ਮਾਨ ਦਾ ਵੱਡਾ ਰਾਜਸੀ ਧਮਾਕਾ !

Rajneet Kaur
3 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ,

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਹੁਸ਼ਿਆਰਪੁਰ ਚੋਣ ਰੈਲੀ ਵਿਚ ਵੱਡਾ ਰਾਜਸੀ ਧਮਾਕਾ ਕੀਤਾ ਗਿਆ। ਉਸ ਵੇਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸਟੇਜ ਉੱਪਰ ਹਾਜ਼ਿਰ ਸਨ। ਮਾਨ ਨੇ ਐਲਾਨ ਕੀਤਾ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ ਦੀ ਇਕ ਸੀਟ ਸਮੇਤ ਸਾਰੀਆਂ ਸੀਟਾਂ ਲਈ ਆਮ ਆਦਮੀ ਪਾਰਟੀ ਦੀ ਜਿੱਤ ਹੋਵੇਗੀ। ਇਸ ਨਾਲ ਜਿਥੇ ਪਾਰਟੀ ਵਲੋਂ ਜਿੱਤ ਦਾ ਦਾਅਵਾ ਕੀਤਾ ਗਿਆ ਹੈ ਉਥੇ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਕਾਂਗਰਸ ਨਾਲ ਲੋਕ ਸਭਾ ਚੋਣ ਵਿਚ ਆਪ ਦਾ ਕੋਈ ਸਮਝੌਤਾ ਨਹੀ ਹੋਵੇਗਾ । ਇਸ ਤਰਾਂ ਹੁਸ਼ਿਆਰਪੁਰ ਦੀ ਰੈਲੀ ਰਾਜਸੀ ਤੌਰ ਤੇ ਬਹੁਤ ਅਹਿਮ ਸਾਬਤ ਹੋਈ ਹੈ! ਬੇਸ਼ੱਕ ਕੌਮੀ ਪੱਧਰ ਉੱਪਰ ਇੰਡੀਆ ਗਠਜੋੜ ਵਿਚ ਕਾਂਗਰਸ ਅਤੇ ਆਪ ਦੋਵੇਂ ਸ਼ਾਮਿਲ ਹਨ ਪਰ ਪੰਜਾਬ ਵਿਚ ਆਹਮੋ-ਸਾਹਮਣੇ ਆ ਗਏ ਹਨ। ਕੀ ਇਸ ਦਾ ਅਸਰ ਕੌਮੀ ਰਾਜਨੀਤੀ ਉੱਤੇ ਵੀ ਪਏਗਾ? ਇਸ ਦਾ ਜਵਾਬ ਆਉਣ ਵਾਲੇ ਦਿਨਾਂ ਵਿਚ ਮਿਲੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਰੈਲੀ ਵਿਚ ਸਭ ਤੋਂ ਵੱਡਾ ਹਮਲਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਪਰ ਬੋਲਿਆ। ਮਾਨ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਪੱਪੂ ਤੱਕ ਆਖ ਦਿੱਤਾ। ਮੁੱਖ ਮੰਤਰੀ ਵਲੋਂ ਸੁਖਬੀਰ ਸਿੰਘ ਬਾਦਲ ਦੇ ਕਾਨੂੰਨੀ ਨੋਟਿਸ ਦਾ ਵੀ ਤਕੜਾ ਜਵਾਬ ਦੇ ਦਿੱਤਾ। ਅਕਾਲੀ ਨੇਤਾ ਨੇ ਨੋਟਿਸ ਦੇ ਕੇ ਕਿਹਾ ਹੈ ਕਿ ਬਾਦਲ ਪਰਿਵਾਰ ਉੱਪਰ ਲਾਏ ਦੋਸ਼ਾਂ ਕਾਰਨ ਪੰਜ ਦਿਨ ਅੰਦਰ ਮੁੱਖ ਮੰਤਰੀ ਮਾਫੀ ਮੰਗਣ ਜਾਂ ਅਦਾਲਤ ਵਿਚ ਮਾਨਹਾਨੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਮਾਨ ਨੇ ਪਾਣੀਆਂ ਦੀ ਵੰਡ ਦੇ ਮੁੱਦੇ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਉੱਪਰ ਨਿੱਜੀ ਹਿੱਤ ਪਾਲਣ ਦੇ ਦੋਸ਼ ਲਾਏ ਸਨ। ਇਹ ਦੋਸ਼ ਲੁਧਿਆਣਾ ਰੈਲੀ ਵਿਚ ਮੁੱਖ ਮੰਤਰੀ ਨੇ ਲਾਏ ਸਨ।ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਆਪ ਨੂੰ ਮਲੰਗ ਆਖ ਰਿਹਾ ਹੈ ਪਰ ਬਾਦਲਾਂ ਨੇ ਪੰਜਾਬ ਨਾਲ ਧੋਖਾ ਕੀਤਾ ਹੈ। ਮਾਨ ਨੇ ਮਾਫੀ ਮੰਗਣ ਤੋਂ ਇਨਕਾਰ ਕਰ ਦਿਤਾ ਅਤੇ ਅਦਾਲਤ ਦਾ ਸਾਹਮਣਾ ਕਰਨਾ ਮੰਨ ਲਿਆ।

ਕੇਜਰੀਵਾਲ ਨੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਲਈ 850 ਕਰੋੜ ਰੁਪਏ ਦਾ ਪੈਕੇਜ ਦੇਣ ਦਾ ਐਲਾਨ ਕਰ ਦਿੱਤਾ। ਇਹ ਰਕਮ ਵੱਖ ਵੱਖ ਖੇਤਰਾਂ ਦੇ ਵਿਕਾਸ ਅਤੇ ਕੰਮਾਂ ਲਈ ਦਿੱਤੀ ਗਈ ਹੈ! ਅਸਲ ਵਿਚ ਹੁਸ਼ਿਆਰਪੁਰ ਚੋਣ ਰੈਲ਼ੀ ਨੇ ਲੋਕ ਸਭਾ ਚੋਣ ਲਈ ਬਿਗੁਲ ਵਜਾ ਦਿੱਤਾ ਹੈ।

- Advertisement -

Share this Article
Leave a comment