ਨਵੀ ਦਿੱਲੀ : ਨੈਸ਼ਨਲ ਕਾਂਗਰਸ ਨੂੰ 24 ਅਕਬਰ ਰੋਡ, ਦਿੱਲੀ ਵਿਖੇ ਆਪਣਾ ਪੁਰਾਣਾ ਮੁੱਖ ਦਫਤਰ ਅਤੇ 5 ਰਾਏਸੀਨਾ ਰੋਡ ਵਿਖੇ ਯੂਥ ਕਾਂਗਰਸ ਦਫ਼ਤਰ ਖਾਲੀ ਕਰਨ ਦਾ ਨੋਟਿਸ ਜਾਰੀ ਹੋਇਆ ਹੈ। ਰਿਪੋਰਟਾਂ ਅਨੁਸਾਰ, ਪਾਰਟੀ ਨੂੰ 28 ਮਾਰਚ ਤੱਕ ਦੋਵੇਂ ਦਫ਼ਤਰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਹੈ। ਕਾਂਗਰਸ ਨੇ ਇੰਦਰਾ ਭਵਨ ਵਿਖੇ ਆਪਣੇ ਨਵੇਂ ਹੈੱਡਕੁਆਰਟਰ ਦਾ ਉਦਘਾਟਨ ਪਹਿਲਾਂ ਹੀ ਕਰ ਦਿੱਤਾ ਹੈ, ਪਰ ਪੁਰਾਣੇ ਬੰਗਲੇ 24 ਅਕਬਰ ਰੋਡ ਤੋਂ ਅਜੇ ਤੱਕ ਤਬਾਦਲਾ ਨਹੀਂ ਕੀਤਾ ਸੀ। ਇਸ ਕਾਰਨ ਪਾਰਟੀ ਦੀਆਂ ਸਰਗਰਮੀਆਂ ਲਗਾਤਾਰ ਇਸੇ ਥਾਂ ਤੋਂ ਜਾਰੀ ਸਨ।
ਦੂਜੇ ਪਾਸੇ, ਕਾਂਗਰਸ ਨੇਤਾ ਪਵਨ ਖੇੜਾ ਨੇ ਕਿਹਾ, “ਸਾਡੇ 24 ਅਕਬਰ ਰੋਡ ਸਥਿਤ ਦਫ਼ਤਰ ਅਤੇ ਯੂਥ ਕਾਂਗਰਸ ਦੇ ਦਫ਼ਤਰ ਨੂੰ ਇੱਕ ਨੋਟਿਸ ਮਿਲਿਆ ਹੈ। ਅੱਜ ਪੂਰੇ ਦੇਸ਼ ਦੀ ਤਰਜੀਹ ਕੀ ਹੈ? ਦੇਸ਼ ਦੀ ਤਰਜੀਹ ਇਹ ਹੈ ਕਿ ਲੋਕਾਂ ਨੂੰ LPG ਦੀਆਂ ਲਾਈਨਾਂ ਵਿੱਚ ਨਾ ਫਸਣਾ ਪਵੇ, ਕਾਲਾਬਜ਼ਾਰੀ ਵਿੱਚ ਸਿਲੰਡਰ ਨਾ ਖਰੀਦਣਾ ਪਵੇ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਬੋਝ ਨਾ ਉਠਾਉਣਾ ਪਵੇ ਅਤੇ ਮਹਿੰਗਾਈ ਦੀ ਮਾਰ ਨਾ ਝੱਲਣੀ ਪਵੇ। ਸਾਡੇ ਗਰਮ ਮਸਾਲੇ, ਕੇਲੇ, ਅੰਗੂਰ, ਹਲਦੀ ਅਤੇ ਬਾਸਮਤੀ ਚੌਲਾਂ ਦੇ ਕਿਸਾਨ—ਇਨ੍ਹਾਂ ਸਭ ਦੀ ਹਾਲਤ ਅਜੇ ਲਟਕੀ ਹੋਈ ਹੈ। ਇਹੀ ਦੇਸ਼ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ “ਪਰ ਸਰਕਾਰ ਦੀ ਤਰਜੀਹ ਅੱਜ ਤੁਹਾਡੇ ਸਾਹਮਣੇ ਹੈ। ਸਰਕਾਰ ਨੇ ਇਨ੍ਹਾਂ ਸਾਰੇ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਨ ਨੂੰ ਤਰਜੀਹ ਦਿੱਤੀ ਹੈ—ਦੇਸ਼ ਦੀਆਂ ਸੁਰਖੀਆਂ ਨੂੰ ਆਪਣੇ ਹਿਸਾਬ ਨਾਲ ਚਲਾਉਣ ਨੂੰ, ਲੋਕਾਂ ਨੂੰ ਉਲਝਾ ਕੇ ਰੱਖਣ ਨੂੰ, ਅਤੇ ਵਿਰੋਧੀ ਧਿਰ ਦਾ ਮੂੰਹ ਬੰਦ ਕਰਨ ਨੂੰ; ਤਾਂ ਜੋ ਉਹ ਇਨ੍ਹਾਂ ਮੁੱਦਿਆਂ ਨੂੰ ਉਠਾ ਨਾ ਸਕਣ, ਸਵਾਲ ਨਾ ਪੁੱਛ ਸਕਣ, ਪ੍ਰੈੱਸ ਕਾਨਫਰੰਸ ਨਾ ਕਰ ਸਕਣ ”
ਇਸ ਤੋਂ ਇਲਾਵਾ ਦਫ਼ਤਰ ਖਾਲੀ ਕਰਨ ਦੇ ਨੋਟਿਸ ‘ਤੇ ਪਾਰਟੀ ਸਾਂਸਦ ਇਮਰਾਨ ਮਸੂਦ ਨੇ ਕਿਹਾ, “ਸਰਕਾਰ ਨੂੰ ਲੱਗਦਾ ਹੈ ਕਿ ਸਾਡੇ ‘ਤੇ ਦਬਾਅ ਬਣਾ ਕੇ ਉਹ ਕਾਂਗਰਸ ਨੂੰ ਚੁੱਪ ਕਰਵਾ ਸਕਦੀ ਹੈ। ਉਨ੍ਹਾਂ ਨੂੰ ਸਾਨੂੰ ਡਰਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਕੀ ਉਨ੍ਹਾਂ ਨੇ 11, ਅਸ਼ੋਕ ਰੋਡ ਜਾਂ ਪੰਤ ਮਾਰਗ ਸਥਿਤ ਭਾਜਪਾ (BJP) ਦਾ ਦਫ਼ਤਰ ਖਾਲੀ ਕਰਵਾਇਆ ਹੈ? ਕਿਉਂਕਿ ਉਹ ਈਰਾਨ ਜੰਗ ਦੇ ਮਾਮਲੇ ਵਿੱਚ ਕੁਝ ਵੀ ਨਹੀਂ ਕਰ ਸਕੇ ਹਨ, ਇਸ ਲਈ ਉਹ ਇਸ ਮੁੱਦੇ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।”

