ਨਵੀਂ ਦਿੱਲੀ : ਨਿਰਭਯਾ ਸਮੂਹਿਕ ਜਬਰ ਜਨਾਹ ਮਾਮਲੇ ‘ਚ ਚਾਰਾਂ ਦੋਸ਼ੀਆਂ ‘ਚੋਂ ਇੱਕ ਪਵਨ ਗੁਪਤਾ ਦੀ ਕਿਊਰੇਟਿਵ ਪਟੀਸ਼ਨ ‘ਤੇ ਸੁਪਰੀਮ ਕੋਰਟ ਅੱਜ ਸੋਮਵਾਰ ਸੁਣਵਾਈ ਕਰੇਗਾ। ਜੱਜ ਐਨ.ਵੀ. ਰਮਨਾ, ਅਰੁਣ ਮਿਸ਼ਰਾ, ਆਰ.ਐਫ. ਨਰੀਮਨ, ਆਰ. ਭਾਨੁਮਤੀ ਅਤੇ ਅਸ਼ੋਕ ਭੂਸ਼ਣ ਦੀ ਬੈਂਚ ਜੱਜ ਰਮਨਾ ਦੇ ਚੈਂਬਰ ‘ਚ ਕਿਊਰੇਟਿਵ ਪਟੀਸ਼ਨ ‘ਤੇ ਸੁਣਵਾਈ ਕਰੇਗੀ।
ਦਾਇਰ ਪਟੀਸ਼ਨ ‘ਚ ਦੋਸ਼ੀ ਪਵਨ ਨੇ ਘਟਨਾ ਸਮੇਂ ਆਪਣੇ ਨਾਬਾਲਗ ਹੋਣ ਦਾ ਹਵਾਲਾ ਦਿੰਦਿਆਂ ਸੁਪਰੀਮ ਕੋਰਟ ਤੋਂ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੀ ਮੰਗ ਕੀਤੀ ਹੈ। ਦੋਸ਼ੀ ਪਵਨ ਗੁਪਤਾ ਦੇ ਵਕੀਲ ਏ.ਪੀ. ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਦਿਨੀਂ ਐਤਵਾਰ ਨੂੰ ਸੁਪਰੀਮ ਕੋਰਟ ਦੀ ਰਜਿਸਟਰੀ ‘ਚ ਇੱਕ ਅਰਜ਼ੀ ਦਾਖਲ ਕਰਕੇ ਖੁੱਲ੍ਹੀ ਅਦਾਲਤ ‘ਚ ਪਵਨ ਦੀ ਕਿਊਰੇਟਿਵ ਪਟੀਸ਼ਨ ‘ਤੇ ਸੁਣਵਾਈ ਦੀ ਅਪੀਲ ਕੀਤੀ ਹੈ।
ਬਾਕੀ ਤਿੰਨ ਦੋਸ਼ੀਆਂ ਮੁਕੇਸ਼ ਕੁਮਾਰ, ਵਿਨੈ ਸ਼ਰਮਾ, ਅਕਸ਼ੈ ਦੇ ਸਾਰੇ ਵਿਕਲਪ ਖਤਮ ਹੋ ਚੁੱਕੇ ਹਨ ਤੇ ਜਿਸ ਤੋਂ ਬਾਅਦ ਇਨ੍ਹਾਂ ਤਿੰਨਾਂ ਦੀ ਫਾਂਸੀ ਦਾ ਰਸਤਾ ਬਿਲਕੁਲ ਸਾਫ ਹੋ ਚੁੱਕਾ ਹੈ।
ਦੱਸ ਦੇਈਏ ਕਿ ਅਦਾਲਤ ਨੇ 17 ਫ਼ਰਵਰੀ ਨੂੰ ਚਾਰ ਦੋਸ਼ੀਆਂ ਮੁਕੇਸ਼ ਕੁਮਾਰ ਸਿੰਘ, ਪਵਨ ਗੁਪਤਾ, ਵਿਨੇ ਅਤੇ ਅਕਸ਼ੇ ਕੁਮਾਰ ਵਿਰੁੱਧ ਤੀਜੀ ਵਾਰ ਮੌਤ ਦਾ ਵਾਰੰਟ ਜਾਰੀ ਕੀਤਾ ਹੈ। ਜਿਸ ਤਹਿਤ ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ।
ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ 16 ਦਸੰਬਰ 2012 ਨੂੰ ਦੱਖਣੀ ਦਿੱਲੀ ’ਚ ਰਾਤ ਨੂੰ ਚੱਲਦੀ ਬੱਸ ‘ਚ ਛੇ ਵਿਅਕਤੀਆਂ ਨੇ ਇੱਕ 23 ਸਾਲ ਪੈਰਾ–ਮੈਡੀਕਲ ਵਿਦਿਆਰਥਣ ਨਾਲ ਸਮੂਹਕ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਜਿਸ ਤੋਂ ਬਾਅਦ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਇਲਾਜ ਦੌਰਾਨ ਪੀੜਤ ਮਹਿਲਾ ਦੀ ਮੌਤ ਹੋ ਗਈ ਸੀ।