੦ ਕੁਇੰਟਲ ਰੂੜੀ ਪਿੱਛੇ ੨ ਕਿਲੋ ਨਾਈਟ੍ਰੋਜਨ ਅਤੇ ੧ ਕਿਲੋ ਫ਼ਾਸਫ਼ੋਰਸ ਦੀ ਮਾਤਰਾ ਘਟਾਈ ਜਾ ਸਕਦੀ ਹੈ। ਇਸੇ ਤਰਾਂ, ਜੇਕਰ ਕਣਕ ਤੋਂ ਪਹਿਲਾਂ ਝੋਨੇ ਵਿੱਚ ੨.੫ ਟਨ ਮੁਰਗੀਆਂ ਦੀ ਖਾਦ ਜਾਂ ੨.੪ ਟਨ ਗੋਰਬ ਗੈਸ ਪਲਾਂਟ ਦੀ ਸਲੱਰੀ ਪਾਈ ਹੋਵੇ ਤਾਂ ਕਣਕ ਵਿੱਚ ਇੱਕ ਚੌਥਾਈ ਨਾਈਟ੍ਰੋਜਨ ਅਤੇ ਅੱਧੀ ਫ਼ਾਸਫ਼ੋਰਸ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਫ਼ਲੀਦਾਰ ਫ਼ਸਲ਼ਾਂ ਤੋਂ ਬਾਅਦ ਬੀਜੀ ਕਣਕ ਵਿੱਚ ੩੦ ਕਿਲੋ ਯੂਰੀਆ ਅਤੇ ਕਣਕ ਵਿੱਚ ੨ ਟਨ ਪਰਾਲੀਚਾਰ ਪਾਉਣ ਨਾਲ ੩੫ ਕਿਲੋ ਯੂਰੀਆ ਪ੍ਰਤੀ ਏਕੜ ਦੀ ਬੱਚਤ ਹੁੰਦੀ ਹੈ। ਕਣਕ ਦੇ ਬੀਜ ਨੂੰ ਸਿਫ਼ਾਰਸ਼ ਜੀਵਾਣੂੰ ਖਾਦਾਂ ਦਾ ਟੀਕਾ ਲਾਉਣ ਨਾਲ ਕਣਕ ਦਾ ਝਾੜ ਵਧਾਉਣ ਅਤੇ ਜ਼ਮੀਨ ਦੀ ਸਿਹਤ ਸੁਧਾਰਣ ਵਿੱਚ ਮਦਦ ਮਿਲਦੀ ਹੈ। ਕਣਕ ਦੀ ਫ਼ਸਲ ਨੂੰ ਸਾਰੀ ਫ਼ਾਸਫ਼ੋਰਸ (੫੫ ਕਿੱਲੋ ਡੀ ਏ ਪੀ ਜਾਂ ੧੫੫ ਕਿੱਲੋ ਸੁਪਰਫ਼ਾਸਫੇਟ ਪ੍ਰਤੀ ਏਕੜ) ਅਤੇ ਪੋਟਾਸ਼ (੨੦ ਕਿੱਲੋ ਮਿਊਰੇਟ ਆਫ਼ ਪੋਟਾਸ਼, ਜੇ ਮਿੱਟੀ ਪਰਖ ਅਨੁਸਾਰ ਲੋੜ ਹੋਵੇ) ਬਿਜਾਈ ਵੇਲੇ ਪੋਰ ਦੇਣੀ ਚਾਹੀਦੀ ਹੈ।

- Advertisement -

ਜੇਕਰਫ਼ਾਸਫੋਰਸ ਤੱਤ ਦੀ ਪੂਰਤੀ ਡੀ ਏ ਪੀ ਖਾਦ ਦੁਆਰਾ ਕਰਨੀ ਹੋਵੇ ਤਾਂ ਬਿਜਾਈ ਵੇਲੇ ਯੂਰੀਆ ਪਾਉਣ ਦੀ ਲੋੜ ਨਹੀਂ, ਪਰ ਜੇ ਫ਼ਾਸਫੋਰਸ ਤੱਤ ਲਈ ਸੁਪਰਫਾਸਫੇਟ ਖਾਦ ਦੀ ਵਰਤੋਂ ਕਰਨੀ ਹੋਵੇ ਤਾਂ ਬਿਜਾਈ ਵੇਲੇ ੨੦ ਕਿੱਲੋ ਯੂਰੀਆ ਪ੍ਰਤੀ ਏਕੜ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਸ ਤੋਂ ਬਾਅਦ, ਪਹਿਲੇ ਅਤੇ ਦੂਜੇ ਪਾਣੀ ਨਾਲ ਸਮੇਂ ਸਿਰ ਬੀਜੀ ਕਣਕ ਨੂੰ ੪੫ ਕਿੱਲੋ ਅਤੇ ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ ੩੫ ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਜੇ ਬਾਰਿਸ਼ਾਂ ਕਾਰਨ ਦੂਜੇ ਪਾਣੀ ਵਿਚ ਦੇਰੀ ਹੋਣ ਦਾ ਖਤਰਾ ਹੋਵੇ ਤਾਂ ਯੂਰੀਆ ਦੀ ਦੂਜੀ ਕਿਸ਼ਤ ਬਿਜਾਈ ਤੋਂ ੫੫ ਦਿਨਾਂ ਬਾਅਦ ਜ਼ਰੂਰ ਦੇ ਦੇਣੀ ਚਾਹੀਦੀ ਹੈ।ਪਿਛੇਤੀ ਜਾੜ ਮਾਰਨ ਅਤੇ ਪਛੇਤੀਆਂ ਗੰਢਾਂ ਬਣਨ ਸਮੇਂ ਨਾਈਟ੍ਰੋਜਨ ਤੱਤ ਦੀ ਘਾਟ ਪੂਰੀ ਕਰਨ ਲਈ ੩% ਯੂਰੀਏ (੩ ਕਿਲੋ ਯੂਰੀਆ ੧੦੦ ਲਿਟਰ ਪਾਣੀ ਵਿੱਚ) ਦਾ ਛਿੜਕਾਅ ਕੀਤਾ ਜਾ ਸਕਦਾ ਹੈ।ਹੈਪੀਸੀਡਰ ਨਾਲ ਬੀਜੀ ਕਣਕ ਲਈਬਿਜਾਈ ਵੇਲੇ ੫੫ ਕਿਲੋ ਡੀ ਏ ਪੀ ਅਤੇ ਪਹਿਲੇ ਪਾਣੀ ਅਤੇ ਦੂਜੇ ਪਾਣੀ ਤੋਂ ਪਹਿਲਾਂ ੪੫ ਕਿਲੋ ਯੂਰੀਏ ਦੀਆਂ ਦੋ ਬਰਾਬਰ ਕਿਸ਼ਤਾਂ ਪ੍ਰਤੀ ਏਕੜ ਪਾਉਣੀਆਂ ਚਾਹੀਦੀਆਂ ਹਨ।ਭਾਰੀਆਂ ਜ਼ਮੀਨਾਂ ਵਿੱਚ ਦੂਜਾ ਪਾਣੀ ਦੇਰ ਨਾਲ ਲੱਗਣ ਦੇ ਡਰ ਤੋਂ ੩੩ ਕਿਲੋ ਯੂਰੀਆ ਬਿਜਾਈ ਤੋਂ ਪਹਿਲਾਂ ਅਤੇ ਬਾਕੀ ੫੫ ਕਿਲੋ ਯੂਰੀਆ ਖਾਦਪਹਿਲੇ ਪਾਣੀ ਤੋਂ ਪਹਿਲਾ ਛੱਟੇ ਨਾਲ ਪਾਉਣੀ ਚਾਹੀਦੀ ਹੈ।

ਮੈਂਗਨੀਜ਼ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ੦.੫% ਮੈਗਨੀਜ਼ ਸਲਫ਼ੇਟ (ਇੱਕ ਕਿਲੋ ਮੈਂਗਨੀਜ਼ ਸਲਫ਼ੇਟ ੨੦੦ ਲਿਟਰ ਪਾਣੀ ਵਿੱਚ) ਦਾ ਇੱਕ ਛਿੜਕਾਅ ਪਹਿਲੇ ਪਾਣੀ ਤੋਂ ੨-੪ ਦਿਨ ਪਹਿਲਾਂ ਅਤੇ ੩ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਨਾਲ ਬਾਅਦ ਵਿੱਚ ਧੁੱਪ ਵਾਲੇ ਦਿਨਾਂ ਵਿੱਚ ਕਰਨਾ ਚਾਹੀਦਾ ਹੈ। ਜ਼ਿੰਕ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਬਿਜਾਈ ਸਮੇਂ ੨੫ ਕਿਲੋ ਜ਼ਿੰਕ ਸਲਫੇਟ (੨੧% ਜ਼ਿੰਕ) ਪ੍ਰਤੀ ਏਕੜ ਜ਼ਮੀਨ ਵਿੱਚ ਛੱਟੇ ਨਾਲ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਖੜ੍ਹੀ ਫ਼ਸਲ ਵਿੱਚ ਜ਼ਿੰਕ ਦੀ ਘਾਟ ਆਉਣ ਦੀ ਸੂਰਤ ਵਿੱਚ ਇੱਕ ਏਕੜ ਲਈ ਇੱਕ ਕਿਲੋ ਜ਼ਿੰਕ ਸਲਫ਼ੇਟ ਤੇ ਅੱਧਾ ਕਿਲੋ ਅਣਬੁਝਿਆ ਚੂਨਾ ੨੦੦ ਲਿਟਰ ਪਾਣੀ ਵਿੱਚ ਘੋਲ ਕੇ ੧੫ ਦਿਨਾਂ ਦੀ ਵਿੱਥ ਤੇ ੨-੩ ਵਾਰ ਛਿੜਕਾਅ ਕਰਨਾ ਚਾਹੀਦਾ ਹੈ। ਗੰਧਕ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਡੀ ਏ ਪੀ ਦੀ ਥਾਂ ਤੇ ਸਿੰਗਲ ਸੁਪਰਫ਼ਾਸਫ਼ੇਟ ਨੂੰ ਤਰਜੀਹ ਦੇਣੀ ਚਾਹੀਦੀ ਹੈ। ਜੇਕਰ ਇਹ ਖਾਦ ਉਪਲਬਧ ਨਾ ਹੋਵੇ ਤਾਂ ੧੦੦ ਕਿਲੋ ਜਿਪਸਮ ਪ੍ਰਤੀ ਏਕੜ ਬਿਜਾਈ ਤੋਂ ਪਹਿਲਾਂ ਪਾਉਣੀ ਚਾਹੀਦੀ ਹੈ।

ਜੌਂ: ਬਿਜਾਈ ਸਮੇਂ ੫੫ ਕਿਲੋ ਯੂਰੀਆ ਅਤੇ ੨੭ ਕਿਲੋ ਡੀ ਏ ਪੀ ਜਾਂ ੭੫ ਕਿਲੋ ਸਿੰਗਲ ਸੁਪਰ ਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ੨੭ ਕਿਲੋ ਡੀ ਏ ਪੀ ਪਾਉਣ ਦੀ ਸੂਰਤ ਵਿੱਚ ੧੦ ਕਿਲੋ ਯੁਰੀਆ ਦੀ ਮਾਤਰਾ ਘੱਟ ਕਰ ਦੇਣੀ ਚਾਹੀਦੀ ਹੈ। ਪੋਟਾਸ਼ੀਅਮ ਦੀ ਘਾਟ ਵਾਲੀਆਂ ਜ਼ਮੀਨਾ ਵਿੱਚ ੧੦ ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦੇਣਾ ਚਾਹੀਦੀ ਹੈ।

ਤੇਲ ਬੀਜ ਫ਼ਸਲਾਂ:

ਤੋਰੀਏ ਦੀ ਫ਼ਸਲ ਨੂੰ ੫੫ ਕਿਲੋ ਯੂਰੀਆ ਅਤੇ ੫੦ ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਬਿਜਾਈ ਵੇਲੇ ਪੋਰ ਦੇਣੀ ਚਾਹੀਦੀ ਹੈ।ਰਾਇਆ, ਗੋਭੀ ਸਰ੍ਹੋਂ ਅਤੇ ਅਫ਼ਰੀਕਨ ਸਰ੍ਹੋਂ ਨੂੰ ਬਿਜਾਈ ਸਮੇਂ ੪੫ ਕਿਲੋ ਯੂਰੀਆ ਅਤੇ ੭੫ ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਅਤੇ ਬਾਕੀ ਦੀ ੪੫ ਕਿਲੋ ਯੂਰੀਆ ਪਹਿਲੇ ਪਾਣੀ ਨਾਲ ਪਾਉਣੀ ਚਾਹੀਦੀ ਹੈ।ਰੇਤਲੀ ਭੱਲ ਵਾਲੀਆਂ ਜ਼ਮੀਨਾਂ ਵਿੱਚ ਗੋਭੀ ਸਰ੍ਹੋਂ ਦੀ ਫ਼ਸਲ ਲਈ ਯੂਰੀਆ ਦੀ ਮਾਤਰਾ ਵਧਾ ਕੇ ੧੩੦ ਕਿੱਲੋ ਪ੍ਰਤੀ ਏਕੜ ਕਰ ਦੇਣੀ ਚਾਹੀਦੀ ਹੈ। ਫ਼ਾਸਫ਼ੋਰਸ ਤੱਤ ਲਈ ਸਿੰਗਲ ਸੁਪਰਫ਼ਾਸਫ਼ੇਟ ਖਾਦ ਨੂੰ ਪਹਿਲ ਦੇਣੀ ਚਾਹੀਦੀ ਹੈ ਪਰ ਜੇਕਰ ਇਹ ਖਾਦ ਨਾ ਮਿਲੇ ਤਾਂ ਖਾਸ ਕਰਕੇ ਗੰਧਕ ਤੱਤ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ੮੦ ਕਿਲੋ ਜਿਪਸਮ ਜਾਂ ੧੩ ਕਿਲੋ ਬੈਂਟੋਨਾਈਟ –ਸਲਫ਼ਰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣਾ ਚਾਹੀਦਾ ਹੈ ਅਤੇ ਫ਼ਾਸਫ਼ੋਰਸ ਤੱਤ ਲਈ ੨੬ ਕਿਲੋ ਡੀ ਏ ਪੀ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਜੇਕਰ ਤੋਰੀਆ ਤੇ ਗੋਭੀ ਸਰ੍ਹੋਂ ਦੀ ਰਲਵੀਂ ਕਾਸ਼ਤ ਕਰਨੀ ਹੋਵੇ ਤਾਂ ਬਿਜਾਈ ਸਮੇਂ ੫੫ ਕਿੱਲੋ ਯੂਰੀਆ ਅਤੇ ੭੫ ਕਿੱਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ ਤੋਰੀਏ ਦੀ ਵਾਢੀ ਤੋਂ ਬਾਅਦ ੬੫ ਕਿੱਲੋ ਯੂਰੀਆ ਸਿੰਚਾਈ ਨਾਲ ਪਾ ਦੇਣੀ ਚਾਹੀਦੀ ਹੈ। ਜ਼ਮੀਨ ਵਿੱਚ ਜ਼ਿੰਕ ਦੀ ਘਾਟ ਹੋਣ ਤੇ ਰਾਇਆ, ਗੋਭੀ ਸਰ੍ਹੋਂ ਅਤੇ ਅਫ਼ਰੀਕਨ ਸਰ੍ਹੋਂ ਦੀ ਫ਼ਸਲ ਨੂੰ ੧੦ ਕਿੱਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ (੨੧%) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

- Advertisement -

ਦਾਲਾਂ ਵਾਲੀਆਂ ਫ਼ਸਲਾਂ

ਛੋਲਿਆਂ ਲਈ ਮੀਜ਼ੋਰਾਈਜ਼ੋਬੀਅਮ (ਐਲ ਜੀ ਆਰ-੩੩) ਅਤੇ ਰਾਈਜ਼ੋਬੈਕਟੀਰੀਅਮ (ਆਰ ਬੀ-੧) ਜੀਵਾਣੂੰ ਖਾਦ ਦਾ ਇੱਕ-ਇੱਕ ਪੈਕੇਟ ਪ੍ਰਤੀ ਏਕੜ ਅਤੇ ਮਸਰਾਂ ਲਈ ਰਾਈਜ਼ੋਬੀਅਮ (ਐੱਲ ਐੱਲ ਆਰ-੧੨) ਅਤੇ ਰਾਈਜ਼ੋਬੈਕਟੀਰੀਅਮ (ਆਰ ਬੀ-੨) ਦਾ ਇੱਕ-ਇੱਕ ਪੈਕਟ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਦੇਸੀ ਅਤੇ ਕਾਬਲੀ ਛੋਲਿਆਂ ਨੂੰ ੧੩ ਕਿਲੋ ਯੂਰੀਆ ਦੇ ਨਾਲ ਨਾਲ ਕ੍ਰਮਵਾਰ ੫੦ ਅਤੇ ੧੦੦ ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਉਪਰੋਕਤ ਖਾਦਾਂ ਤੋਂ ਇਲਾਵਾ, ਫ਼ਸਲ ਬੀਜਣ ਤੋਂ ੯੦ ਅਤੇ ੧੧੦ ਦਿਨਾਂ ‘ਤੇ ੨% ਯੂਰੀਆ (੩ ਕਿਲੋ ਯੂਰੀਆ ਨੂੰ ੧੫੦ ਲਿਟਰ ਪਾਣੀ ਵਿੱਚ) ਦਾ ਛਿੜਕਾਅ ਕਰਨਾ ਲਾਹੇਵੰਦ ਹੈ। ਮਸਰਾਂ ਦੇ ਬੀਜ ਨੂੰ ਰਾਈਜ਼ੋਬੀਅਮ ਦਾ ਟੀਕਾ ਲਗਾਇਆ ਹੋਵੇ ਤਾਂ ੧੧ ਕਿਲੋ ਯੂਰੀਆ ਅਤੇ ੫੦ ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਜੇਕਰ ਬੀਜ ਨੂੰ ਟੀਕਾ ਨਾ ਲਾਇਆ ਹੋਵੇ ਤਾਂ ਸਿੰਗਲ ਸੁਪਰਫ਼ਾਸਫ਼ੇਟ ਦੀ ਮਾਤਰਾ ਦੁਗਣੀ (੧੦੦ ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ) ਕਰ ਦੇਣੀ ਚਾਹੀਦੀ ਹੈ। ਸਾਰੀਆਂ ਖਾਦਾਂ ਬਿਜਾਈ ਸਮੇਂ ਹੀ ਪਾਉਣੀਆਂ ਚਾਹੀਦੀਆਂ ਹਨ।

ਚਾਰੇ ਵਾਲੀਆਂ ਫ਼ਸਲਾਂ

ਬਰਸੀਮ ਤੋਂ ਹਰੇ ਚਾਰੇ ਦਾ ਵਧੀਆ ਝਾੜ ਲੈਣ ਲਈ ਬੀਜ ਨੂੰ ਜੀਵਾਣੂੰ ਖਾਦ ਦਾ ਟੀਕਾ ਲਾਉਣਾ ਬਹੁਤ ਲਾਹੇਵੰਦ ਹੈ। ਬਿਜਾਈ ਸਮੇਂ ੬ ਟਨ ਰੂੜੀ ਦੀ ਖਾਦ ਅਤੇ ੧੨੫ ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਵਰਤਣਾ ਚਾਹੀਦਾ ਹੈ। ਜੇਕਰ ਦੇਸੀ ਰੂੜੀ ਦੀ ਵਰਤੋਂ ਨਾ ਕੀਤੀ ਗਈ ਹੋਵੇ ਤਾਂ ੨੨ ਕਿਲੋ ਯੂਰੀਆ ਅਤੇ ੧੮੫ ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ।ਜੇਕਰ ਬਰਸੀਮ ਅਤੇ ਰਾਈ ਘਾਹ ਦੀ ਰਲਵੀਂ ਕਾਸ਼ਤ ਕਰਨੀ ਹੋਵੇ ਤਾਂ ਹਰ ਕਟਾਈ ਮਗਰੋਂ ੨੨ ਕਿਲੋ ਯੂਰੀਆ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਹਲਕੀਆਂ ਰੇਤਲੀਆਂ ਜ਼ਮੀਨਾਂ ਵਿੱਚ ਕਟਾਈ ਵਾਲੇ ਸਮੇਂ ‘ਤੇ ਕਈ ਵਾਰ ਬਰਸੀਮ ਦੀ ਫ਼ਸਲ ਵਿੱਚ ਮੈਂਗਨੀਜ਼ ਦੀ ਘਾਟ ਆ ਜਾਂਦੀ ਹੈ। ਅਜਿਹੀ ਹਾਲਤ ਵਿੱਚ, ਕਟਾਈ ਕਰਨ ਤੋਂ ੨ ਹਫਤੇ ਬਾਅਦ ੦.੫% ਮੈਂਗਨੀਜ਼ ਸਲਫ਼ੇਟ (ਇਕ ਕਿਲੋ ਮੈਂਗਨੀਜ਼ ਸਲਫੇਟ ੨੦੦ ਲਿਟਰ ਪਾਣੀ ਵਿਚ) ਦਾ ਘੋਲ ਧੁੱਪ ਵਾਲੇ ਦਿਨ ਹਫਤੇ ਹਫਤੇ ਦੇ ਫਰਕ ਨਾਲ ਦੋ ਤਿੰਨ ਵਾਰ ਛਿੜਕਣਾ ਚਾਹੀਦਾ ਹੈ।

ਜਵੀ ਦੀ ਇਕ ਕਟਾਈ ਲੈਣ ਲਈ ੩੩ ਕਿਲੋ ਯੂਰੀਆ ਅਤੇ ੫੦ ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਬੀਜਣ ਸਮੇਂ ਪਾਉਣੇ ਚਾਹੀਦੇ ਹਨ। ਬਿਜਾਈ ਤੋਂ ੩੦-੪੦ ਦਿਨ ਬਾਅਦ ੩੩ ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਹੋਰ ਪਾਉਣਾ ਚਾਹੀਦਾ ਹੈ। ਦੋ ਲੌਅ ਦੇਣ ਵਾਲੀ ਜਵੀ ਦੀ ਦੂਜੀ ਕਟਾਈ ਲੈਣ ਲਈ ੪੪ ਕਿਲੋ ਯੂਰੀਆ ਪ੍ਰਤੀ ਏਕੜ ਜਵੀ ਦੇ ਫੁਟਾਰੇ ਤੋਂ ਬਾਅਦ ਪਾਉਣੀ ਚਾਹੀਦੀ ਹੈ।

(ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ)

Share this Article
Leave a comment