ਕਿਹੜੇ ਚਾਵਾਂ ਨਾਲ ਸ਼ਗਨ ਮਨਾਵਾਂ, ਨੀ ਆਜ਼ਾਦੀਏ!

TeamGlobalPunjab
7 Min Read

-ਸੁਬੇਗ ਸਿੰਘ;

ਸਿਆਣੇ ਕਹਿੰਦੇ ਕਿ ਦਿਲੋਂ ਖੁਸ਼ੀ ਤੋਂ ਬਿਨਾਂ ਮਨੁੱਖ ਤੋਂ ਹੱਸਿਆ ਨਹੀਂ ਜਾਂਦਾ ਅਤੇ ਨਾ ਹੀ ਮੱਲ੍ਹੋਮੱਲੀ ਹਾਸਾ ਆਉਂਦਾ ਹੀ ਹੈ। ਦੂਸਰੇ ਪਾਸੇ ਅਗਰ ਦਿਲ ‘ਚ ਕੋਈ ਦਰਦ ਛੁਪਿਆ ਹੋਵੇ ਤਾਂ ਮੱਲੋਮੱਲੀ ਜਾਂ ਜੋਰ ਜਬਰਦਸਤੀ ਹਾਸਾ ਵੀ ਤਾਂ ਨਹੀਂ ਆਉਂਦਾ। ਇਹ ਵੱਖਰੀ ਗੱਲ ਹੈ ਕਿ ਕਈ ਵਾਰ ਮੌਕਾ ਮੇਲ ਹੀ ਅਜਿਹਾ ਬਣ ਜਾਂਦਾ ਕਿ ਮਨੁੱਖ ਨੂੰ ਬਿਨਾਂ ਕਿਸੇ ਖੁਸ਼ੀ ਤੋਂ ਵੀ ਮਜਬੂਰਨ ਹੱਸਣਾ ਪੈਂਦਾ ਹੈ ਅਤੇ ਗਮ ਨਾ ਹੋਣ ਦੀ ਸੂਰਤ ਵਿੱਚ ਵੀ ਰੋਣਾ ਪੈ ਜਾਂਦਾ ਹੈ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਸਮਾਜ ‘ਚ ਰਹਿੰਦੇ ਹੋਏ, ਮਨੁੱਖ ਨੂੰ ਦਿਲ ਦੀਆਂ ਕਈ ਗੱਲਾਂ ਨੂੰ ਵਿਸਾਰ ਕੇ ਵੀ ਮਨ ਦੇ ਉਲਟ ਕੰਮ ਕਰਨੇ ਪੈਂਦੇ ਹਨ। ਦੂਸਰਾ ਇਹ ਸਮਾਜਿਕ ਵਰਤਾਰਾ ਵੀ ਤਾਂ ਹੈ। ਸਭ ਤੋਂ ਵੱਡੀ ਤੇ ਖਾਸ ਗੱਲ ਤਾਂ ਇਹ ਵੀ ਹੈ ਕਿ ਸਾਡੇ ਦੇਸ਼ ਵਿੱਚ, ਇਹੋ ਜਿਹਾ ਵਰਤਾਰਾ ਇੱਕ ਭੇਡ ਚਾਲ ਵੀ ਤਾਂ ਬਣ ਚੁੱਕਿਆ ਹੈ।

ਜਿਸ ਤਰ੍ਹਾਂ ਕਿਸੇ ਆਪਣੇ ਦੀ ਖੁਸ਼ੀ ਜਾਂ ਵਿਆਹ ਸ਼ਾਦੀ ਦੇ ਮੌਕੇ ਮੱਲ੍ਹੋ ਮੱਲੀ ਪੈਰ ਥਿੜਕਣ ਲੱਗ ਪੈਂਦੇ ਹਨ ਅਤੇ ਬੰਦਾ ਚਾਂਗਰਾਂ ਮਾਰਨ ਲੱਗ ਪੈਂਦਾ ਹੈ। ਇਸੇ ਤਰ੍ਹਾਂ, ਆਪਣੇ ਕਿਸੇ ਨੇੜਲੇ ਦੀ ਮੌਤ ਜਾਂ ਦੁੱਖ ਤਕਲੀਫ ਦੇ ਵਕਤ ਵੀ, ਬੰਦੇ ਦਾ ਮੱਲੋਮੱਲੀ ਰੋਣਾ ਆ ਜਾਂਦਾ ਹੈ। ਇਹ ਤਾਂ ਦਿਲ ਦੀ ਆਵਾਜ਼ ਹੁੰਦੀ ਹੈ। ਪਰ ਕਹਿੰਦੇ ਕਿ ਕਈ ਵਾਰ ਸਮਾਜਿਕ ਰੀਤੀ ਰਿਵਾਜਾਂ ਦੇ ਅਨੁਸਾਰ ਨਾ ਚਾਹੁੰਦੇ ਹੋਏ ਵੀ ਹੱਸਣਾ ਅਤੇ ਰੋਣਾ ਪੈ ਜਾਂਦਾ ਹੈ। ਇਸੇ ਨੂੰ ਤਾਂ ਦੁਨੀਆਦਾਰੀ ਕਿਹਾ ਜਾਂਦਾ ਹੈ।

ਅਜਿਹੀ ਹੀ ਘਟਨਾ, ਇਸ ਵਾਰ ਦੀ ਆਜਾਦੀ ਦੇ ਜਸ਼ਨਾਂ ਨੂੰ ਲੈ ਕੇ ਮਨਾਉਣ ਦੀ ਹੈ। ਭਾਵੇਂ ਕਿਸੇ ਵੀ ਗੁਲਾਮ ਦੇਸ਼ ਦਾ ਕਿਸੇ ਦੂਸਰੇ ਦੇਸ਼ ਦੀ ਗੁਲਾਮੀ ਤੋਂ ਛੁਟਕਾਰਾ ਪਾਉਣਾ ਕੋਈ ਮਾਮੂਲੀ ਜਾਂ ਛੋਟੀ ਮੋਟੀ ਗੱਲ ਨਹੀਂ ਹੁੰਦੀ। ਇਹ ਆਜਾਦੀ ਐਵੇਂ ਹੱਥਾਂ ‘ਤੇ ਹੱਥ ਧਰ ਕੇ ਬੈਠੇ ਰਹਿਣ ਨਾਲ ਨਹੀਂ ਮਿਲੀ ਹੁੰਦੀ। ਇਸ ਆਜਾਦੀ ਨੂੰ ਪ੍ਰਾਪਤ ਕਰਨ ਲਈ ਤਾਂ ਲੰਮੇ ਸ਼ੰਘਰਸ਼ ਤੇ ਕੁਰਬਾਨੀਆਂ ਦੀ ਲੋੜ ਪੈਂਦੀ ਹੈ।

- Advertisement -

ਇਸੇ ਤਰ੍ਹਾਂ ਹੀ ਸਾਡੇ ਆਜਾਦ ਭਾਰਤ ਦੇ ਇਤਿਹਾਸ ਵਿੱਚ ਵੀ ਵਾਪਰਿਆ ਹੈ। ਕਦੇ 1857 ਦੀ ਦੇਸ਼ ਦੀ ਆਜਾਦੀ ਦੀ ਪਹਿਲੀ ਲੜਾਈ ਹੋਈ। ਦੇਸ਼ ਦੇ ਬਹੁਤ ਸਾਰੇ ਦੇਸ਼ ਵਾਸ਼ੀਆਂ ਨੇ ਬੱਚੇ ਤੋਂ ਲੈ ਕੇ ਬੁੱਢੇ ਅਤੇ ਔਰਤਾਂ ਸਮੇਤ ਦੇਸ਼ ਨੂੰ ਆਜਾਦ ਕਰਵਾਉਣ ਲਈ ਬੇਸੁਮਾਰ ਤਸੀਹੇ ਝੱਲੇ ਤੇ ਫਾਂਸ਼ੀਆਂ ਦੇ ਰੱਸਿਆਂ ਨੂੰ ਚੁੰਮਿਆ। ਕਾਲੇ ਪਾਣੀਆਂ ਦੀ ਸ਼ਜਾ ਕੱਟੀ ਅਤੇ ਅੰਗਰੇਜ਼ਾਂ ਦੇ ਅਕਹਿ ਤੇ ਅਸਹਿ ਤਸੀਹੇ ਝੱਲੇ। 1919 ਦੇ ਜਲ੍ਹਿਆਂ ਵਾਲੇ ਬਾਗ ਦਾ ਸਾਕਾ ਹੋਇਆ ਤੇ ਹਜਾਰਾਂ ਦੀ ਗਿਣਤੀ ‘ਚ ਬੇਗੁਨਾਹ ਤੇ ਨਿਹੱਥੇ ਲੋਕਾਂ ਨੂੰ ਅੰਗਰੇਜ਼ ਹਕੂਮਤ ਨੇ ਗੋਲੀਆਂ ਨਾਲ ਭੁੰਨ ਦਿੱਤਾ। ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਮੌਕੇ ਆਏ, ਜਦੋਂ ਭਾਰਤੀਆਂ ਨੂੰ ਅੰਗਰੇਜ਼ ਹਕੂਮਤ ਦੇ ਤਸੱਦਦ ਦਾ ਸ਼ਿਕਾਰ ਹੋਣਾ ਪਿਆ ਅਤੇ ਦੁੱਖ ਤਕਲੀਫਾਂ ਝੱਲਣੀਆਂ ਪਈਆਂ।

ਪਰ ਸਭ ਤੋਂ ਦੁੱਖਦ ਤੇ ਮਾੜੀ ਘਟਨਾ ਤਾਂ ਸੰਨ 1947 ਵਿੱਚ ਹੋਈ। ਜਦੋਂ ਘੁੱਗ ਵੱਸਦੇ ਦੇਸ਼ ਨੂੰ ਚੌਧਰ ਦੇ ਭੁੱਖੇ ਭਾਰਤੀ ਲੀਡਰਾਂ ਨੇ ਦੋ ਹਿੱਸਿਆਂ ਭਾਰਤ ਤੇ ਪਾਕਿਸਤਾਨ ਵਿੱਚ ਵੰਡ ਦਿੱਤਾ।ਦੇਸ਼ ਦੇ ਮੁਸਲਮਾਨਾਂ ਨੂੰ ਪਾਕਿਸਤਾਨ ਅਤੇ ਬਾਕੀ ਸਾਰੇ ਧਰਮ ਦੇ ਲੋਕਾਂ ਨੂੰ ਭਾਰਤ ਦੇਸ਼ ਚ ਰਹਿਣ ਲਈ ਮਜਬੂਰ ਹੋਣਾ ਪਿਆ। ਪਰ ਇਸ ਵਕਤ ਦੀ ਸਭ ਤੋਂ ਅਫਸੋਸਨਾਕ ਤੇ ਵੱਡੀ ਤ੍ਰਾਸਦੀ ਇਹ ਸੀ ਕਿ ਭਾਰਤ ਦੇ ਕਰੋੜਾਂ ਹੀ ਲੋਕਾਂ ਨੂੰ ਉਜਾੜੇ ਦਾ ਸੰਤਾਪ ਭੋਗਣਾ ਪਿਆ ਅਤੇ ਲੱਖਾਂ ਹੀ ਹਿੰਦੂ, ਸਿੱਖਾਂ ਤੇ ਮੁਸਲਮਾਨਾਂ ਨੂੰ ਇਸ ਉਜਾੜੇ ਦੇ ਵਕਤ ਆਪਣੀ ਜਾਨ ਤੋਂ ਹੱਥ ਵੀ ਧੋਣੇ ਪਏ ਅਤੇ ਔਰਤਾਂ ਦੀ ਬੇਪੱਤੀ ਵੀ ਹੋਈ। ਇਹ ਆਜਾਦੀ, ਦੇਸ਼ ਦੇ ਲੋਕਾਂ ਨੂੰ ਐਵੇਂ ਹੀ ਸਸਤੇ ਚ ਨਹੀਂ ਮਿਲੀ।ਸਗੋਂ ਇਹਦੇ ਲਈ ਲੋਕਾਂ ਨੂੰ ਕਿੰਨੀਆਂ ਹੀ ਕੁਰਬਾਨੀਆਂ ਦੇ ਕੇ,ਬੜਾ ਵੱਡਾ ਮੁੱਲ ਤਾਰਨਾ ਪਿਆ ਹੈ।

ਭਾਵੇਂ ਇਸ ਆਜਾਦੀ ਲਈ ਲੋਕਾਂ ਨੂੰ ਬੜੀ ਭਾਰੀ ਕੀਮਤ ਅਦਾ ਕਰਨੀ ਪਈ ਹੈ।ਪਰ ਫੇਰ ਵੀ ਆਜਾਦੀ ਤਾਂ ਆਜਾਦੀ ਹੀ ਹੁੰਦੀ ਹੈ। ਸਿਆਣੇ ਕਹਿੰਦੇ ਕਿ ਗੁਲਾਮੀ ਦੇ ਸੌ ਸਾਲਾਂ ਨਾਲੋਂ ਇੱਕ ਦਿਨ ਦੀ ਜਿੰਦਗੀ ਕਿਤੇ ਜਿਆਦਾ ਬਿਹਤਰ ਹੁੰਦੀ ਹੈ। ਇਸ ਲਈ ਇਸ ਆਜਾਦੀ ਨੂੰ ਕਿਸੇ ਵੀ ਕੀਮਤ ‘ਤੇ ਖਰੀਦ ਲੈਣਾ ਚਾਹੀਦਾ ਹੈ। ਇਹੋ ਕਾਰਨ ਹੈ ਦੇਸ਼ ਦੇ ਲੋਕ ਹਰ ਸਾਲ 15 ਅਗਸਤ ਨੂੰ ਕੁਰਬਾਨੀਆਂ ਦੇ ਕੇ ਲਈ ਗਈ ਆਜਾਦੀ ਨੂੰ ਬੜੇ ਚਾਵਾਂ ਤੇ ਸ਼ਗਨਾਂ ਨਾਲ ਮਨਾਉਂਦੇ ਹਨ ਅਤੇ ਇਹ ਸ਼ਗਨ ਹਰ ਇੱਕ ਨੂੰ ਮਨਾਉਣੇ ਵੀ ਚਾਹੀਦੇ ਹਨ। ਅਸੀਂ ਵੀ ਆਜਾਦ ਦੇਸ਼ ਦੇ ਹੀ ਵਾਸੀ ਹਾਂ।

ਪਰ ਅਫਸੋਸ ਤਾਂ ਇਸ ਗੱਲ ਦਾ ਹੈ ਕਿ ਜਿਸ ਤਰ੍ਹਾਂ ਗਮਾਂ ਤੋਂ ਬਿਨਾਂ ਰੋਣਾ ਨਹੀਂ ਆਉਂਦਾ ਤੇ ਖੁਸ਼ੀ ਤੋਂ ਬਿਨਾਂ ਹੱਸਿਆ ਨਹੀਂ ਜਾਂਦਾ। ਇਸੇ ਤਰ੍ਹਾਂ ਹੀ ਕੁਰਬਾਨੀਆਂ ਨਾਲ ਲਈ ਇਸ ਆਜਾਦੀ ਦਾ ਚਾਅ ਦਿਨੋਂ ਦਿਨ ਫਿੱਕਾ ਹੁੰਦਾ ਜਾ ਰਿਹਾ ਹੈ। ਇਤਿਹਾਸ ਦੇ ਅਨੁਸਾਰ 1600 ਈਸਵੀ ਦੇ ਵਿੱਚ ਭਾਰਤ ਵਿੱਚ ਈਸਟ ਇੰਡੀਆ ਨਾਂ ਦੀ ਕੰਪਨੀ ਆਈ ਸੀ। ਜਿਸਨੇ ਦੇਸ਼ ਨੂੰ ਵਪਾਰ ਦੇ ਜਰੀਏ ਗੁਲਾਮ ਬਣਾ ਲਿਆ ਸੀ। ਪਰ ਹੁਣ ਤਾਂ ਅਨੇਕਾਂ ਹੀ ਕੰਪਨੀਆਂ ਨੇ ਦੇਸ਼ ਦੇ ਕਾਰੋਬਾਰ ‘ਤੇ ਕਬਜਾ ਕਰ ਲਿਆ ਹੈ। ਸਮੇਂ ਦੀਆਂ ਸਰਕਾਰਾਂ ਧੜਾਧੜ ਸਰਕਾਰੀ ਜ਼ਮੀਨ ਜਾਇਦਾਦਾਂ ਤੇ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ‘ਚ ਦਿੱਤੀਆਂ ਜਾ ਰਹੀਆਂ ਹਨ। ਦੇਸ਼ ਦੀਆਂ ਸਰਕਾਰਾਂ ਨਿੱਤ ਨਵੇਂ, ਲੋਕ ਵਿਰੋਧੀ ਕਾਨੂੰਨ ਪਾਸ ਕਰ ਰਹੀਆਂ ਹਨ। ਇਹਦੇ ‘ਚ ਸੂਬਾ ਸਰਕਾਰਾਂ ਜਾਂ ਕੇਂਦਰੀ ਸਰਕਾਰ ਬਰਾਬਰ ਦੀਆਂ ਭਾਈਵਾਲ ਹਨ। ਮਹਿੰਗਾਈ, ਬੇਰੁਜ਼ਗਾਰੀ, ਧਾਰਮਿਕ ਕੱਟੜਤਾ, ਜਾਤ-ਪਾਤ, ਫਿਰਕਾਪ੍ਰਸਤੀ, ਭਾਈ ਭਤੀਜਾਵਾਦ ਦਾ ਨਾਗ ਫਨ ਖਿਲਾਰੀ ਸਿਖਰਾਂ ‘ਤੇ ਹੈ।

- Advertisement -

ਇਸ ਤੋਂ ਇਲਾਵਾ ਖੇਤੀ ਤੇ ਬਿਜਲੀ ਸੰਬੰਧੀ ਕਾਨੂੰਨਾਂ ਨੇ ਕਿਸਾਨਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ। ਕਿਰਤ ਕਾਨੂੰਨ ਦੀਆਂ ਨਵੇਂ ਸਿਰੇ ਤੋਂ ਸੋਧਾਂ ਕਰਕੇ ਮੁਲਾਜ਼ਮ ਵਰਗ ਦਾ ਰੋਣਾ ਕਢਾ ਦਿੱਤਾ ਹੈ। ਮਜਦੂਰ, ਛੋਟਾ ਦਕਾਨਦਾਰ, ਛੋਟਾ ਕਾਰਖਾਨੇਦਾਰ ਤੇ ਛੋਟਾ ਵਪਾਰੀ ਭੁੱਖਮਰੀ ਦੇ ਕਗਾਰ ‘ਤੇ ਖੜ੍ਹਾ ਹੈ। ਪਰ ਦੇਸ਼ ਦਾ ਹਾਕਮ ਸਭ ਕੁੱਝ ਦੇਖਦਾ ਹੋਇਆ ਵੀ ਚੁੱਪ ਹੈ। ਪਿਛਲੇ ਡੇਢ ਸਾਲ ਤੋਂ ਕੋਵਿਡ-19 ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਕਿਸੇ ਨੂੰ ਕੁੱਝ ਨਹੀਂ ਸੁੱਝ ਰਿਹਾ ਕਿ ਕੀ ਕੀਤਾ ਜਾਵੇ। ਸਭ ਹੈਰਾਨ ਤੇ ਪ੍ਰੇਸ਼ਾਨ ਹਨ।

ਅਜਿਹੇ ਮਹੌਲ ‘ਚ ਲੋਕਾਂ ਦੇ ਆਜਾਦੀ ਦਿਹਾੜਾ ਮਨਾਉਣ ਦੇ ਚਾਅ ਮੱਠੇ ਪਏ ਹੋਏ ਹਨ। ਦੇਸ਼ ਵਾਸ਼ੀਆਂ ਨੂੰ ਚਾਰੋਂ ਤਰਫ ਹਨੇਰਾ ਹੀ ਹਨੇਰਾ ਵਿਖਾਈ ਦੇ ਰਿਹਾ ਹੈ। ਅਜਿਹੇ ਮਹੌਲ ਅਤੇ ਆਪਣੇ ਲੀਡਰਾਂ ਤੇ ਸਰਕਾਰਾਂ ਦੀ ਬੇਰੁਖੀ ਨੂੰ ਵੇਖ ਕੇ ਤਾਂ ਦੇਸ਼ ਦੇ ਲੋਕ ਇਹ ਸੋਚਣ ਲਈ ਮਜਬੂਰ ਹੋਏ ਪਏ ਹਨ,ਕਿ ਕੀ ਇਹੋ ਜਿਹੀ ਆਜਾਦੀ ਲਈ ਅਤੇ ਅਜਿਹੇ ਭੈੜੇ ਦਿਨ ਦੇਖਣ ਲਈ ਹੀ ਦੇਸ਼ ਵਾਸ਼ੀਆਂ ਨੇ ਐਨੀਆਂ ਕੁਰਬਾਨੀਆਂ ਕੀਤੀਆਂ ਸਨ। ਇਸ ਲਈ ਆਜਾਦੀ ਮਨਾਉਣ ਦਾ ਲੋਕਾਂ ਦਾ ਚਾਅ ਮੱਠਾ ਹੀ ਨਹੀਂ ਪਿਆ, ਸਗੋਂ ਲੋਕ ਇਹ ਗੱਲ ਸੋਚਣ ਲਈ ਮਜਬੂਰ ਵੀ ਹੋ ਗਏ ਹਨ। ਕਾਸ਼! ਅਜਿਹੀ ਆਜਾਦੀ ਲਈ ਦੇਸ਼ ਵਾਸ਼ੀ ਐਨਾ ਕੀਮਤੀ ਮੁੱਲ ਨਾ ਹੀ ਤਾਰਦੇ ਤਾਂ ਹੀ ਚੰਗਾ ਹੋਣਾ ਸੀ। ਕੁਰਬਾਨੀਆਂ ਦੇ ਪ੍ਰਾਪਤ ਕੀਤੀ ਹੋਈ ਆਜ਼ਾਦੀ ਦਾ ਆਨੰਦ ਤਾਂ ਹੋਰ ਲੋਕ ਹੀ ਮਾਣ ਰਹੇ ਹਨ। ਆਮ ਲੋਕ ਤਾਂ ਉਨ੍ਹਾਂ ਹੀ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜੇ ਹੋਏ ਹਨ।

ਸੰਪਰਕ: 93169 10402

Share this Article
Leave a comment