ਪਰਵਾਸੀ ਪੰਜਾਬੀ ਨੇ ਝੁੱਗੀ ਵਿੱਚ ਰਹਿਣ ਵਾਲੀ ਕੁੜੀ ਨਾਲ ਕਿੱਥੇ ਰਚਾਇਆ ਵਿਆਹ

TeamGlobalPunjab
3 Min Read

-ਅਵਤਾਰ ਸਿੰਘ

ਕਈ ਵਾਰ ਕੁਝ ਬੰਦੇ ਜ਼ਿੰਦਗੀ ਵਿੱਚ ਅਜਿਹੀ ਉਦਾਹਰਣ ਪੇਸ਼ ਕਰ ਦਿੰਦੇ ਕਿ ਉਹ ਇਤਿਹਾਸ ਬਣ ਜਾਂਦੀ ਹੈ। ਬਾਹਰਲੇ ਮੁਲਕ ਪਹੁੰਚੇ ਬੰਦੇ ਕੋਲ ਜ਼ਿੰਦਗੀ ਦੀਆਂ ਸਾਰੀਆਂ ਸੁਖ ਸਹੂਲਤਾਂ ਮੌਜੂਦ ਹੁੰਦੀਆਂ ਹਨ। ਫੇਰ ਵੀ ਜੇ ਉਹ ਕਿਸੇ ਮਜਬੂਰ ਦੀ ਮਦਦ ਕਰਨ ਲਈ ਅੱਗੇ ਆਵੇ ਤਾਂ ਇਹ ਇਕ ਵਿਲੱਖਣ ਮਿਸਾਲ ਹੀ ਹੋਈ। ਇਸ ਤਰ੍ਹਾਂ ਦੀ ਮਿਸਾਲ ਪੇਸ਼ ਕੀਤੀ ਹੈ ਕੇਨੈਡਾ ਰਹਿੰਦੇ ਮਹਿੰਦਰ ਸਿੰਘ ਭੁੱਲਰ ਨੇ ਜਿਸ ਨੇ ਬਰਨਾਲਾ ਜ਼ਿਲੇ ਦੇ ਪਿੰਡ ਭਦੌੜ ਦੀ 36 ਸਾਲਾਂ ਦੀ ਝੁੱਗੀ ਵਿੱਚ ਰਹਿੰਦੀ ਮਨਜੀਤ ਕੌਰ ਨਾਲ ਵਿਆਹ ਕਰਵਾਇਆ ਹੈ।

ਰਿਪੋਰਟਾਂ ਮੁਤਾਬਿਕ ਬੈਡਮਿੰਟਨ ਦੀ ਨੈਸ਼ਨਲ ਤਕ ਖੇਡਣ ਵਾਲੀ ਮਨਜੀਤ ਕੌਰ ਪੈਸੇ ਦੀ ਥੁੜ੍ਹ ਕਾਰਨ ਆਪਣਾ ਇਲਾਜ ਕਰਵਾਉਣ ਤੋਂ ਅਸਮਰਥ ਸੀ। ਇਸ ਬਾਰੇ ਕੈਨੇਡਾ ਰਹਿੰਦੇ ਮਹਿੰਦਰ ਸਿੰਘ ਨੇ ਅਖਬਾਰਾਂ ਵਿੱਚ ਪੜਿਆ। ਭਾਵੁਕ ਹੁੰਦਿਆਂ ਉਸ ਦੀ ਮਦਦ ਲਈ ਉਸ ਦਾ ਮਨ ਪਸੀਜ ਗਿਆ। 12 ਜਨਵਰੀ ਨੂੰ ਬਰਨਾਲਾ ਦੇ ਡਿਪਟੀ ਕਮਿਸ਼ਨਰ ਦਫਤਰ ਪਹੁੰਚ ਕੇ ਦੋਵਾਂ ਨੇ ਵਿਆਹ ਰਜਿਸਟਰਡ ਕਰਵਾ ਲਿਆ। ਮਨਜੀਤ ਕੌਰ ਪਛੜੀ ਸ਼੍ਰੇਣੀ ਦੇ ਪਰਿਵਾਰ ਨਾਲ ਸੰਬੰਧਤ ਹੈ ਅਤੇ ਮਹਿੰਦਰ ਸਿੰਘ ਭੁੱਲਰ ਬਠਿੰਡਾ ਜ਼ਿਲੇ ਪਿੰਡ ਢਪਾਲੀ ਨਾਲ ਸੰਬੰਧਤ ਹੈ ਤੇ 1990 ਤੋਂ ਕੈਨੇਡਾ ਵਿਚ ਪਰਿਵਾਰ ਸਮੇਤ ਰਹਿੰਦਾ ਹੈ। ਕੈਨੇਡਾ ਵਿੱਚ ਬੂਟੇ ਵੇਚਣ ਦਾ ਕਾਰੋਬਾਰ ਕਰਦਾ ਹੈ।

- Advertisement -

ਮਨਜੀਤ ਕੌਰ ਨੇ ਦੱਸਿਆ ਕਿ ਬੈਡਮਿੰਟਨ ਵਿੱਚ ਨੈਸ਼ਨਲ ਮੁਕਾਬਲੇ ਦੌਰਾਨ ਉਸ ਨੂੰ ਅਚਾਨਕ ਬੁਖਾਰ ਚੜ੍ਹ ਗਿਆ ਤੇ ਉਸ ਦੇ ਜੋੜਾਂ ਵਿੱਚ ਦਰਦ ਰਹਿਣਾ ਸ਼ੁਰੂ ਹੋ ਗਿਆ। 2009 ਤੋਂ 2019 ਲਗਾਤਾਰ ਬਿਮਾਰ ਹਾਂ। 1998 ਵਿੱਚ ਉਸ ਦੇ ਪਿਤਾ ਦੀ ਮੌਤ ਹੋ ਗਈ। ਉਸ ਤੋਂ ਬਾਅਦ ਮਨਜੀਤ ਦਾ ਇਲਾਜ ਕਰਵਾਉਣ ਲਈ ਉਸ ਦੀ ਮਾਂ ਨੇ ਘਰ ਦੇ ਭਾਂਡੇ ਵੀ ਵੇਚ ਦਿੱਤੇ।

ਖੇਡਾਂ ਵਿੱਚ ਮਾਰੀਆਂ ਮੱਲਾਂ ਵਾਲੇ ਸਰਟੀਫਿਕੇਟਾਂ ਨਾਲ ਮਨਜੀਤ ਨੇ ਆਪਣੀ ਸਾਰੀ ਵਿਥਿਆ ਸੁਣਾਈ। ਉਸ ਨੇ ਦੱਸਿਆ ਕਿ ਉਹ ਤਿੰਨ ਭੈਣਾਂ ਤੇ ਦੋ ਭਰਾ ਹਨ। ਸਾਰੇ ਵਿਆਹੇ ਹੋਏ ਹਨ ਉਹ ਆਪਣੀ ਮਾਂ ਨਾਲ ਝੁੱਗੀ ਵਿੱਚ ਰਹਿੰਦੀ ਹੈ।

ਮਨਜੀਤ ਦੀ ਜ਼ਿੰਦਗੀ ਵਿੱਚ ਇਕ ਅਜਿਹਾ ਮੋੜ ਆਇਆ ਕਿ ਦਸੰਬਰ 2018 ਵਿੱਚ ਕੈਨੇਡਾ ਰਹਿੰਦੇ ਭੁੱਲਰ ਨੇ ਮਨਜੀਤ ਦੀ ਇਸ ਹਾਲਤ ਬਾਰੇ ਅਖਬਾਰਾਂ ਵਿੱਚ ਪੜ੍ਹਿਆ। ਉਸ ਕੋਲ ਮਨਜੀਤ ਦਾ ਪਤਾ ਨਾ ਹੋਣ ਕਾਰਨ ਉਸ ਨੇ ਆਪਣੇ ਢਪਾਲੀ ਰਹਿੰਦੇ ਭਰਾ ਗੁਰਮੇਲ ਸਿੰਘ ਨੂੰ ਮਨਜੀਤ ਕੌਰ ਦਾ ਪਤਾ ਲੱਭਣ ਲਈ ਕਿਹਾ।
ਭੁੱਲਰ ਨੇ ਮਨਜੀਤ ਕੌਰ ਦੇ ਨਾਲ ਇਹ ਸਾਰੀ ਕਹਾਣੀ ਦੱਸੀ। ਉਸ ਨੇ ਦੱਸਿਆ ਕਿ ਉਸ ਨੇ ਸੋਚਿਆ ਕਿ ਮਨਜੀਤ ਦੀ ਥੋੜੇ ਸਮੇਂ ਲਈ ਮਦਦ ਕਰਨ ਨਾਲੋਂ ਕਿਉਂ ਨਾ ਉਸ ਨਾਲ ਵਿਆਹ ਕਰਕੇ ਸਾਰੀ ਉਮਰ ਮਦਦ ਕੀਤੀ ਜਾਵੇ। ਉਸ ਨੇ ਦੱਸਿਆ ਕਿ ਉਹ 7 ਜਨਵਰੀ ਨੂੰ ਕੈਨੇਡਾ ਤੋਂ ਇਥੇ ਆਇਆ ਤੇ ਉਸ ਨੇ ਵਿਆਹ ਦੀ ਪੇਸ਼ਕਸ਼ ਕੀਤੀ ਤੇ ਮਨਜੀਤ ਨੇ ਇਸ ਨੂੰ ਮਨਜੂਰ ਕਰ ਲਿਆ।

- Advertisement -

ਮਹਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮਨਜੀਤ ਨਾਲ ਵਿਆਹ ਬਾਰੇ ਉਸ ਨੇ ਆਪਣੇ ਪਰਿਵਾਰ ਨੂੰ ਦਸੰਬਰ 2019 ਦੇ ਅਖੀਰ ਵਿਚ ਹੀ ਦੱਸਿਆ ਸੀ। ਉਸ ਦਾ ਕਹਿਣਾ ਹੈ ਕਿ ਉਸ ਦੇ ਇਸ ਫੈਸਲੇ ਦੀ ਸਭ ਨੇ ਸ਼ਲਾਘਾ ਕੀਤੀ ਹੈ।ਮਹਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਉਹ 3 ਮਾਰਚ ਨੂੰ ਕੇਨੈਡਾ ਵਾਪਸ ਜਾਵੇਗਾ ਤੇ ਉਥੇ ਸਾਰੇ ਦਸਤਾਵੇਜ ਬਣਵਾ ਕੇ ਮਨਜੀਤ ਨੂੰ ਕੇਨੈਡਾ ਲੈ ਜਾਵੇਗਾ।

Share this Article
Leave a comment