ਮਹਾਤਮਾ ਜਯੋਤੀਬਾ ਫੁਲੇ: ਇੱਕ ਪ੍ਰਾਸੰਗਿਕ ਚਿੰਤਨ

TeamGlobalPunjab
9 Min Read

-ਅਰਜੁਨ ਰਾਮ ਮੇਘਵਾਲ

ਭਾਰਤ ਦਾ ਇਤਿਹਾਸ ਅਨੇਕ ਮਹਾਪੁਰਖਾਂ, ਉਨ੍ਹਾਂ ਦੇ ਪ੍ਰੇਰਣਾਦਾਇਕ ਵਿਅਕਤਿੱਤਵ ਤੇ ਉਪਲਬਧੀਆਂ ਨਾਲ ਭਰਪੂਰ ਹੈ ਅਤੇ ਆਮ ਮਨੁੱਖ ਦੇ ਜੀਵਨ, ਸਮਾਜਿਕ ਵਿਵਸਥਾ ਤੇ ਆਰਥਿਕ ਵਿਕਾਸ ਨੂੰ ਲੈ ਕੇ ਉਨ੍ਹਾਂ ਦੇ ਵਿਚਾਰ ਅਤੇ ਦੂਰਦਰਸ਼ੀ ਸੋਚ ਵਰਤਮਾਨ ਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਨ ਦਾ ਇੱਕ ਵਿਲੱਖਣ ਸਰੋਤ ਹੈ। ਇਸੇ ਲੜੀ ’ਚ ਜਦੋਂ ਰਾਸ਼ਟਰ 19ਵੀਂ ਸਦੀ ਦੇ ਮਹਾਨ ਸਮਾਜ ਸੁਧਾਰਕ, ਦਲਿਤ ਉੱਥਾਨ ਤੇ ਮਹਿਲਾ ਸਿੱਖਿਆ ਤੇ ਸਮਾਨਤਾ ਦੇ ਦੂਤ ਮਹਾਤਮਾ ਜਯੋਤੀਬਾ ਫੁਲੇ ਦੀ 194ਵੀਂ ਜਯੰਤੀ ਮੌਕੇ ਸਮਾਜਿਕ ਤੇ ਖੇਤੀ ਨਾਲ ਸਬੰਧਿਤ ਆਰਥਿਕ ਸੁਧਾਰਾਂ ਰਾਹੀਂ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੀ ਭੂਮਿਕਾ ਉੱਤੇ ਚਾਨਣਾ ਪਾਉਣਾ ਬਹੁਤ ਪ੍ਰਾਸੰਗਿਕ ਹੈ।

ਮਹਾਤਮਾ ਜਯੋਤੀਬਾ ਫੁਲੇ ਨੇ ਆਪਣਾ ਸਮੁੱਚਾ ਜੀਵਨ ਦਲਿਤ ਉੱਥਾਨ ਤੇ ਮਹਿਲਾ ਸਿੱਖਿਆ ਨੂੰ ਸਮਰਪਿਤ ਕੀਤਾ। ਇੱਕ ਮਾਨਤਾ ਅਨੁਸਾਰ ਸਮਾਜ ਦੇ ਅਜਿਹੇ ਵਰਗ, ਜਿਨ੍ਹਾਂ ਨੂੰ ‘ਅਛੂਤ’ ਦੇ ਵਰਗ ਵਿੱਚ ਮੰਨਿਆ ਜਾਂਦਾ ਸੀ, ਉਨ੍ਹਾਂ ਲਈ ‘ਦਲਿਤ’ ਸ਼ਬਦ ਦਾ ਪ੍ਰਯੋਗ ਵੀ ਪਹਿਲੀ ਵਾਰ ਮਹਾਤਮਾ ਜਯੋਤੀਬਾ ਫੁਲੇ ਵੱਲੋਂ ਹੀ ਕੀਤਾ ਗਿਅ ਸੀ। ਮਹਾਰਾਸ਼ਟਰ ਦੇ ਸਤਾਰਾ ’ਚ ਸਾਲ 1827 ’ਚ ਮਾਲੀ ਸਮਾਜ ਦੇ ਪਰਿਵਾਰ ’ਚ ਜਨਮੇ ਇਸ ਮਹਾਨ ਵਿਚਾਰਕ ਜਯੋਤੀਰਾਓ ਗੋਵਿੰਦਰਾਓ ਫੁਲੇ ਨੂੰ ਦਲਿਤ ਉੱਥਾਨ, ਮਹਿਲਾ ਸਿੱਖਿਆ, ਸਮਾਜ ਸੁਧਾਰ ਦੀ ਪ੍ਰੇਰਣਾ–ਸਰੋਤ ਵਜੋਂ ਜਾਣਿਆ ਜਾਂਦਾ ਹੈ ਪਰ ਤਤਕਾਲੀਨ ਪਰਿਪੇਖ ਵਿੱਚ ਖੇਤੀਬਾੜੀ ਨਾਲ ਸਬੰਧਿਤ ਸਮਾਜ ਦੀ ਮਾੜੀ ਹਾਲਤ, ਬੇਹੱਦ ਗ਼ਰੀਬ ਤੇ ਸਾਧਨਹੀਣ ਕਿਸਾਨਾਂ ਦੀ ਆਰਥਿਕ ਪ੍ਰਗਤੀ ਲਈ ਸੁਝਾਏ ਗਏ ਖੇਤੀ ਸੁਧਾਰ ਦੇ ਉਪਾਅ ਵਰਨਣਯੋਗ ਹੈ। ਫੁਲੇ ਨੇ ਕਿਸਾਨਾਂ ਦੀ ਸਮਾਜਿਕ, ਧਾਰਮਿਕ ਤੇ ਆਰਥਿਕ ਹਾਲਤ ਦਾ ਵਿਸ਼ੇਸ਼ ਵਿਸ਼ਲੇਸ਼ਣ ਕੀਤਾ ਅਤੇ ਸਾਰਾ ਜੀਵਨ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲੱਭਣ ਵਿੱਚ ਹੀ ਜਤਨਸ਼ੀਲ ਰਹੇ। ਇਹ ਉਨ੍ਹਾਂ ਦੇ ਕਿਸਾਨ ਵਰਗ ਨੂੰ ਲੈ ਕੇ ਗੰਭੀਰਤਾ ਦਾ ਹੀ ਨਤੀਜਾ ਸੀ ਕਿ ਸਾਲ 1883 ’ਚ ਕਿਸਾਨਾਂ ਦੀ ਮਾੜੀ ਆਰਥਿਕ ਹਾਲਤ ਦਾ ਇਤਿਹਾਸਕ ਸਰਵੇਖਣ ਕਰਕੇ ਅਤੇ ਉਸ ਦੇ ਕਾਰਣਾਂ ਨੂੰ ਬਹੁਤ ਡੂੰਘਾਈ ਤੇ ਮਨੋਯੋਗ ਨਾਲ ਵਿਸ਼ਲੇਸ਼ਣ ਕਰ ਕੇ ‘ਸ਼ੇਤਕਰਯਾਚਾ ਅਸੂਡ’ (ਕਿਸਾਨ ਦਾ ਕੋਰੜਾ)/ The Cultivaor’s Whip-Cord) ਮਹਾਗ੍ਰੰਥ ਦੀ ਰਚਨਾ ਕੀਤੀ ਅਤੇ ਕਿਸਾਨਾਂ ਦੀ ਸਰਬਪੱਖੀ ਤਰੱਕੀ ਦੇ ਵਡਮੁੱਲੇ ਸੁਝਾਅ ਦਿੱਤੇ। ਇਸ ਗ੍ਰੰਥ ਵਿੱਚ ਜਯੋਤੀਰਾਓ ਫੁਲੇ ਨੇ ਖੇਤੀਬਾੜੀ ਉੱਤੇ ਆਬਾਦੀ ਦੇ ਵਧਦੇ ਦਬਾਅ, ਖੇਤੀ ਉਤਪਾਦਨ ਪ੍ਰਣਾਲੀ ਦੇ ਪੱਛੜੇਪਣ ਅਤੇ ਮੌਜੂਦਾ ਸਮਾਜਿਕ ਵਿਵਸਥਾ ਅਤੇ ਨੌਕਰਸ਼ਾਹੀ ਵੱਲੋਂ ਕਿਸਾਨਾਂ ਦੇ ਸ਼ੋਸ਼ਣ ਜਿਹੇ ਕਿਸਾਨ ਦੀ ਗ਼ਰੀਬੀ ਦੇ ਤਿੰਨ ਮੁੱਖ ਕਾਰਣ ਦੱਸੇ।

ਇੱਕ ਪ੍ਰਗਤੀਸ਼ੀਲ ਕਿਸਾਨ ਦੀ ਭੂਮਿਕਾ ’ਚ ਮਹਾਤਮਾ ਫੁਲੇ ਨੇ ਖੇਤੀ ਸੁਧਾਰਾਂ ਦੀ ਜ਼ਰੂਰਤ ਉੱਤੇ ਜ਼ੋਰ ਦੇ ਕੇ ਹੋਰ ਸੁਝਾਅ ਦਿੱਤੇ। ਉਨ੍ਹਾਂ ਖੇਤਾਂ ਵਿੱਚ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਤਾਲਾਬਾਂ ਅਤੇ ਬੰਨ੍ਹਾਂ ਦੀ ਉਸਾਰੀ ਕਰਨ, ਪਸ਼ੂ–ਪਾਲਣ ਨੂੰ ਹੁਲਾਰਾ ਦੇਣ ਤੇ ਨਤੀਜੇ ਵਜੋਂ ਅਨਾਜ ਉਤਪਾਦਨ ਵਧਾਉਣ, ਪਸ਼ੂਧਨ ਹੱਤਿਆ ਉੱਤੇ ਪਾਬੰਦੀ ਲਾਉਣ, ਪਸ਼ੂ–ਧਨ ਨਸਲ ਸੁਧਾਰ ਪ੍ਰੋਗਰਾਮ ਚਲਾਉਣ, ਕਿਸਾਨਾਂ ਨੂੰ ਘੱਟ ਵਿਆਜ ਦਰ ਉੱਤੇ ਕਰਜ਼ੇ ਉਪਲਬਧ ਕਰਵਾਉਣ, ਕਿਸਾਨਾਂ ਦੇ ਖੇਤੀ ਸਬੰਧੀ ਗਿਆਨ–ਵਾਧੇ ਲਈ ਖੇਤੀ ਮੇਲਿਆਂ ਦਾ ਆਯੋਜਨ ਕਰਨ ਤੇ ਵਿਦੇਸ਼ੀ ਅਨੁਭਵ ਨਾਲ ਅਨਾਜ ਉਤਪਾਦਨ ਦੀਆਂ ਨਵੀਆਂ–ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਣ ਨਾਲ ਸਬੰਧਿਤ ਵਡਮੁੱਲੇ ਸੁਝਾਅ ਦਿੱਤੇ। ਖੇਤੀ ਸੁਧਾਰ ਸਬੰਧੀ ਇਨ੍ਹਾਂ ਸੁਝਾਵਾਂ ਵਿੱਚ ਭੂਮੀ ਤੇ ਭੂਮੀ–ਪੁੱਤਰ ਦੇ ਵਿਕਾਸ ਤੇ ਸਮੁੱਚੇ ਸਮਾਜ ਤੇ ਰਾਸ਼ਟਰ ਦੀ ਉਸਾਰੀ ਨੂੰ ਲੈ ਕੇ ਮਹਾਤਮਾ ਫੁਲੇ ਦੀ ਆਧੁਨਿਕ ਸੋਚ ਪ੍ਰਤੀਬਿੰਬਤ ਹੁੰਦੀ ਹੈ।
ਕਿਸਾਨਾਂ ਦੀ ਤਰੱਕੀ ਲਈ ਜਿੱਥੇ ਸਰਕਾਰ ਦੀਆਂ ਜ਼ਿੰਮੇਵਾਰੀਆਂ ਦਾ ਵਿਸਤਾਰ ਨਾਲ ਜ਼ਿਕਰ ਕੀਤਾ, ਉੱਥੇ ਹੀ ਕਿਸਾਨਾਂ ਨੂੰ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨ ਦੀ ਪ੍ਰੇਰਣਾ ਵੀ ਦਿੱਤਾ ਅਤੇ ਵਿਅਕਤੀਗਤ ਮਾੜੇ ਗੁਣਾਂ ਤੇ ਕੁਰੀਤਾਂ ਤਿਆਗ ਤੇ ਸਦਾਚਾਰਕ ਬਣਨ ਦਾ ਸੱਦਾ ਦਿੱਤਾ। ਦੇਸ਼ ਜਦੋਂ ਸਿਆਸੀ ਗ਼ੁਲਾਮੀ ਦੇ ਨਾਲ–ਨਾਲ ਸਮਾਜਿਕ ਗ਼ੁਲਾਮੀ ਦੇ ਦੌਰ ’ਚੋਂ ਲੰਘ ਰਿਹਾ ਸੀ, ਅਜਿਹੇ ਵੇਲੇ ਮਹਾਤਮਾ ਫੁਲੇ ਦੀ ਪਤਨੀ ਸਾਵਿੱਤਰੀ ਬਾਈ ਫੁਲੇ ਨੇ ਸਿੱਖਿਆ ਦੇ ਮਹੱਤਵ ਨੂੰ ਜਾਣਿਆ, ਸਮਝਿਆ ਤੇ ਵਾਂਝੇ ਵਰਗ ਦੀਆਂ ਖੇਤ ਮਜ਼ਦੂਰ ਮਹਿਲਾਵਾਂ ਦੀ ਸਿੱਖਿਆ, ਸਿਹਤ, ਸਸ਼ਕਤੀਕਰਣ ਤੇ ਆਜੀਵਿਕਾ ’ਚ ਉਨ੍ਹਾਂ ਦੀ ਬਿਹਤਰ ਭੂਮਿਕਾ ਲਈ ਸੰਗਠਿਤ ਤੇ ਸੰਕਲਪਿਤ ਕੀਤਾ। 2 ਮਾਰਚ, 1888 ਨੂੰ ਮਹਾਤਮਾ ਫੁਲੇ ਦੇ ਮਿੱਤਰ, ਹਰੀ ਰਾਓ ਜੀ ਚਿਪਲੂਣਕਰ ਨੇ ਇੰਗਲੈਂਡ ਦੀ ਮਹਾਰਾਣੀ ਦੇ ਪੁੱਤਰ ਡਿਊਕ ਆਵ੍ ਕੱਨਾਟ ਦਾ ਪੂਨਾ (ਹੁਣ ਪੁਣੇ) ’ਚ ਅਭਿਨੰਦਨ ਪ੍ਰੋਗਰਾਮ ਆਯੋਜਿਤ ਕੀਤਾ। ਤਦ ਉਸ ਸਮਾਰੋਹ ’ਚ ਸੱਦੇ ਗਏ ਮਹਾਤਮਾ ਫੁਲੇ ਰਵਾਇਤੀ ਤੇ ਸਾਦੇ ਕੱਪੜਿਆਂ ’ਚ ਸ਼ਾਮਲ ਹੋਏ ਪਰ ਇਸ ਪ੍ਰੋਗਰਾਮ ’ਚ ਉਨ੍ਹਾਂ ਆਪਣਾ ਭਾਸ਼ਣ ਅੰਗਰੇਜ਼ੀ ਭਾਸ਼ਾ ਵਿੱਚ ਦਿੱਤਾ। ਉਨ੍ਹਾਂ ਦਾ ਇਹ ਇਤਿਹਾਸਕ ਭਾਸ਼ਣ ਕਿਸਾਨਾਂ ਪ੍ਰਤੀ ਹਮਦਰਦੀ ਵਾਲਾ ਰਵੱਈਆ ਤੇ ਇਨਸਾਨੀਅਤ ਭਰਪੂਰ ਦ੍ਰਿਸ਼ਟੀਕੋਣ ਪ੍ਰਦਰਸ਼ਿਤ ਕਰਨ ਦੇ ਨਾਲ ਅੰਗਰੇਜ਼ਾਂ ਦੀ ਸ਼ਾਸਨ ਵਿਵਸਥਾ ਨੂੰ ਚੁਣੌਤੀ ਦੇਣ ਵਾਲਾ ਸੀ। ਉਨ੍ਹਾਂ ਕਿਹਾ – ‘ਸਮਾਰੋਹ ’ਚ ਪਧਾਰੇ ਲੋਕਾਂ ਦੇ ਵਡਮੁੱਲੇ ਕੱਪੜਿਆਂ ਤੇ ਚਮਕੀਲੇ ਹੀਰੇ ਦੇਖ ਕੇ ਤੁਹਾਨੂੰ ਪਤਾ ਚੱਲੇਗਾ ਕਿ ਭਾਰਤ ਬਹੁਤ ਸੁਖੀ ਤੇ ਸੰਤੋਖ ਵਾਲਾ ਦੇਸ਼ ਹੈ ਪਰ ਅਸਲੀਅਤ ਕੁਝ ਹੋਰ ਹੀ ਹੈ… ਜੇ ਰਾਜਪੁੱਤਰ ਨੇ ਸੱਚਾ ਭਾਰਤ ਵੇਖਣਾ ਹੋਵੇ ਤੇ ਮਹਾਰਾਣੀ ਨੂੰ ਸੱਚੀ ਖ਼ਬਰ ਦੱਸਣੀ ਹੋਵੇ, ਤਾਂ ਉਨ੍ਹਾਂ ਨੂੰ ਆਲੇ–ਦੁਆਲੇ ਦੇ ਕੁਝ ਪਿੰਡਾਂ ਵਿੱਚ ਜਾ ਕੇ ਅਨਪੜ੍ਹ ਜਨਤਾ ਦੀ ਤਰਸਯੋਗ ਹਾਲਤ ਤੇ ਗ਼ਰੀਬੀ ਪ੍ਰਤੱਖ ਤੌਰ ਉੱਤੇ ਵੇਖਣੀ ਚਾਹੀਦੀ ਹੈ।’

- Advertisement -

ਭਾਰਤ ਦੇਸ਼ ’ਚ ਖੇਤੀਬਾੜੀ ਆਦਿ ਕਾਲ ਤੋਂ ਹੀ ਦਿਹਾਤੀ ਅਰਥਵਿਵਸਥਾ ਦਾ ਇੱਕ ਅਹਿਮ ਅੰਗ ਰਹੀ ਹੈ। ਡਾ. ਭੀਮਰਾਓ ਅੰਬੇਡਕਰ, ਮਹਾਤਮਾ ਗਾਂਧੀ, ਸਰਦਾਰ ਵੱਲਭ ਭਾਈ ਪਟੇਲ, ਲਾਲ ਬਹਾਦੁਰ ਸ਼ਾਸਤਰੀ, ਚੌਧਰੀ ਚਰਨ ਸਿੰਘ, ਬਾਬੂ ਜਗਜੀਵਨ ਰਾਮ, ਚੌਧਰੀ ਦੇਵੀਲਾਲ, ਸ਼ਰਦ ਜੋਸ਼ੀ ਜਿਹੇ ਅਨੇਕ ਮਹਾਪੁਰਖਾਂ ਤੇ ਸਿਆਸੀ ਆਗੂਆਂ ਨੇ ਖੇਤੀ ਸੁਧਾਰਾਂ ਤੇ ਕਿਸਾਨ ਭਲਾਈ ਲਈ ਅਹਿਮ ਭੂਮਿਕਾ ਨਿਭਾਈ ਅਤੇ ਮਹਾਤਮਾ ਫੁਲੇ ਦੇ ਖੇਤੀ ਸੁਧਾਰ ਚਿੰਤਨ ਨੂੰ ਸ਼ਾਮਲ ਕੀਤਾ। ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਭਾਰਤ ’ਚ ਦਲਿਤ ਉੱਥਾਨ ਦੇ ਪ੍ਰਮੁੱਖ ਬੁਲਾਰੇ ਡਾ. ਭੀਮਰਾਓ ਅੰਬੇਡਕਰ ਦੇ ਜੀਵਨ ਉੱਤੇ ਵੀ ਮਹਾਤਮਾ ਫੁਲੇ ਦੇ ਵਿਚਾਰਾਂ ਦਾ ਬਹੁਤ ਪ੍ਰਭਾਵ ਰਿਹਾ ਅਤੇ ਆਪਣੇ ਗੁਰੂ ਦੇ ਰੂਪ ਵਿੱਚ ਉਨ੍ਹਾਂ ਮਹਾਤਮਾ ਫੁਲੇ ਨੂੰ ਸਵੀਕਾਰ ਕੀਤਾ। ਖੇਤੀ ਦੇ ਖੇਤਰ ਵਿੱਚ ਬਸਤੀਵਾਦੀ ਹਕੂਮਤ ਦੀਆਂ ਕਮਜ਼ੋਰ ਨੀਤੀਆਂ ਤੇ ਭਿਆਨਕ ਔੜ ਦੇ ਔਖੇ ਸਮੇਂ ’ਚੋਂ ਨਿੱਕਲਣ ਲਈ ਸੱਠ ਦੇ ਦਹਾਕੇ ਵਿੱਚ ਹਰਾ ਇਨਕਲਾਬ ਲਾਗੂ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ ਦੇਸ਼ ਅਨਾਜ ਦੇ ਖੇਤਰ ਵਿੱਚ ਆਤਮਨਿਰਭਰ ਹੋ ਸਕਿਆ ਤੇ ਖੇਤੀ ਖੇਤਰ ’ਚ ਮਸ਼ੀਨੀਕਰਣ ਅਤੇ ਤਕਨੀਕ ਨੂੰ ਹੁਲਾਰਾ ਮਿਲਿਆ। ਪਿਛਲੇ ਕੁਝ ਦਹਾਕਿਆਂ ਦੌਰਾਨ ਅਰਥਵਿਵਸਥਾ ਦੇ ਵਿਕਾਸ ਵਿੱਚ ਨਿਰਮਾਣ ਤੇ ਸੇਵਾ ਖੇਤਰਾਂ ਦਾ ਯੋਗਦਾਨ ਤੇਜ਼ੀ ਨਾਲ ਵਧਿਆ ਹੈ, ਜਦ ਕਿ ਖੇਤੀ ਖੇਤਰ ਦੇ ਯੋਗਦਾਨ ਵਿੱਚ ਗਿਰਾਵਟ ਹੋਈ ਹੈ। ਆਜ਼ਾਦੀ ਤੋਂ ਬਾਅਦ 1950 ਦੇ ਦਹਾਕੇ ’ਚ ਜੀਡੀਪੀ ’ਚ ਖੇਤੀ ਖੇਤਰ ਦਾ ਯੋਗਦਾਨ ਜਿੱਥੇ 50 ਫੀਸਦੀ ਸੀ, ਉੱਥੇ ਸਾਲ 2015–16 ਦੀਆਂ ਮੌਜੂਦਾ ਕੀਮਤਾਂ ਉੱਤੇ ਇਸ ਦਾ ਯੋਗਦਾਨ 17.5 ਫੀਸਦੀ ਰਹਿ ਗਿਆ ਹੈ। ਇਸ ਵੇਲੇ ਖੇਤੀ ਖੇਤਰ ’ਚ ਦੇਸ਼ ਦੀ ਲਗਭਗ ਅੱਧਾ ਕਿਰਤ–ਬਲ ਲੱਗਾ ਹੋਇਆ ਹੈ। ਦੇਸ਼ ਦੀ ਵਧਦੀ ਆਬਾਦੀ ਨਾਲ ਵਾਹੀਯੋਗ ਜ਼ਮੀਨ ਦਾ ਆਕਾਰ ਘਟਦਾ ਜਾ ਰਿਹਾ ਹੈ।

ਮਹਾਤਮਾ ਫੁਲੇ ਦੇ ਖੇਤੀ ਸੁਧਾਰਾਂ ਤੇ ਕਿਸਾਨ ਭਲਾਈ ਨਾਲ ਸਬੰਧਿਤ ਵਿਚਾਰਾਂ ਦੀ ਪ੍ਰੇਰਣਾ ਅਨੁਸਾਰ ਹੀ ਸਾਲ 2014 ਤੋਂ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਖੇਤੀ ਖੇਤਰ ਵਿੱਚ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ, ਕਿਸਾਨ ਕ੍ਰੈਡਿਟ ਕਾਰਡ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਜਲ ਪ੍ਰਬੰਧ, ਭੂਮੀ ਸਿਹਤ ਕਾਰਡ, ਪ੍ਰਧਾਨ ਮੰਤਰੀ ਸਿੰਚਾਈ ਯੋਜਨਾ, ਨੀਮ ਕੋਟੇਡ ਯੂਰੀਆ ਦੇ ਨਾਲ–ਨਾਲ ਉੱਚ ਮਿਆਰੀ ਬੀਜਾਂ ਦੀ ਉਪਲਬਧਤਾ ਤੇ ਸਟੋਰੇਜ ਤੇ ਮਾਰਕਿਟਿੰਗ ਨਾਲ ਸਬੰਧਿਤ ਬੁਨਿਆਦੀ ਢਾਂਚਾ, ਐੱਫਪੀਓ ਨੂੰ ਪ੍ਰੋਤਸਾਹਨ ਦੇਣ ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਦਿਸ਼ਾ ਵਿੱਚ ਪ੍ਰਭਾਵਸ਼ਾਲੀ ਯੋਜਨਾਵਾਂ ਤੇ ਇਤਿਹਾਸਕ ਖੇਤੀ ਸੁਧਾਰ ਕਾਨੂੰਨ ਲਾਗੂ ਕੀਤੇ ਗਹੇ ਹਨ। ਇਹ ਸਾਰੇ ਸੁਧਾਰ ਖੇਤੀ ਤੇ ਕਿਸਾਨ ਭਲਾਈ ਦੇ ਖੇਤਰ ਵਿੱਚ ਆਮਦਨ ਵਧਾਉਣ ਲਈ ਇੱਕ ਮੀਲ–ਪੱਥਰ ਸਿੱਧ ਹੋਣਗੇ।

ਸਮਾਜ ਵਿੱਚ ਪ੍ਰਚਲਿਤ ਕੁਰੀਤਾਂ, ਕਰਮ-ਕਾਂਡਾਂ, ਜਾਤ-ਪਾਤ ਦੀ ਪ੍ਰਥਾ, ਛੂਆਛੂਤ, ਬਾਲ–ਵਿਆਹ ਦਾ ਵਿਰੋਧ ਕਰ ਕੇ ਸਮਾਜਿਕ ਸਮਾਨਤਾ, ਦਲਿਤਾਂ ਦੀ ਤਰੱਕੀ, ਮਹਿਲਾ ਸਿੱਖਿਆ, ਵਿਧਵਾ ਵਿਆਹ ਆਦਿ ਨੂੰ ਹੁਲਾਰਾ ਦੇਣ ਵਾਲੇ ਮਹਾਪੁਰਖ ਮਹਾਤਮਾ ਫੁਲੇ ਸਾਡੇ ਵਿਚਕਾਰ ਨਹੀਂ ਹਨ ਪਰ ਅੱਜ ਜਯੰਤੀ ਮੌਕੇ ਉਨ੍ਹਾਂ ਦੇ ਵਿਅਕਤਿੱਤਵ ਤੇ ਉਨ੍ਹਾਂ ਦੀਆਂ ਸਾਰੀਆਂ ਉਪਲਬਧੀਆਂ ਉੱਤੇ ਚਿੰਤਨ ਕਰ ਕੇ ਉਨ੍ਹਾਂ ਦੇ ਵਿਖਾਏ ਮਾਰਗ ਉੱਤੇ ਚੱਲਣ ਦਾ ਸੰਕਲਪ ਲੈਣਾ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ।

ਲੇਖਕ: ਸਾਂਸਦ – ਬੀਕਾਨੇਰ ਅਤੇ ਕੇਂਦਰੀ ਸੰਸਦੀ ਮਾਮਲੇ ਅਤੇ ਭਾਰੀ ਉਦਯੋਗ ਤੇ ਜਨਤਕ ਉੱਦਮ ਰਾਜ ਮੰਤਰੀ,
ਭਾਰਤ ਸਰਕਾਰ।

Share this Article
Leave a comment