ਖੇਤਾਂ ਦੇ ਦੁਸ਼ਮਣ ਨੂੰ – ਕੱਖਾਂ ਵਾਂਗ ਉਡਾਈਏ ਰਲ਼ ਕੇ…

TeamGlobalPunjab
4 Min Read

-ਅਵਤਾਰ ਸਿੰਘ

2021 ਦੇ ਪਹਿਲੇ ਮਹੀਨੇ ਦਾ ਪਹਿਲਾ ਹਫਤਾ ਚੱਲ ਰਿਹਾ ਹੈ। ਮੌਸਮ ਆਪਣੇ ਰੰਗ ਵਿਖਾ ਰਿਹਾ ਹੈ। ਕਿਧਰੇ ਮੀਂਹ ਵਰ੍ਹ ਰਿਹਾ ਕਿਧਰੇ ਠੰਢੀਆਂ ਹਵਾਵਾਂ ਵਗ ਰਹੀਆਂ ਤੇ ਕਿਤੇ ਬਰਫਬਾਰੀ ਹੋ ਰਹੀ ਹੈ। ਇਸ ਮੌਸਮ ਵਿੱਚ ਜਨ-ਜੀਵਨ ਸੁੰਗੜ ਗਿਆ ਹੈ। ਲੋਕ ਠੰਢ ਤੋਂ ਬਚਣ ਲਈ ਆਪਣੇ ਘਰਾਂ ਅੰਦਰ ਰਜਾਈਆਂ ਤੇ ਹੋਰ ਗਰਮ ਕੱਪੜਿਆਂ ਵਿੱਚ ਲਿਪਟੇ ਹੋਏ ਹਨ। ਹਰ ਜਿੰਦਾ ਮਨੁੱਖ, ਪਸ਼ੂ, ਪੰਛੀ ਇਸ ਠੰਢ ਤੋਂ ਬਚਣ ਲਈ ਆਪਣਾ ਬਚਾਅ ਕਰ ਰਿਹਾ ਹੈ ਪਰ ਦੇਸ਼ ਦਾ ਅੰਨਦਾਤਾ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸੜਕਾਂ ਉਪਰ ਨੀਲੇ ਆਸਮਾਨ ਦੀ ਛੱਤ ਹੇਠ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਖਤਮ ਕਰਵਾਉਣ ਲਈ ਆਪਣੇ ਹੱਕ ਦੀ ਲੜਾਈ ਲੜ ਰਿਹਾ ਹੈ। ਉਹ ਆਪਣੀ ਭਵਿੱਖੀ ਹੋਂਦ ਦੀ ਲੜਾਈ ਲੜ ਰਿਹਾ ਹੈ।

ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੇ ਨੇਤਾਵਾਂ ਅਤੇ ਸਰਕਾਰ ਵਿਚਕਾਰ ਮੀਟਿੰਗਾਂ ਦਾ ਸਿਲਸਲਾ ਤਾਂ ਭਾਵੇਂ ਜਾਰੀ ਹੈ ਪਰ ਮਾਮਲਾ ਅਜੇ ਕਿਸੇ ਤਣ ਪੱਤਣ ਲੱਗਦਾ ਨਜ਼ਰ ਨਹੀਂ ਆ ਰਿਹਾ।

ਕਿਸਾਨ ਆਗੂਆਂ ਅਤੇ ਕੇਂਦਰੀ ਮੰਤਰੀਆਂ ਦੀ 30 ਦਸੰਬਰ ਦੀ ਮੀਟਿੰਗ ਵਿੱਚ ਸਰਕਾਰੀ ਅਤੇ ਕਿਸਾਨੀ ਪੱਖ ਵੱਲੋਂ ਜਨਤਕ ਤੌਰ ‘ਤੇ ਦਿੱਤਾ ਗਿਆ ਸੀ ਪਰ ਹਾਂ-ਪੱਖੀ ਅਸਰ ਸੱਤਵੀਂ ਮੀਟਿੰਗ ਮਗਰੋਂ ਵੇਖਣ ਨੂੰ ਨਹੀਂ ਮਿਲਿਆ।

- Advertisement -

4 ਜਨਵਰੀ ਦੀ ਮੀਟਿੰਗ ਵਿੱਚ ਸਿਰਫ ਅੰਦੋਲਨ ਦੌਰਾਨ ਸ਼ਹੀਦ ਹੋਏ ਪੰਜਾਹ ਤੋਂ ਵੱਧ ਕਿਸਾਨਾਂ ਨੂੰ ਸਾਂਝੇ ਤੌਰ ‘ਤੇ ਸ਼ਰਧਾਂਜਲੀ ਦੇਣਾ ਅਤੇ ਅਗਲੀ ਗੱਲਬਾਤ ਲਈ 8 ਜਨਵਰੀ ਦਾ ਸਮਾਂ ਨਿਸ਼ਚਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਾਲੀ ਮੀਟਿੰਗ ਵਿਚ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਇਕ ਕਰੋੜ ਰੁਪਏ ਜੁਰਮਾਨੇ ਤੇ ਪੰਜ ਸਾਲ ਤੱਕ ਦੀ ਸਜ਼ਾ ਦੇ ਆਰਡੀਨੈਂਸ ਵਿਚੋਂ ਕਿਸਾਨਾਂ ਅਤੇ ਖੇਤੀ ਖੇਤਰ ਨੂੰ ਕੱਢਣ ਅਤੇ ਤਜਵੀਜ਼ਸ਼ੁਦਾ ਬਿਜਲੀ ਬਿਲ ਨਾ ਲਿਆਉਣ ਬਾਰੇ ਸਹਿਮਤੀ ਦਾ ਪ੍ਰਚਾਰ ਕੀਤਾ ਗਿਆ ਸੀ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਤਾਂ 50 ਫ਼ੀਸਦੀ ਮਸਲਾ ਹੱਲ ਕਰ ਲੈਣ ਦਾ ਜੋਸ਼ੀਲਾ ਬਿਆਨ ਵੀ ਦੇ ਦਿੱਤਾ ਸੀ।

ਇਸੇ ਕਰਕੇ ਕਿਸਾਨ ਆਗੂਆਂ ਨੇ ਵੀ ਇਸ ਦਾ ਹਾਂ-ਪੱਖੀ ਹੁੰਗਾਰਾ ਭਰ ਕੇ ਅਗਲੀ ਮੀਟਿੰਗ ਤੋਂ ਚੰਗੇ ਨਤੀਜੇ ਆਉਣ ਦੀ ਆਸ ਪ੍ਰਗਟ ਕੀਤੀ ਸੀ। ਪਰ ਰਿਪੋਰਟਾਂ ਮੁਤਾਬਿਕ ਹੁਣ ਮੀਟਿੰਗ ਪਹਿਲੇ ਨੁਕਤੇ ਉੱਤੇ ਹੀ ਫਸੀ ਦਿਖਾਈ ਦਿੱਤੀ। ਸਰਕਾਰੀ ਧਿਰ ਤਿੰਨੇ ਕਾਨੂੰਨ ਵਾਪਸ ਲੈਣ ਦੀ ਮੰਗ ਛੱਡ ਕੇ ਘੱਟੋ-ਘੱਟ ਸਮਰਥਨ ਮੁੱਲ ਵਾਲੇ ਮੁੱਦੇ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕਰ ਕਰਦੀ ਰਹੀ ਜਦੋਂਕਿ ਕਿਸਾਨ ਆਗੂਆਂ ਨੇ ਕਾਨੂੰਨ ਵਾਪਸੀ ਤੋਂ ਬਿਨਾਂ ਬਾਕੀ ਕੋਈ ਵੀ ਗੱਲ ਕਰਨ ਤੋਂ ਨਾਂਹ ਕਰ ਦਿੱਤੀ।

ਸੱਤਵੀਂ ਮੀਟਿੰਗ ਵਿਚ ਕਿਸਾਨ ਆਗੂ ਸਾਰੀ ਗੱਲਬਾਤ ਦਾ ਰੁਖ ਕੇਂਦਰ ਵੱਲ ਮੋੜ ਕੇ ਇਹ ਕਹਿ ਕੇ ਆ ਗਏ ਕਿ ਸੰਘਰਸ਼ ਜਾਰੀ ਰਹੇਗਾ। ਇਸ ਤੋਂ ਜ਼ਾਹਿਰ ਹੁੰਦਾ ਕਿ ਸਰਕਾਰ ਨੂੰ ਅੰਦੋਲਨ ਦੌਰਾਨ ਫੌਤ ਹੋ ਰਹੇ ਕਿਸਾਨਾਂ ਦੀ ਕੋਈ ਪ੍ਰਵਾਹ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਮੌਸਮ ਵਿੱਚ ਬਿਮਾਰ ਹੋ ਰਹੀਆਂ ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਦਾ ਕੋਈ ਫਿਕਰ ਹੈ। ਇਥੇ ਕਵੀ ਤ੍ਰੈਲੋਚਨ ਲੋਚੀ ਦੀ ਇਕ ਗ਼ਜ਼ਲ ਕਾਫੀ ਢੁਕਦੀ ਹੈ :

ਸੱਜਣੋ ਦੀਪ ਜਗਾਈਏ ਰਲ਼ ਕੇ।
‘ਨ੍ਹੇਰੇ ਦੂਰ ਭਜਾਈਏ ਰਲ਼ ਕੇ।

ਜਾਬਰ ਨਾਲ ਹੈ ਮੱਥਾ ਲਾਉਣਾ,
ਗੀਤ ਸਿਦਕ ਦੇ ਗਾਈਏ ਰਲ਼ ਕੇ।

- Advertisement -

ਮਾਲਕ ਦਿੱਲੀ ਦੇ ਬਣ ਬੈਠੇ,
ਤਖ਼ਤਾਂ ਤੋਂ ਇਹ ਲਾਹੀਏ ਰਲ਼ ਕੇ।

ਹਉਮੈ ਨਾਲ ਭਰੇ ਜੋ ਫਿਰਦੇ,
ਮਿੱਟੀ ਵਿੱਚ ਮਿਲਾਈਏ ਰਲ਼ ਕੇ।

ਸਾਡੇ ਮਨ ਦੀ ਬਾਤ ਸੁਣੇ ਨਾ,
ਉਸ ਨੂੰ ਹੱਥ ਦਿਖਾਈਏ ਰਲ਼ ਕੇ।

ਲਾਲ ਕਿਲ੍ਹੇ ਦੀ ਆਕੜ ਭੰਨੀਏ,
ਇਸ ਦੇ ਕਿੰਗਰੇ ਢਾਹੀਏ ਰਲ਼ ਕੇ।

ਖੇਤਾਂ ਦੇ ਦੁਸ਼ਮਣ ਸਭ ਲੋਚੀ,
ਕੱਖਾਂ ਵਾਂਗ ਉਡਾਈਏ ਰਲ਼ ਕੇ। #

Share this Article
Leave a comment