ਪੰਜਾਬ ‘ਚ ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਵਧਾਈਆਂ ਮੁਸ਼ਕਲਾਂ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਵਿੱਚ ਝੋਨੇ ਦੀ ਵਾਢੀ ਦੌਰਾਨ ਮਾਝੇ ਤੇ ਦੋਆਬਾ ਸਣੇ ਇਕ ਦਰਜਨ ਦੇ ਕਰੀਬ ਜ਼ਿਲ੍ਹਿਆਂ ’ਚ ਪਏ ਗੜਿਆਂ ਅਤੇ ਬੇਮੌਸਮੇ ਮੀਂਹ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ।  ਫਸਲ ਦੇ ਨੁਕਸਾਨੇ ਜਾਣ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਖੇਤੀਬਾੜੀ ਵਿਕਾਸ ਅਧਿਕਾਰੀ ਮਜੀਠਾ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਬੇਮੌਸਮੀ ਮੀਂਹ ਤੇ ਗੜੇਮਾਰੀ ਕਾਰਨ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਪੰਜਾਬ ਦੇ ਖੇਤਾਂ ’ਚ ਇਕ ਪਾਸੇ ਝੋਨੇ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ, ਉੱਥੇ ਨਾਲ ਹੀ ਮੰਡੀਆਂ ਵਿੱਚ ਫ਼ਸਲ ਦੀ ਤੁਲਾਈ ਦਾ ਕੰਮ ਵੀ ਜਾਰੀ ਹੈ। ਮੀਂਹ ਤੇ ਗੜਿਆਂ ਨੇ ਮੰਡੀਆਂ ਵਿਚਲੇ ਖਰੀਦ ਪ੍ਰਬੰਧਾਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ ਹੈ, ਜਿੱਥੇ ਖੁੱਲ੍ਹੇ ਆਸਮਾਨ ਹੇਠ ਢੇਰੀ ਕੀਤੀ ਝੋਨੇ ਦੀ ਫ਼ਸਲ ਬਚਾਉਣ ਲਈ ਕਿਸਾਨ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਪਹਿਲਾਂ ਹੀ ਕਿਸਾਨ ਨੂੰ ਫ਼ਸਲਾਂ ’ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਮੰਡੀਆਂ ਵਿੱਚ ਕਈ-ਕਈ ਦਿਨ ਰੁਲਣਾ ਪੈ ਰਿਹਾ ਸੀ, ਹੁਣ ਮੀਂਹ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਸੂਬੇ ’ਚ ਮੀਂਹ ਅਤੇ ਠੰਢੀਆਂ ਹਵਾਵਾਂ ਦਾ ਨਰਮੇ ਦੀ ਫ਼ਸਲ ’ਤੇ ਵੀ ਅਸਰ ਪਿਆ ਹੈ। ਮੀਂਹ ਕਾਰਨ ਜਿੱਥੇ ਨਰਮੇ ਦਾ ਚੁਗਾਈ ਦਾ ਕੰਮ ਰੁਕ ਗਿਆ ਹੈ ਉੱਥੇ ਹੀ ਚੁਗਿਆ ਨਰਮਾ ਵੀ ਭਿੱਜਣ ਕਾਰਨ ਖਰਾਬ ਹੋਣ ਦਾ ਖਦਸ਼ਾ ਹੈ।

ਤਰਨਤਾਰਨ ’ਚ ਵੀ ਸ਼ਨਿਚਰਵਾਰ ਨੂੰ ਭਾਰੀ ਬਰਸਾਤ ਅਤੇ ਗੜੇਮਾਰੀ ਨੇ ਜਨ ਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਜਦੋਂਕਿ ਬਾਸਮਤੀ ਅਤੇ 1121 ਤੋਂ ਇਲਾਵਾ ਝੋਨੇ ਦੀ ਖੜ੍ਹੀ ਫਸਲ ਨੂੰ ਵੱਡੇ ਨੁਕਸਾਨ ਦਾ ਖਦਸ਼ਾ ਕਿਸਾਨਾਂ ਵੱਲੋਂ ਪ੍ਰਗਟਾਇਆ ਜਾ ਰਿਹਾ ਹੈ। ਹਾਲਾਂਕਿ ਖੇਤੀਬਾੜੀ ਵਿਭਾਗ ਇਸ ਨੂੰ ਬਹੁਤਾ ਖਤਰਾ ਨਹੀਂ ਦੱਸ ਰਿਹਾ।

ਦੂਜੇ ਪਾਸੇ ਵੱਡੇ ਅਕਾਰ ਦੇ ਗੜਿਆਂ ਨਾਲ ਵੱਡੀ ਗਿਣਤੀ ਰੁੱਖਾਂ ਦੇ ਪੱਤੇ ਤਕ ਝੜ ਗਏ ਅਤੇ ਖਰਾਬ ਮੌਸਮ ਦੇ ਚਲਦਿਆਂ ਚਿੱਟੇ ਦਿਨ ਰਾਤ ਵਰਗਾ ਹਨੇਰਾ ਛਾਅ ਗਿਆ।

- Advertisement -

Share this Article
Leave a comment