ਹੁਣ ਇੰਨ੍ਹਾਂ ਢਾਬਿਆਂ ’ਤੇ ਹੀ ਰੁਕਣਗੀਆਂ PRTC ਦੀਆਂ ਬੱਸਾਂ, ਹੋਵੇਗੀ ਆਮਦਨੀ

Rajneet Kaur
3 Min Read

ਚੰਡੀਗੜ੍ਹ: PRTC ਵੱਲੋਂ ਦਿੱਲੀ ਅਤੇ ਅੰਬਾਲਾ ਸਾਈਡ ਚੱਲ ਰਹੀਆਂ ਆਪਣੀਆਂ ਬੱਸਾਂ ਲਈ ਸਵਾਰੀਆਂ ਦੇ ਖਾਣ-ਪੀਣ ਲਈ ਹੋਟਲ ਅਤੇ ਢਾਬੇ ਤੈਅ ਕੀਤੇ ਗਏ ਹਨ। ਦਿੱਲੀ ਜਾਣ ਵਾਲੀ ਕਿਸੇ ਵੀ ਬੱਸ ਦਾ ਡਰਾਈਵਰ ਇਨ੍ਹਾਂ ਨਿਰਧਾਰਿਤ ਕੀਤੇ ਗਏ ਹੋਟਲਾਂ ਤੋਂ ਬਗੈਰ ਕਿਸੇ ਹੋਰ ਹੋਟਲ ਜਾਂ ਢਾਬੇ ’ਤੇ ਬੱਸ ਨਹੀਂ ਰੋਕ ਸਕੇਗਾ। ਇਹ ਫ਼ੈਸਲਾ ਪੀਆਰਟੀਸੀ ਮੈਨੇਜਮੈਂਟ ਨੇ ਰੈਵੀਨਿਊ ਵਧਾਉਣ ਦੇ ਮਕਸਦ ਨਾਲ ਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ PRTC ਦੀਆਂ ਦਿੱਲੀ ਏਅਰਪੋਰਟ ਵੱਲ ਸਧਾਰਨ, ਐੱਚਵੀਏਸੀ ਅਤੇ ਇੰਟੈਗਰਲ ਕੋਚ ਬੱਸਾਂ ਚੱਲ ਰਹੀਆਂ ਹਨ। ਲੰਮਾ ਸਫ਼ਰ ਹੋਣ ਕਾਰਨ ਸਵਾਰੀਆਂ ਦੀ ਸਹੂਲਤ ਲਈ ਪੀਆਰਟੀਸੀ ਮੈਨੇਜ਼ਮੈਂਟ ਵੱਲੋਂ ਵੱਖ-ਵੱਖ ਹੋਟਲਾਂ ਤੇ ਢਾਬਿਆਂ ਨਾਲ ਇਕਰਾਰਨਾਮਾ ਕੀਤਾ ਗਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੀਆਂ ਬੱਸਾਂ ਉਕਤ ਹੋਟਲਾਂ/ਢਾਬਿਆਂ ’ਤੇ ਹੀ ਰੁਕਣਗੀਆਂ ਤਾ ਜੋਂ ਸਵਾਰੀਆਂ ਖਾਣ-ਪੀਣ ਸਮੇਤ ਹੋਰ ਜ਼ਰੂਰੀ ਸਹੂਲਤਾਂ ਮਿਲ ਸਕਣ।

ਹਰ ਵਾਰ ਰੁਕਣ ’ਤੇ ਹੋਟਲ ਜਾਂ ਢਾਬੇ ਵਾਲੇ ਪੀਆਰਟੀਸੀ ਨੂੰ 100 ਰੁਪਏ ਤੋਂ ਲੈ ਕੇ 225 ਰੁਪਏ ਅਦਾ ਕਰਨਗੇ। ਇਸ ਨਾਲ ਹਰ ਮਹੀਨੇ ਪੀਆਰਟੀਸੀ ਨੂੰ ਚਾਰ ਤੋਂ ਪੰਜ ਲੱਖ ਰੁਪਏ ਦੀ ਆਮਦਨ ਹੋਵੇਗੀ। ਇਸ ਦੇ ਨਾਲ ਹੀ ਜੇ ਬੱਸ ਕਿਸੇ ਹੋਰ ਢਾਬੇ ਜਾਂ ਹੋਟਲ ’ਤੇ ਰੁਕੀ ਤਾਂ ਡਰਾਈਵਰ ਜਾਂ ਕੰਡਕਟਰ ਨੂੰ ਹੀ ਜੁਰਮਾਨਾ ਲਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਦੋਵਾਂ ਵਿਰੁੱਧ ਵਿਭਾਗੀ ਕਾਰਵਾਈ ਤੱਕ ਕਰ ਦਿੱਤੀ ਜਾਵੇਗੀ।

ਪੀਆਰਟੀਸੀ ਵੱਲੋਂ ਇਨ੍ਹਾਂ ਸਧਾਰਨ ਬੱਸਾਂ ਲਈ ਜੰਨਤ ਹਵੇਲੀ ਨਾਲ ਇਕਰਾਰਨਾਮਾ ਕੀਤਾ ਗਿਆ ਹੈ ਅਤੇ ਇਹ ਬੱਸਾਂ ਇੱਥੇ ਹੀ ਰੁਕਣਗੀਆਂ ਅਤੇ ਪੀਆਰਟੀਸੀ ਨੂੰ ਇਸ ਹਵੇਲੀ ਵੱਲੋਂ ਹਰ ਚੱਕਰ ਲਈ 100 ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਐੱਚਵੀਏਸੀ ਅਤੇ ਇੰਟੈਗਰਲ ਕੋਚ ਬੱਸਾਂ ਲਈ ਈਗਲ ਮੋਟਰ ਰਾਜਪੁਰਾ, 70 ਮਾਈਲ ਸਟੋਨ, ਹਵੇਲੀ ਪਾਣੀਪਤ, ਮੂਰਥਲ ਸਮਾਲਖਾਂ ਤੈਅ ਕੀਤੇ ਗਏ ਹਨ। ਦਿੱਲੀ ਜਾਣ ਵਾਲੀਆਂ ਇਹ ਬੱਸਾਂ ਇਨ੍ਹਾਂ ਹੋਟਲਾਂ ਤੋਂ ਬਗੈਰ ਹੋਰ ਕਿਸੇ ਵੀ ਹੋਟਲ ਜਾਂ ਰੇਸਤਰਾਂ ’ਤੇ ਨਹੀਂ ਰੁਕਣਗੀਆਂ।

- Advertisement -

PRTC ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਦਸਿਆ ਕਿ ਇਹ ਕਦਮ ਯਾਤਰੀਆਂ ਦੀ ਸਹੂਲਤ ਲਈ ਚੁੱਕਿਆ ਗਿਆ ਹੈ। ਇਸ ਤੋਂ ਪਹਿਲਾਂ ਕਾਫ਼ੀ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਬੱਸਾਂ ਅਜਿਹੇ ਢਾਬਿਆਂ ’ਤੇ ਰੋਕੀਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਕੋਈ ਰੈਪੂਟੇਸ਼ਨ ਨਹੀਂ ਹੈ। ਇਸ ਤੋਂ ਇਲਾਵਾ ਇਨ੍ਹਾਂ ਢਾਬਿਆਂ ’ਤੇ ਖਾਣ-ਪੀਣ ਲਈ ਵੀ ਕੋਈ ਬਿਹਤਰ ਸਹੂਲਤਾਂ ਨਹੀਂ ਸਨ ਜਿਸ ਕਾਰਨ ਢਾਬਿਆਂ ਦੇ ਖਾਣੇ ਦੀ ਕੁਆਲਿਟੀ ਚੈੱਕ ਕਰਨ ਉਪਰੰਤ ਟੈਂਡਰ ਜਾਰੀ ਕਰ ਕੇ ਇਨ੍ਹਾਂ ਢਾਬਿਆਂ ਤੇ ਹੋਟਲਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਹੋਟਲਾਂ ਸਬੰਧੀ ਵੀ ਖਾਣ-ਪੀਣ ਸਬੰਧੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment