ਦੰਦਾਂ ਦੀ ਸਫ਼ਾਈ ਦਾ ਧਿਆਨ ਨਾ ਦੇਣਾ ਸੱਦਾ ਦੇ ਸਕਦੈ ਅਣਗਿਣਤ ਬਿਮਾਰੀਆਂ ਨੂੰ

TeamGlobalPunjab
3 Min Read

ਨਿਊਜ਼ ਡੈਸਕ – ਮੋਤੀਆਂ ਵਾਂਗ ਚਮਕਦੇ ਦੰਦਾਂ ਦਾ ਮਹੱਤਵ ਕੇਵਲ ਇਨਸਾਨ ਦੇ ਚਿਹਰੇ ਦੀ ਸੁੰਦਰਤਾ  ‘ਚ ਵਾਧਾ ਕਰਨ ਤਕ ਹੀ ਸੀਮਤ ਨਹੀਂ ਹੁੰਦਾ, ਬਲਕਿ ਇਸ ਨਾਲ ਉਸ ਦੇ ਦਿਲ ਤੇ ਫੇਫੜਿਆਂ ਨੂੰ ਵੀ ਤੰਦਰੁਸਤ ਰੱਖਣ  ‘ਚ ਮਦਦ ਮਿਲਦੀ ਹੈ। ਜੋ ਲੋਕ ਜਾਣੇ-ਅਨਜਾਣੇ ਦੰਦਾਂ ਤੇ ਮੂੰਹ ਦੀ ਸਫ਼ਾਈ ਦਾ ਧਿਆਨ ਨਹੀਂ ਰੱਖਦੇ, ਉਹ ਦਿਲ ਤੇ ਫੇਫੜਿਆਂ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੁੰਦੇ ਹਨ।

ਜੇ ਤੁਸੀਂ ਆਪਣੀ ਜ਼ਿੰਦਗੀ ਨਾਲ ਪਿਆਰ ਕਰਦੇ ਹੋ ਤਾਂ ਆਪਣੇ ਦੰਦਾਂ ਤੇ ਮੂੰਹ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿਓ। ਅਮਰੀਕੀ ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਦੰਦਾਂ ’ਤੇ ਜੰਮੀ ਮੈਲ ਫੇਫੜਿਆਂ  ‘ਚ ਪਹੁੰਚ ਕੇ ਬੇਹੱਦ ਜਾਨਲੇਵਾ ਕਿਸਮ ਦੇ ਨਿਮੋਨੀਏ ਦਾ ਸਬੱਬ ਬਣ ਸਕਦੀ ਹੈ। ਇਸ ਅਧਿਐਨ ਦੇ ਮੁਖੀ ਡਾ. ਅਲੀ ਇੱਲ ਸਲਾਹ ਮੁਤਾਬਿਕ ਇਹ ਪਹਿਲਾ ਅਧਿਐਨ ਹੈ ਜਿਸ  ‘ਚ ਦੰਦਾਂ ਦੀ ਸਫ਼ਾਈ ਨਾਲ ਫੇਫੜਿਆਂ ਦੀ ਇਨਫੈਕਸ਼ਨ ਦਾ ਸਿੱਧਾ ਸਬੰਧ ਸਾਹਮਣੇ ਆਇਆ ਹੈ।

ਦੱਸ ਦਈਏ ਡਾ. ਅਲੀ ਕੋਲ 49 ਇਹੋ ਜਿਹੇ ਮਰੀਜ਼ ਆਏ ਜਿਨ੍ਹਾਂ ਨੂੰ ਨਿਮੋਨੀਆ ਦੇ ਰਿਸਕ ਦਰਜੇ  ‘ਚ ਰੱਖਿਆ ਗਿਆ ਸੀ। ਉਨ੍ਹਾਂ ਸਾਰਿਆਂ ਦੇ ਦੰਦਾਂ ’ਤੇ ਜੰਮੀ ਮੈਲ ਦੀ ਜਾਂਚ ਕੀਤੀ ਗਈ। 28 ਮਰੀਜ਼ਾਂ  ‘ਚ ਨਿਮੋਨੀਆ ਲਈ ਉਨ੍ਹਾਂ ਦੇ ਦੰਦਾਂ ਦੀ ਮੈਲ ਹੀ ਜ਼ਿੰਮੇਵਾਰ ਪਾਈ ਗਈ ਜਦਕਿ 21 ਵਿਅਕਤੀਆਂ ਦੇ ਦੰਦਾਂ ਦੀ ਮੈਲ  ‘ਚ ਨਿਮੋਨੀਆ ਦੇ ਕੀਟਾਣੂ ਮੌਜੂਦ ਨਹੀਂ ਸਨ।

ਜਾਣਕਾਰੀ ਦਿੰਦਿਆਂ ਮਾਹਿਰਾਂ ਦੱਸਿਆ ਦੰਦਾਂ ਤੇ ਮੂੰਹ ਦੀ ਸਫ਼ਾਈ ਨਾ ਕਰਨਾ ਦਿਲ ਦੇ ਦੌਰੇ ਨੂੰ ਬੁਲਾਵਾ ਦੇਣਾ ਹੈ। ਅਮਰੀਕਨ ਅਕੈਡਮੀ ਆਫ਼ ਬੋਡੋਂਟੋਲਾਜੀ ਦੇ ਪ੍ਰਤੀਨਿਧ ਵਿਨਸੇਂਟ ਲੋਕੋਨੋ ਦਾ ਕਹਿਣਾ ਹੈ ਕਿ ਦੂਸ਼ਿਤ ਤੱਤ ਮੂੰਹ ਰਾਹੀਂ ਧਮਣੀਆਂ ਤਕ ਪਹੁੰਚਦੇ ਹਨ ਤੇ ਦਿਲ ਦੀਆਂ ਧਮਣੀਆਂ  ‘ਚ ਜਾ ਕੇ ਉਨ੍ਹਾਂ ਨੂੰ ਪ੍ਰਦੂਸ਼ਿਤ ਕਰਦੇ ਹਨ ਤੇ ਇਸ ਨਾਲ ਉੱਥੇ ਕਈ ਪ੍ਰਕਾਰ ਦੀਆਂ ਤਬਦੀਲੀਆਂ ਵਾਪਰਦੀਆਂ ਹਨ, ਜੋ ਦਿਲ ਦੇ ਦੌਰੇ ਦਾ ਕਾਰਨ ਬਣ ਸਕਦੀਆਂ ਹਨ। ਇਸੇ ਲਈ ਮੂੰਹ ਤੇ ਦੰਦਾਂ ਦੀ ਸਫ਼ਾਈ ਦੀ ਅਣਦੇਖੀ ਜਾਨਲੇਵਾ ਸਾਬਤ ਹੋ ਸਕਦੀ ਹੈ। ਸਿਹਤਮੰਦ ਬਣੇ ਰਹਿਣ ਲਈ ਮੂੰਹ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

- Advertisement -

ਜਿਹੜੀਆਂ ਗਰਭਵਤੀ ਔਰਤਾਂ ਕਾਫ਼ੀ ਸਮੇਂ ਤੋਂ ਮਸੂੜ੍ਹਿਆਂ ਦੀਆਂ ਬਿਮਾਰੀਆਂ ਤੋਂ ਪੀੜਤ ਹੁੰਦੀਆਂ ਹਨ, ਉਨ੍ਹਾਂ  ‘ਚ ਬੱਚੇ ਨੂੰ ਸਮੇਂ ਤੋਂ ਪਹਿਲਾਂ ਜਨਮ ਦੇਣ ਦੀਆਂ ਚਾਰ ਤੋਂ ਸੱਤ ਗੁਣਾਂ ਵੱਧ ਸੰਭਾਵਨਾਵਾਂ ਹੁੰਦੀਆਂ ਹਨ। ਦੂਜਾ ਗਰਭਵਤੀ ਔਰਤਾਂ  ‘ਚ ਹਾਰਮੋਨਲ ਪਰਿਵਰਤਨਾਂ ਕਾਰਨ ਕਈ ਵਾਰ ਮਸੂੜ੍ਹੇ ਸੁੱਜ ਜਾਂਦੇ ਹਨ ਤੇ ਸੋਜ਼ਸ਼ ਪੈਦਾ ਕਰਨ ਵਾਲੇ ਬੈਕਟੀਰੀਆ, ਖ਼ੂਨ ਦੀ ਮੁੱਖ ਧਾਰਾ  ‘ਚ ਦਾਖ਼ਲ ਹੋ ਕੇ ਅਣਜੰਮੇ ਬੱਚੇ ਤਕ ਪਹੁੰਚ ਸਕਦੇ ਹਨ।

ਇਸਤੋਂ ਇਲਾਵਾ ਦੰਦਾਂ ਤੇ ਮੂੰਹ ਦੀ ਸਫ਼ਾਈ ਪ੍ਰਤੀ ਅਣਗਹਿਲੀ ਮੂੰਹ ਦੇ ਕੈਂਸਰ ਨੂੰ ਵੀ ਜਨਮ ਦੇ ਸਕਦੀ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਚਿਹਰੇ ਦਾ ਜਲੌਅ ਕਾਇਮ ਰਹੇ, ਹੱਸਣ ਤੇ ਬੋਲਣ ਲੱਗਿਆ ਮੂੰਹੋਂ ਫੁੱਲ ਕਿਰਦੇ ਰਹਿਣ ਤੇ ਸਰੀਰ ਹਰ ਪੱਖੋਂ ਚੁਸਤ-ਦਰੁਸਤ ਰਹੇ ਤਾਂ ਤੁਹਾਨੂੰ ਆਪਣੇ ਦੰਦਾਂ ਦੀ ਸਫ਼ਾਈ ਵੱਲ ਧਿਆਨ ਦੇਣਾ ਚਾਹੀਦਾ।

Share this Article
Leave a comment