ਕੈਨੇਡਾ ਪਹੁੰਚਣ ਵਾਲੇ ਸੈਲਾਨੀਆਂ ਦੀ ਗਿਣਤੀ ‘ਚ ਦਰਜ ਕੀਤਾ ਗਿਆ ਵੱਡਾ ਵਾਧਾ

Prabhjot Kaur
3 Min Read

ਓਟਾਵਾ: ਕੈਨੇਡਾ ਦੀ ਧਰਤੀ ‘ਤੇ ਹਰ ਸਾਲ ਲੋਕ ਵੱਡੀ ਗਿਣਤੀ ‘ਚ ਪੈਰ ਰੱਖ ਰਹੇ ਨੇ, ਪਰ ਇਸ ਸਾਲ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿੱਚ ਤੇਜ਼ ਵਾਧਾ ਦੇਖਣ ਨੂੰ ਮਿਲਿਆ। ਮਾਰਚ ਮਹੀਨੇ ਤੱਕ 2 ਲੱਖ 81 ਹਜ਼ਾਰ 400 ਵਿਦੇਸ਼ੀ ਸੈਲਾਨੀਆਂ ਨੇ ਇਸ ਮੁਲਕ ਦੀ ਧਰਤੀ ‘ਤੇ ਪੈਰ ਰੱਖਿਆ, ਜਦਕਿ ਪਿਛਲੇ ਸਾਲ ਇਹ ਅੰਕੜਾ ਸਿਰਫ਼ 1 ਲੱਖ 48 ਹਜ਼ਾਰ 900 ਦਰਜ ਕੀਤਾ ਗਿਆ ਸੀ।

ਸਟੈਟਿਸਟਿਕਸ ਕੈਨੇਡਾ ਨੇ ਤਾਜ਼ਾ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਕੈਨੇਡਾ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੀ ਹੋ ਗਈ ਹੈ। ਜਿੱਥੇ ਪਿਛਲੇ ਸਾਲ ਮਾਰਚ ਮਹੀਨੇ ਤੱਕ 1 ਲੱਖ 48 ਹਜਾਰ 900 ਵਿਦੇਸ਼ੀ ਸੈਲਾਨੀ ਇਸ ਮੁਲਕ ਵਿੱਚ ਆਏ, ਉਥੇ ਇਸ ਸਾਲ ਮਾਰਚ ਮਹੀਨੇ ਤੱਕ ਇਹ ਅੰਕੜਾ ਦੁੱਗਣਾ ਹੋ ਕੇ 2 ਲੱਖ 81 ਹਜ਼ਾਰ 400 ‘ਤੇ ਪਹੁੰਚ ਗਿਆ। ਹਾਲਾਂਕਿ ਸੈਲਾਨੀਆਂ ਦੀ ਗਿਣਤੀ ਦਾ ਇਹ ਅੰਕੜਾ ਅਜੇ ਵੀ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਵਾਲੇ ਪੱਧਰ ਤੋਂ ਘੱਟ ਹੈ, ਪਰ ਕਿਤੇ ਨਾਂ ਕਿਤੇ ਇਸ ਵਿੱਚ ਹੁਣ ਤੇਜ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਸਟੈਟਿਸਟਿਕਸ ਕੈਨੇਡਾ ਮੁਤਾਬਕ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਮਾਰਚ 2023 ਤੱਕ ਇਕੱਲੇ ਯੂਰਪ ਤੋਂ ਦੋ-ਚੌਥਾਈ ਭਾਵ 1 ਲੱਖ 14 ਹਜ਼ਾਰ 700 ਵਿਦੇਸ਼ੀ ਸੈਲਾਨੀ ਕੈਨੇਡਾ ਪੁੱਜੇ,ਜਦਕਿ ਮਾਰਚ 2022 `ਚ ਇਹ ਅੰਕੜਾ ਸਿਰਫ਼ 68 ਹਜ਼ਾਰ 800 ਦਰਜ ਕੀਤਾ ਗਿਆ ਸੀ। ਹਾਲਾਂਕਿ ਮਹਾਂਮਾਰੀ ਤੋਂ ਪਹਿਲਾਂ ਮਾਰਚ 2019 `ਚ ਇਹ ਅੰਕੜਾ ਕਾਫ਼ੀ ਉਪਰ ਸੀ। ਕੋਰੋਨਾ ਦੇ ਚਲਦਿਆਂ 2020 ਦੇ ਸ਼ੁਰੂ ‘ਚ ਹੀ ਲੋਕਡਾਊਨ ਲੱਗਣ ਤੇ 2021 ਤੱਕ ਇਸ ਦਾ ਅਸਰ ਰਹਿਣ ਕਾਰਨ ਵਿਦੇਸ਼ੀ ਸੈਲਾਨੀਆਂ ਨੇ ਕੈਨੇਡਾ ਜਾਂ ਹੋਰ ਮੁਲਕਾਂ ਵਿੱਚ ਘੁੰਮਣ ਦੀ ਕੋਈ ਯੋਜਨਾ ਨਹੀਂ ਬਣਾਈ।

ਤਾਜ਼ਾ ਅੰਕੜਿਆਂ ਮੁਤਾਬਕ ਇਸ ਸਾਲ ਇਕੱਲੇ ਏਸ਼ੀਆ ਤੋਂ ਕੁੱਲ 72 ਹਜ਼ਾਰ 400 ਵਿਦੇਸ਼ੀ ਸੈਲਾਨੀਆਂ ਨੇ ਕੈਨੇਡਾ ਦੀ ਧਰਤੀ ਤੇ ਪੈਰ ਰੱਖਿਆ, ਜੋ ਕਿ ਮਾਰਚ 2019 ਦੇ ਅੰਕੜਿਆਂ ਤੋਂ ਅੱਧੀ ਗਿਣਤੀ ਭਾਵ 58.5 ਫੀਸਦੀ ਬਣਦੀ ਹੈ। ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜੇ ਦਰਸਾਉਂਦੇ ਨੇ ਕਿ ਕੈਨੇਡਾ ਆਉਣ ਲਈ ਇਕੱਲੇ ਅਮਰੀਕੀ ਲੋਕਾਂ ਨੇ 11 ਲੱਖ ਟਿਪਸ ਬਣਾਏ। ਇਹ ਅੰਕੜਾ ਮਾਰਚ 2022 ਦੇ ਅੰਕੜਿਆਂ ਤੋਂ ਢਾਈ ਗੁਣਾ ਜ਼ਿਆਦਾ ਬਣਦਾ ਹੈ।

- Advertisement -

ਅੰਕੜਿਆਂ ਮੁਤਾਬਕ ਮਾਰਚ 2023 ਤੱਕ ਅਮਰੀਕਾ ਤੋਂ ਕੈਨੇਡਾ ਪੁੱਜਣ ਵਾਲੇ 11 ਲੱਖ ਅਮਰੀਕੀ ਸੈਲਾਨੀਆਂ ‘ਚੋਂ 7 ਲੱਖ 79 ਹਜ਼ਾਰ 400 ਲੋਕ ਆਪਣੀਆਂ ਗੱਡੀਆਂ (ਆਟੋਮੋਬਾਇਲ) ਰਾਹੀਂ ਆਏ ਸੀ। ਇਨਾਂ ਵਿੱਚੋਂ 52.6 ਫੀਸਦੀ ਉਸੇ ਦਿਨ ਵਾਪਸ ਵੀ ਪਰਤ ਗਏ। ਜੇਕਰ ਅਮਰੀਕੀ ਯਾਤਰਾ ‘ਤੇ ਜਾਣ ਵਾਲੇ ਕੈਨੇਡੀਅਨ ਸੈਲਾਨੀਆਂ ਦੀ ਗੱਲ ਕੀਤੀ ਜਾਵੇ ਤਾਂ ਇਨਾਂ ਦੀ ਗਿਣਤੀ ਮਾਰਚ 2023 ਤੱਕ 33 ਲੱਖ ਦਰਜ ਕੀਤੀ ਗਈ, ਜਿਹੜੀ ਕਿ ਪਿਛਲੇ ਸਾਲ ਮਾਰਚ 2022 ਤੋਂ ਢਾਈ ਗੁਣਾ ਜ਼ਿਆਦਾ ਬਣਦੀ ਹੈ। ਉਸ ਵੇਲੇ 13 ਲੱਖ ਕੈਨੇਡੀਅਨ ਸੈਲਾਨੀਆਂ ਨੇ ਅਮਰੀਕਾ ਦੀ ਯਾਤਰਾ ਕੀਤੀ ਸੀ।

Share this Article
Leave a comment