ਨਵਾਂ ਅਕਾਲੀ ਦਲ; ਕਾਂਗਰਸ ਕਾ ਹਾਥ ਕਿਸ ਕੇ ਸਾਥ?

TeamGlobalPunjab
5 Min Read

-ਜਗਤਾਰ ਸਿੰਘ ਸਿੱਧੂ

ਸੀਨੀਅਰ ਅਕਾਲੀ ਨੇਤਾ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਲੁਧਿਆਣਾ ਵਿੱਚ ਨਵਾਂ ਅਕਾਲੀ ਦਲ ਖੜਾ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਪੰਥਕ ਅਤੇ ਰਾਜਸੀ ਖੇਤਰ ਵਿੱਚ ਇਕ ਹੋਰ ਵੱਡੀ ਚੁਣੌਤੀ ਸੁੱਟ ਦਿੱਤੀ ਹੈ। ਅਕਾਲੀ ਨੇਤਾ ਢੀਂਡਸਾ ਨੇ ਪਿਛਲੇ ਸਮਿਆਂ ਦੇ ਮੁਕਾਬਲੇ ਜਿਹੜਾ ਨਵਾਂ ਪੈਂਤੜਾ ਖੇਡਿਆ ਹੈ ਉਸ ਮੁਤਾਬਿਕ ਅਸਲ ਅਕਾਲੀ ਦਲ ਦੀ ਲੀਡਰਸ਼ਿਪ ਲਈ ਦਾਅਵੇਦਾਰੀ ਹੈ। ਬਜ਼ੁਰਗ ਸਿਆਸਤਦਾਨ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਸਰਗਰਮ ਸਿਆਸਤ ਤੋਂ ਪਾਸੇ ਹੋ ਜਾਣ ਬਾਅਦ ਇਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਸੁਖਬੀਰ ਬਾਦਲ ਦੀ ਲੀਡਰਸ਼ਿਪ ਲਈ ਵੀ ਇਮਤਿਹਾਨ ਦੀ ਘੜੀ ਹੈ। ਬੇਸ਼ੱਕ ਢੀਂਡਸਾ ਨੇ ਕਾਫੀ ਸਮਾਂ ਪਹਿਲਾਂ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤੀ ਸੀ ਪਰ ਹੁਣ ਉਨ੍ਹਾਂ ਨੇ ਨਵੇਂ ਅਕਾਲੀ ਦਲ ਦੀ ਅਗਵਾਈ ਸੰਭਾਲ ਲਈ ਹੈ ਅਤੇ ਆਕਲੀ ਦਲ ਟਕਸਾਲੀ ਦੇ ਕਈ ਆਗੂਆਂ ਸਮੇਤ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਈ ਧੜੇ ਵੀ ਉਨ੍ਹਾਂ ਦੀ ਅਗਵਾਈ ਹੇਠ ਇਕੱਠੇ ਹੋ ਗਏ ਹਨ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਅਕਾਲੀ ਦਲ ਦੀ ਪ੍ਰੇਸ਼ਾਨੀ ਦਾ ਪਤਾ ਇਥੋਂ ਲਗਦਾ ਹੈ ਕਿ ਨਵਾਂ ਅਕਾਲੀ ਦਲ ਕਾਇਮ ਹੁੰਦੇ ਹੀ ਪਾਰਟੀ ਦੇ ਸੀਨੀਅਰ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਆਖ ਦਿੱਤਾ ਹੈ ਕਿ ਢੀਂਡਸਾ ਵਲੋਂ ਅਕਾਲੀ ਦਲ ਦਾ ਨਾਂ ਇਸਤੇਮਾਲ ਕਰਨਾ ਗੈਰਕਾਨੂੰਨੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਢੀਂਡਸਾ ਨੇ ਕਾਂਗਰਸ ਦੀ ਸ਼ਹਿ ‘ਤੇ ਅਕਾਲੀ ਦਲ ਕਾਇਮ ਕੀਤਾ ਹੈ।

ਅਕਾਲੀ ਰਾਜਨੀਤੀ ਦਾ ਇਕ ਤਰ੍ਹਾਂ ਨਾਲ ਇਹ ਦਹਾਕਿਆਂ ਤੋਂ ਤੁਰਿਆ ਆ ਰਿਹਾ ਮੁਹਾਵਰਾ ਹੀ ਹੈ ਕਿ ਜਿਹੜਾ ਅਕਾਲੀ ਨੇਤਾ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਤੋਂ ਪਾਸੇ ਹੁੰਦਾ ਹੈ, ਉਸ ਨੇਤਾ ਉੱਤੇ ਕਾਂਗਰਸ ਦਾ ਹਮਾਇਤੀ ਹੋਣ ਦਾ ਠੱਪਾ ਲਾ ਦਿੱਤਾ ਜਾਂਦਾ ਸੀ। ਕਿਸੇ ਵੇਲੇ ਇਹ ਦੋਸ਼ ਸੁਰਜੀਤ ਸਿੰਘ ਬਰਨਾਲਾ ਉੱਤੇ ਲੱਗਾ। ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਬਾਦਲ ਦੀ ਅਗਵਾਈ ਵਾਲੇ ਦਲ ਤੋਂ ਪਾਸੇ ਹੋਏ ਤਾਂ ਇਹ ਦੋਸ਼ ਜਥੇਦਾਰ ਟੌਹੜਾ ਅਤੇ ੳਨ੍ਹਾਂ ਦੇ ਨਜ਼ਦੀਕੀ ਪ੍ਰੇਮ ਸਿੰਘ ਚੰਦੂਮਾਜਰਾ ‘ਤੇ ਵੀ ਲੱਗਾ। ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ਚ ਹਾਰਨ ਤੋਂ ਬਾਅਦ ਪਾਰਟੀ ਦੀਆਂ ਘਾਟਾਂ ਬਾਰੇ ਪੜਚੋਲ ਕਰਨ ਦੀ ਥਾਂ ਸੀਨੀਅਰ ਆਗੂਆਂ ਨਾਲ ਟਕਰਾ ਦਾ ਰਾਹ ਚੁਣਿਆ। ਇਸ ਦੇ ਸਿੱਟੇ ਵਜੋਂ ਪਹਿਲਾਂ ਕਈ ਅਕਾਲੀ ਟਕਸਾਲੀ ਨੇਤਾ ਪਾਰਟੀ ਤੋਂ ਬਾਹਰ ਹੋ ਗਏ ਅਤੇ ਹੁਣ ਢੀਂਡਸਾ ਦੇ ਪਲੇਟਫਾਰਮ ‘ਤੇ ਇਹ ਸਾਰੇ ਇਕੱਠੇ ਹੁੰਦੇ ਨਜ਼ਰ ਆ ਰਹੇ ਹਨ। ਅਕਾਲੀ ਦਲ ਅੰਦਰ ਅਜਿਹੀਆਂ ਚੁਣੌਤੀਆਂ ਪਹਿਲੀ ਵਾਰ ਨਹੀਂ ਆਈਆਂ। ਸੁਰਜੀਤ ਸਿੰਘ ਬਰਨਾਲਾ ਅਕਾਲੀ ਦਲ ਦੇ ਹੀ ਪ੍ਰਧਾਨ ਸਨ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਪਾਸੇ ਕਰਕੇ ਆਪ ਅਕਾਲੀ ਦਲ ਦੀ ਪ੍ਰਧਾਨਗੀ ਸੰਭਾਲ ਲਈ ਸੀ। ਸਵਾਲ ਇਹ ਨਹੀਂ ਹੈ ਕਿ ਪਹਿਲਾਂ ਕਿੰਨੇ ਅਕਾਲੀ ਦਲ ਹਨ ਸਗੋਂ ਸਵਾਲ ਤਾਂ ਇਹ ਹੈ ਕਿ ਖੇਤਰੀ ਪਾਰਟੀ ਵਜੋਂ ਪੰਜਾਬ ਦੀ ਨੁਮਾਇੰਦਗੀ ਕਰਨ ਵਾਲਾ ਅਕਾਲੀ ਦਲ ਪਾਰਟੀ ਦੇ 100ਵੇਂ ਸਾਲ ‘ਤੇ ਜਾ ਕੇ ਆਪਣੀ ਹੋਂਦ ਬਚਾਉਣ ਦੀ ਲੜਾਈ ਕਿਉਂ ਲੜ ਰਿਹਾ ਹੈ ਅਤੇ ਇਨ੍ਹਾਂ ਪ੍ਰਸਥਿਤੀਆਂ ਲਈ ਮੌਜੂਦਾ ਲੀਡਰਸ਼ਿਪ ਕੇਵਲ ਕਾਂਗਰਸ ਦਾ ਹੱਥ ਹੋਣ ਦਾ ਦੋਸ਼ ਲਾ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਨਹੀਂ ਝਾੜ ਸਕਦੀ। ਉਂਝ ਵੀ ਰਾਜਸੀ ਧਿਰਾਂ ‘ਚ ਇਹ ਇਲਜਾਮ ਲਾਉਣ ਦਾ ਕੰਮ ਰਾਜਨੀਤੀ ਦਾ ਹੀ ਹਿੱਸਾ ਬਣ ਗਿਆ ਹੈ। ਬੇਅਦਬੀ ਦੇ ਮੁੱਦੇ ‘ਤੇ ਕਈ ਧਿਰਾਂ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ‘ਤੇ ਦੋਸਤਾਨਾ ਮੈਚ ਦੇ ਦੋਸ਼ ਲਾ ਰਹੀਆਂ ਹਨ।

ਇਹ ਜ਼ਰੂਰ ਸਹੀ ਹੈ ਕਿ ਅਕਾਲੀ ਨੇਤਾ ਢੀਂਡਸਾ ਲਈ ਵੀ ਇਹ ਪਰਖ ਦੀ ਘੜੀ ਹੈ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਵੱਲੋਂ ਅਕਸਰ ਕਿਹਾ ਜਾਂਦਾ ਹੈ ਕਿ ਪਹਿਲਾਂ ਹੀ ਬਥੇਰੇ ਅਕਾਲੀ ਦਲ ਬਣੇ ਹੋਏ ਹਨ। ਇਸ ਲਈ ਨਵੇਂ ਅਕਾਲੀ ਦਲ ਨੂੰ ਵੀ ਉਹ ਇਸੇ ਕਤਾਰ ‘ਚ ਗਿਣਦੇ ਹਨ ਪਰ ਪ੍ਰਸਥਿਤੀਆਂ ਵੀ ਬਦਲੀਆਂ ਹੋਈਆਂ ਹਨ। ਪਿਛਲੇ ਸਮਿਆਂ ‘ਚ ਜੇ ਕਿਸੇ ਅਕਾਲੀ ਨੇਤਾ ਨੇ ਬਗਾਵਤ ਕੀਤੀ ਸੀ ਤਾਂ ਉਸ ਦਾ ਟਾਕਰਾ ਪ੍ਰਕਾਸ਼ ਸਿੰਘ ਬਾਦਲ ਨਾਲ ਹੁੰਦਾ ਸੀ। ਹੁਣ ਅਗਵਾਈ ਸੁਖਬੀਰ ਸਿੰਘ ਬਾਦਲ ਦੇ ਹੱਥ ਹੈ। ਵਿਰੋਧੀਆਂ ਦਾ ਕਹਿਣਾ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਵੀ ਫੈਸਲਾ ਲੈਣ ਵਾਲੇ ਆਗੂਆਂ ‘ਚ ਹਨ। ਰਾਜਸੀ ਤੌਰ ‘ਤੇ ਪੰਜਾਬ ‘ਚ ਪਹਿਲਾਂ ਹੀ ਅਕਾਲੀ ਦਲ ਦੀ ਟੱਕਰ ਕੈਪਟਨ ਅਮਰਿੰਦਰ ਸਿੰਘ ਵਰਗੇ ਨੇਤਾ ਨਾਲ ਹੈ ਜਿਹੜਾ ਕਿ ਅਕਾਲੀ ਪੈਂਤੜਿਆਂ ਨੂੰ ਵੀ ਚੰਗੀ ਤਰ੍ਹਾਂ ਸਮਝਦਾ ਹੈ। ਵਿਰੋਧੀ ਧਿਰਾਂ ਵੱਲੋਂ ਅਕਾਲੀ ਦਲ ‘ਤੇ ਪੰਥਕ ਏਜੰਡਾ ਛੱਡਣ ਦੇ ਦੋਸ਼ ਲੱਗ ਰਹੇ ਹਨ। ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਅਸੈਂਬਲੀ ਚੋਣਾਂ ਤੋਂ ਵੀ ਪਹਿਲਾਂ ਆ ਗਈਆਂ ਤਾਂ ਅਕਾਲੀ ਦਲ ਲਈ ਇਹ ਲੜਾਈ ਬਹੁਤ ਫੈਸਲਾਕੁਨ ਸਾਬਤ ਹੋ ਸਕਦੀ ਹੈ। ਮੁਸ਼ਕਲਾਂ ਦੇ ਬਾਵਜੂਦ ਅਕਾਲੀ ਦਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਬਹੁਤ ਵੱਡਾ ਸਹਾਰਾ ਹੈ। ਅਕਸਰ ਇਹ ਕਹਾਉਤ ਹੈ ਕਿ ਜਿਸ ਦੀ ਸ਼੍ਰੋਮਣੀ ਕਮੇਟੀ ਹੈ, ਉਸੇ ਦਾ ਅਕਾਲੀ ਦਲ ਹੈ। ਇਹ ਢੀਂਡਸਾ ਅਤੇ ਉਸ ਦੇ ਸਾਥੀਆਂ ‘ਤੇ ਨਿਰਭਰ ਕਰੇਗਾ ਕਿ ਉਹ ਕਿਹੋ ਜਿਹੀ ਵਿਉਂਤਬੰਦੀ ਘੜਦੇ ਹਨ। ਮੌਜੂਦਾ ਖਲਾਅ ਵਿਚੋਂ ਨਵੀਂ ਲੀਡਰਸ਼ਿਪ ਦਾ ਉਭਾਰ ਸਭ ਤੋਂ ਵੱਡਾ ਸੁਆਲ ਹੈ?

- Advertisement -

ਸੰਪਰਕ : 98140-02186

Share this Article
Leave a comment